ਮਾਲਵਾ 'ਚ ਕਈ ਪੰਪਾਂ 'ਤੇ ਖ਼ਤਮ ਹੋਇਆ ਪੈਟਰੋਲ-ਡੀਜ਼ਲ, ਲੋਕਾਂ 'ਚ ਮਾਰੋ-ਮਾਰੀ, ਦੇਖੋ ਮੌਕੇ ਦੀਆਂ ਤਸਵੀਰਾਂ
Tuesday, Jan 02, 2024 - 03:43 PM (IST)
ਚੰਡੀਗੜ੍ਹ : ਕੇਂਦਰ ਸਰਕਾਰ ਦੇ ਫ਼ੈਸਲੇ ਖ਼ਿਲਾਫ਼ ਵੱਖ-ਵੱਖ ਡਰਾਈਵਰ ਯੂਨੀਅਨਾਂ ਵੱਲੋਂ ਹੜਤਾਲ 'ਤੇ ਜਾਣ ਮਗਰੋਂ ਪੂਰੇ ਪੰਜਾਬ 'ਚ ਪੈਟਰੋਲ ਪੰਪਾਂ 'ਤੇ ਹਾਲਾਤ ਤਣਾਅਪੂਰਨ ਹੁੰਦੇ ਜਾ ਰਹੇ ਹਨ ਅਤੇ ਲੋਕਾਂ ਦੀਆਂ ਲੰਬੀਆਂ ਲਾਈਨਾਂ ਤੇਲ ਭਰਵਾਉਣ ਲਈ ਲੱਗੀਆਂ ਹੋਈਆਂ ਹਨ। ਮਾਲਵਾ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਵੀ ਲੋਕਾਂ ਨੂੰ ਪੈਟਰੋਲ-ਡੀਜ਼ਲ ਖ਼ਤਮ ਹੋਣ ਦਾ ਡਰ ਸਤਾ ਰਿਹਾ ਹੈ।
ਟਰੱਕ ਡਰਾਈਵਰਾਂ ਦੀ ਹੜਤਾਲ ਕਾਰਨ ਬਠਿੰਡਾ 'ਚ 50 ਫ਼ੀਸਦੀ ਪੈਟਰੋਲ ਪੰਪ ਡਰਾਈ ਹੋ ਚੁੱਕੇ ਹਨ ਅਤੇ ਡਰਾਈਵਰਾਂ ਵੱਲੋਂ ਕੇਂਦਰ ਸਰਕਾਰ ਖ਼ਿਲਾਫ਼ ਲਗਾਤਾਰ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ। ਉੱਥੇ ਹੀ ਫਿਰੋਜ਼ਪੁਰ 'ਚ ਵੀ ਪੈਟਰੋਲ ਪੰਪਾਂ 'ਤੇ ਲੋਕਾਂ ਦੀ ਭੀੜ ਲੱਗੀ ਹੋਈ ਹੈ।
ਮਾਨਸਾ 'ਚ ਵੀ ਇਹੋ ਜਿਹੇ ਹੀ ਹਾਲਾਤ ਹਨ। ਇੱਥੇ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਹੜਤਾਲ ਨਾ ਖੁੱਲ੍ਹੀ ਤਾਂ ਤੇਲ ਦੀ ਕਿੱਲਤ ਆ ਜਾਵੇਗੀ, ਜਿਸ ਕਾਰਨ ਉਨ੍ਹਾਂ ਨੂੰ ਬਹੁਤ ਮੁਸ਼ਕਲ ਹੋਣ ਵਾਲੀ ਹੈ। ਫਰੀਦਕੋਟ ਦੇ ਲੋਕਾਂ ਨੂੰ ਵੀ ਭੱਜਦੌੜ ਮਚੀ ਹੋਈ ਹੈ।
ਇੱਥੇ ਲੋਕਾਂ ਨੇ ਤੇਲ ਨੂੰ ਸਟਾਕ ਕਰਨਾ ਸ਼ੁਰੂ ਕਰ ਦਿੱਤਾ ਹੈ। ਪੈਟਰੋਲ ਪੰਪ ਮਾਲਕਾਂ ਦਾ ਕਹਿਣਾ ਹੈ ਕਿ ਪੰਪਾਂ 'ਤੇ 3-4 ਦਿਨਾਂ ਦਾ ਸਟਾਕ ਹੁੰਦਾ ਹੈ ਪਰ ਜੇਕਰ ਇਸ ਤਰ੍ਹਾਂ ਲੋਕ ਤੇਲ ਜਮ੍ਹਾਂ ਕਰਨ ਲੱਗ ਪਏ ਤਾਂ ਸ਼ਾਇਦ ਇਹ 1-2 ਦਿਨ ਹੀ ਹੋਰ ਰਹਿ ਸਕਦਾ ਹੈ।
ਪਟਿਆਲਾ 'ਚ ਕਈ ਥਾਵਾਂ 'ਤੇ ਪੈਟਰੋਲ-ਡੀਜ਼ਲ ਬਿਲਕੁਲ ਹੀ ਖ਼ਤਮ ਹੋ ਚੁੱਕਾ ਹੈ, ਜਿਸ ਕਾਰਨ ਲੋਕਾਂ ਨੂੰ ਕਾਫੀ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੁਧਿਆਣਾ 'ਚ ਤਾਂ ਪੈਟਰੋਲ ਪੰਪਾਂ 'ਤੇ ਵਾਹਨ ਚਾਲਕ ਇਕ-ਦੂਜੇ ਨੂੰ ਗਾਲੀ-ਗਲੌਚ ਕਰਨ ਤੱਕ ਉਤਰ ਆਏ ਹਨ।
ਇਹ ਵੀ ਪੜ੍ਹੋ : ਚੰਡੀਗੜ੍ਹ-ਮੋਹਾਲੀ ਦੇ ਪੈਟਰੋਲ ਪੰਪਾਂ 'ਤੇ ਵੀ ਮਚੀ ਹਾਹਾਕਾਰ, ਜਾਮ ਵਰਗੇ ਹਾਲਾਤ (ਤਸਵੀਰਾਂ)
ਜਾਣੋ ਕੀ ਹੈ ਪੂਰਾ ਮਾਮਲਾ
ਭਾਰਤ ਸਰਕਾਰ ਨੇ ਹਾਲ ਹੀ ’ਚ ਬ੍ਰਿਟਿਸ਼ ਇੰਡੀਅਨ ਪੈਨਲ ਕੋਡ ਨੂੰ ਭਾਰਤੀ ਸਜ਼ਾ ਜ਼ਾਫਤਾ ’ਚ ਬਦਲਦੇ ਹੋਏ ਕਾਨੂੰਨ ’ਚ ਕਈ ਸਖ਼ਤ ਬਦਲਾਅ ਕੀਤੇ ਹਨ। ਉਨ੍ਹਾਂ ’ਚ ਇਕ ਮੁੱਖ ਬਦਲਾਅ ਸੜਕ ਹਾਦਸਿਆਂ ’ਚ ਹੋਣ ਵਾਲੀਆਂ ਮੌਤਾਂ ਨਾਲ ਸਬੰਧਿਤ ਹੈ।
ਦੇਸ਼ ’ਚ ਸੜਕ ਹਾਦਸਿਆਂ ’ਚ ਹੋਣ ਵਾਲੀਆਂ ਮੌਤਾਂ ਦਾ ਅੰਕੜਾ 5 ਲੱਖ ਨੂੰ ਪਾਰ ਕਰ ਗਿਆ ਹੈ। ਇਸ ਲਈ ਹੁਣ ‘ਹਿੱਟ ਐਂਡ ਰਨ’ ਕੇਸਾਂ ’ਚ ਸਜ਼ਾ ਦੀ ਵਿਵਸਥਾ ਨੂੰ 2 ਸਾਲ ਤੋਂ ਵਧਾ ਕੇ 10 ਸਾਲ ਕਰ ਦਿੱਤੀ ਗਈ ਹੈ। ਇਸ ਦੇ ਵਿਰੋਧ ਵਿੱਚ ਦੇਸ਼ ਭਰ ਦੀਆਂ ਟਰਾਂਸਪੋਰਟ ਜੱਥੇਬੰਦੀਆਂ ਨੇ ਹੜਤਾਲ ਕਰ ਦਿੱਤੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8