ਪੰਜਾਬ ਵਿਚ ਪੈਟਰੋਲ ਤੇ ਡੀਜ਼ਲ 2 ਰੁਪਏ ਮਹਿੰਗਾ

05/06/2020 1:17:21 AM

ਚੰਡੀਗੜ੍ਹ (ਬਿਊਰੋ)- ਪੰਜਾਬ ਵਿਚ ਪੈਟਰੋਲ ਤੇ ਡੀਜ਼ਲ 'ਤੇ ਵੈਟ ਵਧਾ ਦਿੱਤਾ ਗਿਆ ਹੈ। ਵੈਟ ਦੀ ਰ ਵਿਚ ਵਾਧੇ ਨਾਲ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 2 ਰੁਪਏ ਪ੍ਰਤੀ ਲਿਟਰ ਤੱਕ ਵਧ ਗਈਆਂ ਹਨ। ਕੀਮਤਾਂ ਵਿਚ ਵਾਧੇ ਦਾ ਫੈਸਲਾ 5 ਮਈ ਦੇਰ ਰਾਤ ਤੋਂ ਲਾਗੂ ਕਰ ਦਿੱਤਾ ਗਿਆ ਹੈ। ਪੰਜਾਬ ਵਿਚ ਪੈਟਰੋਲ 'ਤੇ 20.1 ਫੀਸਦੀ ਅਤੇ ਡੀਜ਼ਲ 'ਤੇ 11.8 ਫੀਸਦੀ ਟੈਕਸ ਲੱਗਦਾ ਹੈ, ਜਿਸ ਨੂੰ ਵਧਾ ਕੇ ਲਗਭਗ 23.30 ਫੀਸਦੀ ਕਰ ਦਿੱਤਾ ਗਿਆ ਹੈ। ਪੈਟਰੋਲ ਦੀਆਂ ਕੀਮਤਾਂ ਦਾ ਤੈਅ ਡੀਲਰ ਨੂੰ ਰਿਫਾਇਨਰੀ ਤੋਂ ਮਿਲਣ ਵਾਲੇ ਪੈਟਰੋਲ ਅਤੇ ਡੀਜ਼ਲ ਉਪਰ ਐਕਸਾਈਜ਼ ਡਿਊਟੀ ਅਤੇ ਡੀਲਰ ਦੀ ਕਮਿਸ਼ਨ ਮਿਲਾ ਕੇ ਹੁੰਦੀ ਹੈ ਅਤੇ ਇਸ ਰਾਸ਼ੀ 'ਤੇ ਸੂਬਾ ਸਰਕਾਰ ਵੈਟ ਲਗਾਉਂਦੀ ਹੈ। ਪੰਜਾਬ ਵਿਚ ਇਸੇ ਵੈਟ ਦੀਆਂ ਦਰਾਂ ਵਿਚ ਵਾਧਾ ਕੀਤਾ ਗਿਆ ਹੈ।

ਕੇਂਦਰ ਸਰਕਾਰ ਨੇ ਪੈਟਰੋਲ 'ਤੇ 10 ਰੁਪਏ ਅਤੇ ਡੀਜ਼ਲ 'ਤੇ 13 ਰੁਪਏ ਐਕਸਾਈਜ਼ ਵਧਾਇਆ
ਨਵੀਂ ਦਿੱਲੀ (ਬਿਊਰੋ)- ਕੌਮਾਂਤਰੀ ਬਾਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ ਵਿਚ ਭਾਰੀ ਗਿਰਾਵਟ ਦੇ ਚੱਲਦੇ ਕਰੂਡ 'ਤੇ ਲਗਾਏ ਜਾਣ ਵਾਲੇ ਦਰਾਮਦਗੀ ਟੈਕਸ ਨਾਲ ਹੋਣ ਵਾਲੇ ਨੁਕਸਾਨ ਦੀ ਭਰਪਾ ਲਈ ਕੇਂਦਰ ਸਰਕਾਰ ਨੇ ਪੈਟਰੋਲ ਦੀਆਂ ਕੀਮਤਾਂ 'ਤੇ 10 ਰੁਪਏ ਅਤੇ ਡੀਜ਼ਲ ਦੀਆਂ ਕੀਮਤਾਂ 'ਤੇ 13 ਰੁਪਏ ਪ੍ਰਤੀ ਲਿਟਰ ਐਕਸਾਈਜ਼ ਦਰ ਵਧਾ ਦਿੱਤੀ ਹੈ। ਹਾਲਾਂਕਿ ਵਧੀਆਂ ਹੋਈਆਂ ਕੀਮਤਾਂ ਨਾਲ ਜਨਤਾ 'ਤੇ ਕੋਈ ਬੋਝ ਨਹੀਂ ਪਵੇਗਾ ਅਤੇ ਦੇਸ਼ ਵਿਚ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਜਿਵੇਂ ਦੀਆਂ ਤਿਵੇਂ ਹੀ ਰਹਿਣਗੀਆਂ।

ਮਾਰਚ ਮਹੀਨੇ ਵਿਚ ਇੰਡੀਅਰ ਕਰੂਡ ਬਾਸਕਟ ਦੀ ਕੀਮਤ 33.36 ਡਾਲਰ ਪ੍ਰਤੀ ਬੈਰਲ ਸੀ ਜੋ ਅਪ੍ਰੈਲ ਵਿਚ ਘੱਟ ਹੋ ਕੇ ਔਸਤਨ 19.90 ਡਾਲਰ ਪ੍ਰਤੀ ਬੈਰਲ ਰਹਿ ਗਈ। ਕੱਚੇ ਤੇਲ ਦੀਆਂ ਕੀਮਤਾਂ ਵਿਚ ਇੰਨੀ ਭਾਰੀ ਗਿਰਾਵਟ ਦੇ ਚੱਲਦੇ ਕੇਂਦਰ ਸਰਕਾਰ ਨੂੰ ਦਰਾਮਦਗੀ ਫੀਸ ਨਾਲ ਹੋਣ ਵਾਲੇ ਮਾਲੀਏ ਦਾ ਨੁਕਸਾਨ ਹੋ ਰਿਹਾ ਸੀ ਇਸੇ ਨੁਕਸਾਨ ਦੀ ਭਰਪਾਈ ਲਈ ਪੈਟਰੋਲ ਡੀਜ਼ਲ 'ਤੇ ਐਕਸਾਈਜ਼ ਦੀ ਦਰ ਵਧਾ ਦਿੱਤੀ ਗਈ ਹੈ।
 


Sunny Mehra

Content Editor

Related News