ਮੁਕਤਸਰ ਦੇ ਡੀ.ਸੀ. ਦਫ਼ਤਰ ''ਚ ਪਿਆ ਭੜਥੂ, ਦੇਖਦਿਆਂ ਹੀ ਦੇਖਦਿਆਂ ਵਿਅਕਤੀ ਨੇ ਨਿਗਲਿਆ ਜ਼ਹਿਰ
Tuesday, Nov 22, 2022 - 05:01 PM (IST)
ਸ੍ਰੀ ਮੁਕਤਸਰ ਸਾਹਿਬ (ਕੁਲਦੀਪ ਰਿਣੀ) : ਸ੍ਰੀ ਮੁਕਤਸਰ ਸਾਹਿਬ ਡੀ. ਸੀ. ਦਫ਼ਤਰ ਕੰਪਲੈਕਸ 'ਚ ਇਕ ਨਜ਼ਦੀਕੀ ਪਿੰਡ ਦੇ ਵਿਅਕਤੀ ਵੱਲੋਂ ਜ਼ਹਿਰੀਲੀ ਚੀਜ਼ ਨਿਗਲ ਲੈਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਉਕਤ ਵਿਅਕਤੀ ਨੂੰ ਮੁਕਤਸਰ ਦੇ ਨਿੱਜੀ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ ਅਤੇ ਉਹ ਜ਼ੇਰੇ ਇਲਾਜ ਹੈ। ਉਕਤ ਵਿਅਕਤੀ ਦੀ ਪਛਾਣ ਜਗਜੀਤ ਸਿੰਘ ਵਾਸੀ ਪਿੰਡ ਖੱਪਿਆਵਾਲੀ ਵਜੋਂ ਹੋਈ ਹੈ। ਇਸ ਸਬੰਧੀ ਗੱਲ ਕਰਦਿਆਂ ਜਗਜੀਤ ਦੀ ਛੋਟੀ ਭੈਣ ਨੇ ਦੱਸਿਆ ਕਿ ਉਹ ਆਪਣੇ ਭਰਾ ਨਾਲ ਮੁਕਤਸਰ ਦੇ ਡੀ. ਸੀ. ਦਫ਼ਤਰ ਕੰਪਲੈਕਸ ਸਥਿਤ ਫਰਦ ਕੇਂਦਰ ਇੰਤਕਾਲ ਦੇ ਕਾਗਜ਼ ਕਢਵਾਉਣ ਆਈ ਸੀ। ਇਸ ਦੌਰਾਨ ਉਸਦੇ ਭਰਾ ਨੇ ਜ਼ਹਿਰੀਲੀ ਦਵਾਈ ਨਿਗਲ ਲਈ ਜੋ ਉਹ ਘਰੋਂ ਨਾਲ ਹੀ ਲੈ ਕੇ ਆਇਆ ਸੀ। ਭੈਣ ਮੁਤਾਬਕ ਉਸ ਦੇ ਮਾਤਾ-ਪਿਤਾ ਦੀ ਕੁਝ ਸਮਾਂ ਪਹਿਲਾਂ ਮੌਤ ਹੋ ਗਈ ਹੈ ਅਤੇ ਉਹ ਦੋਵੋਂ ਭੈਣ-ਭਰਾ ਹਨ।
ਇਹ ਵੀ ਪੜ੍ਹੋ- ਖੰਨਾ : ਨਿੱਜੀ ਸਕੂਲ ਦੇ ਸਮਾਗਮ 'ਚ ਦਾਦਾ-ਦਾਦੀ ਦੀ ਐਂਟਰੀ ਬੈਨ 'ਤੇ ਸਿੱਖਿਆ ਮੰਤਰੀ ਨੇ ਲਿਆ ਸਖ਼ਤ ਐਕਸ਼ਨ
ਜਗਜੀਤ ਦੀ ਭੈਣ ਨੇ ਦੱਸਿਆ ਕਿ ਉਸ ਦਾ ਭਰਾ ਵਿਰਾਸਤੀ ਇੰਤਕਾਲ ਆਪਣੇ ਨਾਂ 'ਤੇ ਚੜ੍ਹਾਉਣ ਲਈ ਸਾਰੇ ਜ਼ਰੂਰੀ ਕਾਗਜ਼ਾਤ ਪਟਵਾਰੀ ਨੂੰ ਦਿੱਤੇ ਹੋਏ ਸਨ। ਉਕਤ ਪਟਵਾਰੀ ਵਾਰ-ਵਾਰ ਉਸ ਦੇ ਭਰਾ ਦੇ ਚੱਕਰ ਲਗਵਾ ਰਿਹਾ ਹੈ ਅਤੇ ਇੰਤਕਾਲ ਨੂੰ ਉਸ ਦੇ ਨਾਂ ਨਹੀਂ ਕਰ ਰਿਹਾ। ਜਿਸ ਦੇ ਚੱਲਦਿਆਂ ਉਸ ਦੇ ਭਰਾ ਨੇ ਪਟਵਾਰੀ ਤੋਂ ਪਰੇਸ਼ਾਨ ਹੋ ਕੇ ਇਹ ਕਦਮ ਚੁੱਕਿਆ ਹੈ। ਇਸ ਤੋਂ ਇਲਾਵਾ ਉਨ੍ਹਾਂ ਦੋਸ਼ ਲਾਇਆ ਕਿ ਪਟਵਾਰੀ ਉਨ੍ਹਾਂ ਕੋਲੋਂ ਲਗਾਤਾਰ ਪੈਸੇ ਵੀ ਲੈਂ ਰਿਹਾ ਹੈ ਪਰ ਉਨ੍ਹਾਂ ਦਾ ਕੰਮ ਨਹੀਂ ਕੀਤਾ ਜਾ ਰਿਹਾ। ਉੱਥੇ ਦੀ ਜਦੋਂ ਪਟਵਾਰੀ ਨਾਲ ਇਸ ਸਬੰਧੀ ਗੱਲ ਕੀਤੀ ਗਈ ਤਾਂ ਉਸ ਨੇ ਕਿਹਾ ਕਿ ਜਿਸ ਇੰਤਕਾਲ ਦੀ ਗੱਲ ਕਰਕੇ ਉਸ 'ਤੇ ਇਹ ਦੋਸ਼ ਲਾਏ ਜਾ ਰਹੇ ਹਨ ਉਹ 31 ਅਕਤੂਬਰ ਦਾ ਹੋਇਆ ਹੈ। ਅੱਜ ਜਦੋਂ ਦੋਵੇਂ ਭੈਣ-ਭਰਾ ਇੰਤਕਾਲ ਲੈਣ ਆਏ ਤਾਂ ਉਨ੍ਹਾਂ ਨੂੰ ਫਰਦ ਕੇਂਦਰ 'ਚ ਇੰਤਕਾਲ ਲੈ ਕੇ ਆਉਣ ਲਈ ਕਿਹਾ ਕਿ ਤਾਂ ਜਗਜੀਤ ਨੇ ਜ਼ਹਿਰੀਲੀ ਚੀਜ਼ ਨਿਗਲ ਲਈ। ਇਸ ਦੇ ਨਾਲ ਹੀ ਪਟਵਾਰੀ ਨੇ ਪੈਸੇ ਲੈਣ ਦੇ ਦੋਸ਼ਾਂ ਨੂੰ ਨਕਾਰਿਆ ਹੈ।
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।