ਪੈਟਰੋਲ ਪਾ ਕੇ ਜ਼ਿੰਦਾ ਸਾੜੀ ਪ੍ਰੇਮਿਕਾ ਨੇ ਦਮ ਤੋੜਿਆ
Friday, Jun 29, 2018 - 07:46 AM (IST)

ਜਲੰਧਰ, (ਮਹੇਸ਼)— ਪ੍ਰੇਮੀ ਵੱਲੋਂ ਪੈਟਰੋਲ ਪਾ ਕੇ ਜ਼ਿੰਦਾ ਸਾੜੀ ਗਈ ਉਸਦੀ ਪ੍ਰੇਮਿਕਾ ਨੇ ਅੱਜ ਇਲਾਜ ਦੌਰਾਨ ਸਿਵਲ ਹਸਪਤਾਲ 'ਚ ਦਮ ਤੋੜ ਦਿੱਤਾ। 70 ਫੀਸਦੀ ਤੋਂ ਜ਼ਿਆਦਾ ਝੁਲਸੀ ਹੋਈ ਰਜਨੀ ਨਾਂ ਦੀ ਔਰਤ ਬੁੱਧਵਾਰ ਤੋਂ ਹੀ ਜ਼ਿੰਦਗੀ ਤੇ ਮੌਤ ਨਾਲ ਲੜ ਰਹੀ ਸੀ। ਮ੍ਰਿਤਕਾ ਰਜਨੀ ਜਗਜੀਤ ਕਾਲੋਨੀ ਦਕੋਹਾ 'ਚ ਆਪਣੇ ਡੇਢ ਸਾਲ ਦੇ ਬੱਚੇ ਸਮੇਤ ਕਿਰਾਏ ਦੇ ਕਮਰੇ ਵਿਚ ਪਿਛਲੇ ਕੁਝ ਮਹੀਨਿਆਂ ਤੋਂ ਰਹਿ ਰਹੀ ਸੀ ਜਦਕਿ ਉਸਦਾ ਪਤੀ ਸੰਜੀਵ ਕੁਮਾਰ ਵੱਖ ਕਿਸੇ ਹੋਰ ਜਗ੍ਹਾ ਰਹਿੰਦਾ ਸੀ ਜੋ ਕਿ ਸਬਜ਼ੀ ਵੇਚਣ ਦਾ ਕੰਮ ਕਰਦਾ ਸੀ। ਰਜਨੀ ਦੇ ਪ੍ਰੇਮੀ ਆਟੋ ਚਾਲਕ ਰਾਜਨ ਉਰਫ ਮੁੰਨਾ ਪੁੱਤਰ ਲਾਲੀ ਵਾਸੀ ਏਕਤਾ ਨਗਰ ਚੁਗਿੱਟੀ ਬੁੱਧਵਾਰ ਨੂੰ ਸਵੇਰੇ ਆਪਣੀ ਪ੍ਰੇਮਿਕਾ ਦੇ ਘਰ 'ਚ ਪੈਟਰੋਲ ਦੀ ਬੋਤਲ ਤੇ ਲਾਈਟਰ ਲੈ ਕੇ ਪਹੁੰਚਿਆ ਤੇ ਉਸ 'ਤੇ ਪੈਟਰੋਲ ਪਾ ਕੇ ਉਸ ਨੂੰ ਜ਼ਿੰਦਾ ਸਾੜ ਦਿੱਤਾ। ਰਜਨੀ ਨੂੰ ਗੰਭੀਰ ਹਾਲਤ 'ਚ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਉਸਦੇ ਬਚਣ ਦੀ ਉਮੀਦ ਨਾ ਹੁੰਦੇ ਹੋਏ ਵੀ ਡਾਕਟਰਾਂ ਨੇ ਉਸਦਾ ਇਲਾਜ ਸ਼ੁਰੂ ਕਰ ਦਿੱਤਾ। ਇਲਾਜ ਦੌਰਾਨ ਉਸ ਨੇ ਮਾਣਯੋਗ ਜੱੱਜ ਦੇ ਸਾਹਮਣੇ ਬਿਆਨ ਦਿੱਤੇ ਸਨ ਕਿ ਰਾਜਨ ਉਸ ਨੂੰ ਵਿਆਹ ਕਰਵਾਉਣ ਲਈ ਮਜਬੂਰ ਕਰ ਰਿਹਾ ਸੀ। ਉਸਦੇ ਮਨ੍ਹਾ ਕਰਨ 'ਤੇ ਉਸ ਨੇ ਉਸ ਨੂੰ ਜ਼ਿੰਦਾ ਸਾੜ ਦਿੱਤਾ।
ਰਾਜਨ ਦੇ ਕਾਰਨ ਹੀ ਉਸ ਦਾ ਪਤੀ ਸੰਜੀਵ ਕੁਮਾਰ ਉਸ ਨੂੰ ਛੱਡ ਕੇ ਵੱਖ ਰਹਿਣ ਲੱਗਾ ਸੀ। ਰਾਜਨ ਨਾਲ ਉਸ ਦੇ ਸਬੰਧ ਜ਼ਰੂਰ ਰਹੇ ਪਰ ਬਾਅਦ 'ਚ ਉਸ ਨੇ ਉਸ ਨੂੰ ਛੱਡ ਦਿੱਤਾ ਤੇ ਆਪਣੇ ਬੱਚੇ ਨਾਲ ਦਕੋਹਾ 'ਚ ਰਹਿਣ ਲੱਗੀ ਪਰ ਰਾਜਨ ਉਸ ਨੂੰ ਪ੍ਰੇਸ਼ਾਨ ਕਰਦਾ ਰਿਹਾ ਤੇ ਆਪਣੇ ਨਾਲ ਚੱਲਣ ਲਈ ਦਬਾਅ ਬਣਾਉਂਦਾ ਰਿਹਾ। ਥਾਣਾ ਰਾਮਾ ਮੰਡੀ ਮੁਖੀ ਰੁਪਿੰਦਰ ਸਿੰਘ ਤੇ ਨੰਗਲ ਸ਼ਾਮਾ ਮੁਖੀ ਏ. ਐੱਸ. ਆਈ. ਰਵਿੰਦਰ ਕੁਮਾਰ ਨੇ ਦੱਸਿਆ ਕਿ ਪੁਲਸ ਨੇ ਬੁੱਧਵਾਰ ਨੂੰ ਰਜਨੀ ਦੇ ਦਿੱਤੇ ਬਿਆਨਾਂ 'ਤੇ ਮੁਲਜ਼ਮ ਰਾਜਨ ਉਰਫ ਮੁੰਨਾ ਖਿਲਾਫ ਹੱਤਿਆ ਦੀ ਕੋਸ਼ਿਸ਼ ਦਾ ਮਾਮਲਾ ਥਾਣਾ ਰਾਮਾ ਮੰਡੀ 'ਚ ਦਰਜ ਕੀਤਾ ਸੀ ਜਿਸ ਨੂੰ ਅੱਜ ਹੱਤਿਆ ਦੀ ਧਾਰਾ 302 'ਚ ਬਦਲ ਦਿੱਤਾ ਗਿਆ ਹੈ।
ਮੁਲਜ਼ਮ ਮੁੰਨਾ ਦੀ ਪਾਈ ਗਈ ਗ੍ਰਿਫਤਾਰੀ— ਮੁਲਜ਼ਮ ਮੁੰਨਾ ਨੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਖੁਦ ਆਪਣੇ ਪੇਟ 'ਚ ਬਲੇਡ ਮਾਰ ਲਏ ਸਨ ਤੇ ਗੰਭੀਰ ਹਾਲਤ 'ਚ ਸਿਵਲ ਹਸਪਤਾਲ ਪਹੁੰਚ ਗਿਆ ਸੀ। ਉਸ ਨੇ ਪੁਲਸ ਨੂੰ ਦੱਸਿਆ ਕਿ ਰਜਨੀ ਨੇ ਉਸ ਤੋਂ 2 ਲੱਖ ਰੁਪਏ ਦੀ ਮੰਗ ਕੀਤੀ ਸੀ ਤੇ ਪੂਰਾ ਨਾ ਕਰਨ 'ਤੇ ਉਸ 'ਤੇ ਜਬਰ-ਜ਼ਨਾਹ ਦੇ ਕੇਸ 'ਚ ਫਸਾ ਦੇਣ ਦੀ ਧਮਕੀ ਦਿੱਤੀ ਸੀ ਜਿਸ ਕਾਰਨ ਉਸ ਨੂੰ ਉਸਦੇ ਘਰ ਜਾ ਕੇ ਗਲਤ ਕਦਮ ਚੁੱਕਣ ਲਈ ਮਜਬੂਰ ਹੋਣਾ ਪਿਆ। ਮੁਲਜ਼ਮ ਮੁੰਨਾ ਹੁਣ ਵੀ ਹਸਪਤਾਲ 'ਚ ਦਾਖਲ ਹੈ। ਪੁਲਸ ਨੇ ਉਸਦੀ ਗ੍ਰਿਫਤਾਰੀ ਨਹੀਂ ਦਿਖਾਈ। ਪੁਲਸ ਦੀ ਕਸਟਡੀ 'ਚ ਉਸਦਾ ਇਲਾਜ ਚੱਲ ਰਿਹਾ ਹੈ।