ਕੀਟਨਾਸ਼ਕ ਵਿਕਰੇਤਾਵਾਂ ਨੇ ਦੁਕਾਨਾਂ ਬੰਦ ਕਰ ਕੇ ਸਰਕਾਰ ਖਿਲਾਫ਼ ਜਤਾਇਆ ਰੋਸ

Sunday, Aug 13, 2017 - 05:31 AM (IST)

ਕੀਟਨਾਸ਼ਕ ਵਿਕਰੇਤਾਵਾਂ ਨੇ ਦੁਕਾਨਾਂ ਬੰਦ ਕਰ ਕੇ ਸਰਕਾਰ ਖਿਲਾਫ਼ ਜਤਾਇਆ ਰੋਸ

ਬਠਿੰਡਾ, (ਸੁਖਵਿੰਦਰ)- ਕੀਟਨਾਸ਼ਕ ਵਿਕਰੇਤਾਵਾਂ ਖਿਲਾਫ਼ ਪੰਜਾਬ ਸਰਕਾਰ ਦੇ ਆਦੇਸ਼ਾਂ 'ਤੇ ਕੀਤੀ ਜਾ ਰਹੀ ਪੁਲਸ ਕਾਰਵਾਈ ਖਿਲਾਫ਼ ਬਠਿੰਡਾ ਦੇ ਕੀਟਨਾਸ਼ਕ ਵਿਕਰੇਤਾਵਾਂ ਨੇ ਦੁਕਾਨਾਂ ਬੰਦ ਕਰ ਕੇ ਰੋਸ ਜਤਾਇਆ। ਜਾਣਕਾਰੀ ਦਿੰਦਿਆਂ ਪੈਸਟੀਸਾਈਡ ਐਸੋਸੀਏਸ਼ਨ ਦੇ ਪ੍ਰਧਾਨ ਪਵਨ ਕੁਮਾਰ ਨੇ ਦੱਸਿਆ ਕਿ ਉਹ ਖੇਤੀਬਾੜੀ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਹੀ ਕੀਟਨਾਸ਼ਕ ਦਵਾਈਆਂ ਵੇਚ ਰਹੇ ਹਨ। 
ਇਸ ਤੋਂ ਇਲਾਵਾ ਵਿਭਾਗ ਵੱਲੋਂ ਕੀਟਨਾਸ਼ਕ ਦਵਾਈਆਂ ਦੇ ਸੈਂਪਲ ਭਰਨ 'ਤੇ ਵੀ ਸਾਥ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਬੀਤੇ ਕੁਝ ਦਿਨਾਂ ਤੋਂ ਬਠਿੰਡਾ, ਮੁਕਤਸਰ ਅਤੇ ਫਾਜ਼ਿਲਕਾ ਜ਼ਿਲਿਆਂ 'ਚ ਲੋਕਲ ਅਤੇ ਚੰਡੀਗੜ੍ਹ ਤੋਂ ਆਈਆਂ ਖੇਤੀਬਾੜੀ ਵਿਭਾਗ ਦੀਆਂ ਟੀਮਾਂ ਵੱਲੋਂ ਕੀਟਨਾਸ਼ਕ ਦਵਾਈਆਂ ਦੇ ਸੈਂਪਲ ਭਰੇ ਗਏ ਸਨ। 
ਇਸ ਤੋਂ ਬਾਅਦ ਸੈਂਪਲ ਫੇਲ ਹੋਣ ਦਾ ਦੋਸ਼ ਲਾਉਂਦਿਆਂ ਪੁਲਸ ਵੱਲੋਂ ਬਿਨਾਂ ਵਜ੍ਹਾ ਦੁਕਾਨਦਾਰਾਂ 'ਤੇ ਝੂਠੇ ਪਰਚੇ ਦਰਜ ਕਰ ਕੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਦੁਕਾਨਦਾਰਾਂ ਨੇ ਕਿਹਾ ਕਿ ਜੇਕਰ ਕਿਸੇ ਕੀਟਨਾਸ਼ਕ ਦਵਾਈ ਦਾ ਸੈਂਪਲ ਫੇਲ ਹੁੰਦਾ ਹੈ ਤਾਂ ਵਿਭਾਗ ਹੀ ਕਾਰਵਾਈ ਕਰ ਸਕਦਾ ਹੈ ਪਰ ਕੁਝ ਸਮੇਂ ਤੋਂ ਪੁਲਸ ਵੱਲੋਂ ਬਿਨਾਂ ਵਜ੍ਹਾ ਖੇਤੀਬਾੜੀ ਵਿਭਾਗ ਦੇ ਕੰਮ 'ਚ ਦਖਲ-ਅੰਦਾਜ਼ੀ ਕੀਤੀ ਜਾ ਰਹੀ ਹੈ। 
ਦੁਕਾਨਦਾਰਾਂ ਨੇ ਰੋਸ ਜਤਾਇਆ ਕਿ ਇਕ ਪਾਸੇ ਸਰਕਾਰ ਵੱਲੋਂ ਨਰਮੇ ਦੀ ਫਸਲ 'ਤੇ ਜੂੰ ਦੇ ਹਮਲੇ ਨੂੰ ਰੋਕਣ ਲਈ ਪ੍ਰੋਫੈਨੋਫਾਸ ਦਵਾਈ ਕਰਨ ਦੀ ਹਦਾਇਤ ਕੀਤੀ ਜਾ ਰਹੀ ਹੈ ਜਦਕਿ ਕੰਪਨੀਆਂ ਕੋਲ ਸਿਰਫ 12 ਹਜ਼ਾਰ ਲਿਟਰ ਹੀ ਦਵਾਈ ਮੌਜੂਦ ਹੈ। ਉਨ੍ਹਾਂ ਕਿਹਾ ਕਿ ਜੇਕਰ ਸਾਰੇ ਕਿਸਾਨਾਂ ਵੱਲੋਂ ਉਕਤ ਦਵਾਈ ਦਾ ਛਿੜਕਾਅ ਕੀਤਾ ਜਾਵੇ ਤਾਂ 3 ਲੱਖ ਲਿਟਰ ਦਵਾਈ ਦੀ ਜ਼ਰੂਰਤ ਹੈ। 
 ਕੀਟਨਾਸ਼ਕ ਵਿਕਰੇਤਾਵਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਦਵਾਈਆਂ ਦੇ ਭਰੇ ਜਾ ਰਹੇ ਸੈਂਪਲਾਂ ਵਿਚ ਪੁਲਸ ਦੀ ਦਖਲ-ਅੰਦਾਜ਼ੀ ਬੰਦ ਕੀਤੀ ਜਾਵੇ, ਦੁਕਾਨਦਾਰਾਂ 'ਤੇ ਦਰਜ ਕੀਤੇ ਜਾ ਰਹੇ ਪਰਚਿਆਂ ਨੂੰ ਬੰਦ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਵੱਲੋਂ ਪੁਲਸ ਦੀ ਉਕਤ ਧੱਕੇਸ਼ਾਹੀ ਨੂੰ ਬੰਦ ਨਾ ਕੀਤਾ ਗਿਆ ਤਾਂ ਉਹ ਸੰਘਰਸ਼ ਨੂੰ ਹੋਰ ਤੇਜ਼ ਕਰਨ ਲਈ ਮਜਬੂਰ ਹੋਣਗੇ।


Related News