ਤੁਸੀਂ ਵੀ ਘਰੇ ਰੱਖੇ ਨੇ ਪਾਲਤੂ ਜਾਨਵਰ ਤਾਂ ਇਹ ਖਬਰ ਹੈ ਤੁਹਾਡੇ ਲਈ, ਸਰਕਾਰ ਕਰਨ ਜਾ ਰਹੀ ਇਹ ਕੰਮ

Wednesday, Jul 17, 2024 - 09:46 PM (IST)

ਚੰਡੀਗੜ੍ਹ (ਅੰਕੁਰ) : ਪੰਜਾਬ ਦੇ ਪਸ਼ੂ ਪਾਲਣ, ਡੇਅਰੀ ਵਿਕਾਸ ਅਤੇ ਮੱਛੀ ਪਾਲਣ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਪਸ਼ੂ ਪਾਲਣ ਵਿਭਾਗ ਸਤੰਬਰ ਤੋਂ 21ਵੀਂ ਪਸ਼ੂਧਨ ਦੀ ਗਣਨਾ ਕਰਵਾਉਣ ਲਈ ਪੂਰੀ ਤਰ੍ਹਾਂ ਤਿਆਰ ਹੈ। ਕਿਸਾਨ ਭਵਨ ਵਿਖੇ ਵਿਭਾਗ ਦੇ ਚੱਲ ਰਹੇ ਪ੍ਰਾਜੈਕਟਾਂ ਦੀ ਸਮੀਖਿਆ ਲਈ ਸੱਦੀ ਸੂਬਾ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਉਨ੍ਹਾਂ ਕਿਹਾ ਕਿ 2019 ਤੋਂ ਬਾਅਦ ਇਹ ਦੂਜੀ ਵਾਰ ਹੈ ਕਿ ਟੈਬਲੈਟ ਕੰਪਿਊਟਰਾਂ ਦੀ ਵਰਤੋਂ ਰਾਹੀਂ ਪਸ਼ੂਧਨ ਦੀ ਉਨ੍ਹਾਂ ਦੀ ਨਸਲ ਤੇ ਹੋਰ ਵਿਸ਼ੇਸ਼ਤਾਵਾਂ ਅਨੁਸਾਰ ਡਿਜੀਟਲ ਤਰੀਕੇ ਨਾਲ ਗਣਨਾ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਮੁਹੱਈਆ ਕਰਵਾਏ ਗਏ ਅੰਕੜਿਆਂ ਅਨੁਸਾਰ ਸੂਬੇ ’ਚ 64.75 ਲੱਖ ਤੋਂ ਵੱਧ ਪਸ਼ੂਧਨ ਤੇ ਪੋਲਟਰੀ ਜਾਨਵਰਾਂ ਦੀ ਗਣਨਾ ਕੀਤੀ ਜਾਵੇਗੀ।

ਉਨ੍ਹਾਂ ਕਿਹਾ ਕਿ ਇਹ ਪਹਿਲੀ ਵਾਰ ਹੋਵੇਗਾ ਕਿ ਪਾਲਤੂ ਕੁੱਤਿਆਂ ਤੇ ਬਿੱਲੀਆਂ ਦੀ ਵੀ ਉਨ੍ਹਾਂ ਦੀ ਨਸਲ ਅਨੁਸਾਰ ਗਿਣਤੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਗਊਸ਼ਾਲਾਵਾਂ ’ਚ ਪਸ਼ੂਧਨ ਤੇ ਵੱਖ-ਵੱਖ ਕਬੀਲਿਆਂ ਵੱਲੋਂ ਪਾਲੇ ਜਾ ਰਹੇ ਪਸ਼ੂਧਨ ਦੀ ਪਹਿਲੀ ਵਾਰ ਵੱਖਰੇ ਤੌਰ ’ਤੇ ਗਣਨਾ ਕੀਤੀ ਜਾਵੇਗੀ। ਇਸ ਵਿਆਪਕ ਖੇਤਰੀ ਸਰਵੇਖਣ ਲਈ ਇਕ ਸਟੇਟ ਨੋਡਲ ਅਫ਼ਸਰ, ਪੰਜ ਜ਼ੋਨਲ ਨੋਡਲ ਅਫ਼ਸਰ, 23 ਜ਼ਿਲਾ ਨੋਡਲ ਅਫ਼ਸਰ, 392 ਸੁਪਰਵਾਈਜ਼ਰ ਤੇ 1962 ਗਿਣਤੀਕਾਰ ਲਾਏ ਜਾਣਗੇ। ਗਿਣਤੀਕਾਰ ਹਰੇਕ ਘਰ ਦਾ ਦੌਰਾ ਕਰ ਕੇ ਪਸ਼ੂਧਨ ਦੀਆਂ ਨਸਲਾਂ ਤੇ ਹੋਰ ਵਿਸ਼ੇਸ਼ਤਾਵਾਂ ਅਨੁਸਾਰ ਉਨ੍ਹਾਂ ਦੀ ਗਣਨਾ ਕਰਨਗੇ।

ਮੀਟਿੰਗ ਦੌਰਾਨ ਉਨ੍ਹਾਂ ਨੇ ਵੈਟਰਨਰੀ ਸਿਹਤ ਸਹੂਲਤਾਂ, ਓ.ਪੀ.ਡੀ., ਟੀਕਾਕਰਨ ਤੇ ਮਸਨੂਈ ਗਰਭਧਾਰਨ ਸਬੰਧੀ ਕੰਮਕਾਜਾਂ ਦਾ ਜਾਇਜ਼ਾ ਵੀ ਲਿਆ। ਉਨ੍ਹਾਂ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਪਸ਼ੂ ਪਾਲਕਾਂ ਨੂੰ ਕਿਸੇ ਕਿਸਮ ਦੀ ਦਿੱਕਤ ਨਾ ਆਵੇ ਤੇ ਉਨ੍ਹਾਂ ਦੀ ਭਲਾਈ ਵਿਭਾਗ ਦੀ ਪ੍ਰਮੁੱਖ ਤਰਜੀਹ ਹੋਣੀ ਚਾਹੀਦੀ ਹੈ।


DILSHER

Content Editor

Related News