ਸਮਰਾਲਾ ਚੌਕ ਨੇੜੇ ਐੱਚ. ਪੀ. ਕੰਪਨੀ ਦੇ ਵਿਵਾਦਿਤ ਪੈਟਰੋਲ ਪੰਪ ਦੀ ਵਿਭਾਗੀ ਜਾਂਚ ਦੇ ਹੁਕਮ
Thursday, Aug 15, 2024 - 02:50 PM (IST)
ਲੁਧਿਆਣਾ (ਖੁਰਾਣਾ) : ਸਮਰਾਲਾ ਚੌਕ ਨੇੜੇ ਸਥਿਤ ਹਿੰਦੁਸਤਾਨ ਪੈਟਰੋਲੀਅਮ ਕੰਪਨੀ ਦਾ ਪੈਟਰੋਲ ਮੁੜ ਵਿਵਾਦਾਂ ’ਚ ਘਿਰ ਗਿਆ ਹੈ। ਕਈ ਤਰ੍ਹਾਂ ਦੀ ਜਾਂਚ-ਪੜਤਾਲ ਤੋਂ ਇਸ ਮਾਮਲੇ ਦਾ ਨੋਟਿਸ ਲੈਂਦਿਆਂ ਖੁਰਾਕ ਅਤੇ ਸਪਲਾਈ ਵਿਭਾਗ ਦੇ ਕੰਟਰੋਲਰ ਅਤੇ ਹੋਰ ਕਈ ਵਿਭਾਗਾਂ ਦੇ ਅਧਿਕਾਰੀਆਂ ਨੇ ਇਸ ਮਾਮਲੇ ਦੀ ਵਿਭਾਗੀ ਜਾਂਚ ਦੇ ਹੁਕਮ ਜਾਰੀ ਕੀਤੇ ਹਨ। ਉਕਤ ਮਾਮਲੇ ਸਬੰਧੀ ਖੁਰਾਕ ਤੇ ਸਪਲਾਈ ਵਿਭਾਗ ਦੀ ਕੰਟਰੋਲਰ ਮੈਡਮ ਸ਼ਿਫਾਲੀ ਚੋਪੜਾ ਨੇ ਸਪੱਸ਼ਟ ਕੀਤਾ ਹੈ ਕਿ ਉਹ ਵਿਭਾਗੀ ਕਰਮਚਾਰੀਆਂ ਦੀ ਟੀਮ ਬਣਾ ਕੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਵਾਉਣਗੇ।
ਉਨ੍ਹਾਂ ਕਿਹਾ ਕਿ ਪੰਪ ਦੀ ਬੈਕ ਸਾਈਡ ’ਤੇ ਬਣਾਈ ਇਮਾਰਤ ਦੇ ਨਾਜਾਇਜ਼ ਨਿਰਮਾਣ ’ਚ ਅਣਗਹਿਲੀ ਕਰਨ ਵਾਲਿਆਂ ਵਿਰੁੱਧ ਵਿਭਾਗੀ ਅਤੇ ਕਾਨੂੰਨੀ ਕਾਰਵਾਈ ਕਰਨ ਦੀ ਸਿਫਾਰਿਸ਼ ਕੀਤੀ ਜਾਵੇਗੀ। ਮੈਡਮ ਚੋਪੜਾ ਨੇ ਸਪੱਸ਼ਟ ਕੀਤਾ ਕਿ ਕਿਸੇ ਵੀ ਤੇਲ ਕੰਪਨੀ ਵੱਲੋਂ ਪਾਸ ਕੀਤੇ ਗਏ ਪੈਟਰੋਲ ਪੰਪ ਦੇ ਨਕਸ਼ੇ ’ਚ ਕਿਸੇ ਵੀ ਤਰ੍ਹਾਂ ਦੀ ਛੇੜ-ਛਾੜ ਨਹੀਂ ਕੀਤੀ ਜਾ ਸਕਦੀ ਕਿਉਂਕਿ ਇਹ ਪੂਰੀ ਤਰ੍ਹਾਂ ਗੈਰ-ਕਾਨੂੰਨੀ ਕਾਰਵਾਈ ਹੈ।
ਕਈ ਅਫਸਰਾਂ ਦੇ ਚਿਹਰੇ ਹੋ ਸਕਦੇ ਬੇਨਕਾਬ
ਉਕਤ ਗੰਭੀਰ ਮਾਮਲੇ ਨੂੰ ਲੈ ਕੇ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਪੈਟਰੋਲ ਪੰਪ ਦੇ ਪਿਛਲੇ ਪਾਸੇ ਬਣੀ ਇਮਾਰਤ ਦੇ ਮਾਮਲੇ 'ਚ ਖੁਰਾਕ ਤੇ ਸਪਲਾਈ ਵਿਭਾਗ ਵੱਲੋਂ ਵਿਜੀਲੈਂਸ ਵਿਭਾਗ ਨਾਲ ਮਿਲ ਕੇ ਕੀਤੀ ਜਾ ਰਹੀ ਜਾਂਚ ਦੌਰਾਨ ਨਗਰ ਨਿਗਮ ਨਾਲ ਸਬੰਧਤ ਕਈ ਅਧਿਕਾਰੀਆਂ , ਹਿੰਦੁਸਤਾਨ ਪੈਟਰੋਲੀਅਮ ਕੰਪਨੀ ਅਤੇ ਹੋਰ ਕਈ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਚਿਹਰਿਆਂ ’ਤੇ ਪਾਏ ਗਏ ਇਮਾਨਦਾਰੀ ਦੇ ਨਕਾਬ ਦਾ ਪਰਦਾਫਾਸ਼ ਹੋ ਸਕਦਾ ਹੈ ਕਿਉਂਕਿ ਇਸ ਮਾਮਲੇ ਦੀ ਜਾਂਚ ਨਗਰ ਨਿਗਮ ਅਤੇ ਹੋਰ ਵਿਭਾਗਾਂ ਦੇ ਅਧਿਕਾਰੀਆਂ ਵੱਲੋਂ ਕੀਤੀ ਜਾ ਰਹੀ ਹੈ।