ਪਾਕਿ ਤੋਂ ਪਰਤ ਕੇ ਕੈਦ ਕੱਟ ਚੁੱਕਾ ਵਿਅਕਤੀ ਸਾਥੀ ਸਣੇ ਅੜਿੱਕੇ
Tuesday, Jun 13, 2017 - 07:10 AM (IST)
ਹੁਸ਼ਿਆਰਪੁਰ, (ਅਸ਼ਵਨੀ)- ਜ਼ਿਲਾ ਪੁਲਸ ਤੇ ਐੱਸ. ਟੀ. ਐੱਫ. ਨੇ ਸਾਂਝੀ ਮੁਹਿੰਮ ਦੌਰਾਨ ਪਾਕਿਸਤਾਨ ਤੋਂ ਪਰਤ ਕੇ ਕੈਦ ਕੱਟ ਚੁੱਕੇ ਇਕ ਵਿਅਕਤੀ ਮੱਖਣ ਸਿੰਘ ਤੇ ਉਸ ਦੇ ਸਾਥੀ ਕੋਲੋਂ 3 ਕਿੱਲੋ ਅਫੀਮ ਬਰਾਮਦ ਕੀਤੀ ਹੈ। ਐੱਸ. ਐੱਸ. ਪੀ. ਹਰਚਰਨ ਸਿੰਘ ਭੁੱਲਰ ਨੇ ਅੱਜ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਨਸ਼ਿਆਂ ਦੇ ਸੌਦਾਗਰਾਂ ਖਿਲਾਫ਼ ਸ਼ੁਰੂ ਕੀਤੀ ਮੁਹਿੰਮ ਦੌਰਾਨ ਐੱਸ. ਟੀ. ਐੱਫ. ਦੇ ਡੀ. ਐੱਸ. ਪੀ. ਸਰਬਜੀਤ ਸਿੰਘ ਤੇ ਸੀ. ਆਈ. ਏ. ਸਟਾਫ਼ ਹੁਸ਼ਿਆਰਪੁਰ ਦੇ ਸਬ-ਇੰਸਪੈਕਟਰ ਸਤਨਾਮ ਸਿੰਘ ਦੀ ਅਗਵਾਈ 'ਚ ਪੁਲਸ ਨੇ ਪੁਲ ਨਹਿਰ ਪਿੰਡ ਨੂਰਪੁਰ ਜੱਟਾਂ ਕੋਲ ਇਕ ਟਾਟਾ ਏਸ ਨੰ. ਪੀ ਬੀ 09-ਐੱਚ-9770 ਨੂੰ ਰੋਕ ਕੇ ਉਸ ਦੀ ਤਲਾਸ਼ੀ ਲੈਣ 'ਤੇ ਡਰਾਈਵਰ ਜੋਗਿੰਦਰ ਨਾਥ ਅਤੇ ਉਸ ਨਾਲ ਬੈਠੇ ਮੱਖਣ ਸਿੰਘ ਪੁੱਤਰ ਦੀਵਾਨ ਸਿੰਘ ਵਾਸੀ ਪਿੰਡ ਨੂਰਪੁਰ ਜੱਟਾਂ, ਥਾਣਾ ਮਾਹਿਲਪੁਰ ਦੇ ਕਬਜ਼ੇ ਵਿਚੋਂ ਡੇਢ-ਡੇਢ ਕਿੱਲੋ ਅਫੀਮ ਬਰਾਮਦ ਕੀਤੀ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਦੋਵਾਂ ਖਿਲਾਫ਼ ਨਸ਼ਾ ਵਿਰੋਧੀ ਐਕਟ ਦੀ ਧਾਰਾ 18-25-61-85 ਤਹਿਤ ਥਾਣਾ ਮਾਹਿਲਪੁਰ 'ਚ ਕੇਸ ਦਰਜ ਕਰ ਕੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਪਾਕਿਸਤਾਨ 'ਚ ਲਈ ਸੀ ਹਥਿਆਰ ਚਲਾਉਣ ਦੀ ਟ੍ਰੇਨਿੰਗ : ਐੱਸ. ਐੱਸ. ਪੀ. ਨੇ ਦੱਸਿਆ ਕਿ ਮੱਖਣ ਸਿੰਘ 1997 'ਚ ਪਾਕਿਸਤਾਨ ਗਿਆ ਸੀ, ਜਿਥੇ ਉਸ ਨੇ ਵਧਾਵਾ ਸਿੰਘ ਦੇ ਕੈਂਪ 'ਚ ਹਥਿਆਰ ਚਲਾਉਣ ਦੀ ਟ੍ਰੇਨਿੰਗ ਲਈ ਸੀ। ਟ੍ਰੇਨਿੰਗ ਲੈਣ ਤੋਂ ਬਾਅਦ ਜਦੋਂ ਉਹ ਭਾਰਤ ਆਇਆ ਤਾਂ ਸਰਹੱਦ ਪਾਰ ਕਰਦਿਆਂ ਫੜਿਆ ਗਿਆ, ਜਿਸ 'ਤੇ ਉਸ ਖਿਲਾਫ਼ ਅਸਲਾ ਐਕਟ ਦੀ ਧਾਰਾ 3, 4, 5 ਤਹਿਤ ਸਟੇਟ ਸਪੈਸ਼ਲ ਵਿੰਗ ਅੰਮ੍ਰਿਤਸਰ ਨੇ ਕੇਸ ਦਰਜ ਕੀਤਾ ਸੀ। ਇਸ ਕੇਸ 'ਚ ਉਸ ਨੂੰ 10 ਸਾਲ ਦੀ ਕੈਦ ਹੋਈ ਸੀ।
ਉਨ੍ਹਾਂ ਦੱਸਿਆ ਕਿ ਮੱਖਣ ਸਿੰਘ ਖਿਲਾਫ਼ ਜ਼ਿਲਾ ਹੁਸ਼ਿਆਰਪੁਰ ਦੇ ਥਾਣਾ ਸਦਰ 'ਚ ਅਸਲਾ ਐਕਟ ਦੀ ਧਾਰਾ 25-54-59, ਵਿਸਫੋਟਕ ਐਕਟ ਦੀ ਧਾਰਾ 3, 4, 5 ਤੇ 120-ਬੀ ਤਹਿਤ 18 ਅਕਤੂਬਰ 2010 ਅਤੇ 16 ਮਈ 2010 ਨੂੰ ਕਤਲ ਦੇ ਦੋਸ਼ 'ਚ ਧਾਰਾ 302, 341, 120-ਬੀ, ਅਸਲਾ ਐਕਟ ਦੀ ਧਾਰਾ 25-54-59 ਅਤੇ ਵਿਸਫੋਟਕ ਐਕਟ ਦੀ ਧਾਰਾ 3, 4, 5, 17, 18, 19, 20 ਤਹਿਤ ਮੇਹਟੀਆਣਾ ਥਾਣੇ 'ਚ ਕੇਸ ਦਰਜ ਸਨ। ਉਹ 2 ਕੇਸਾਂ 'ਚੋਂ ਬਰੀ ਹੋ ਗਿਆ ਸੀ ਅਤੇ ਇਕ ਕੇਸ 'ਚ ਸਜ਼ਾ ਕੱਟ ਕੇ ਫਰਵਰੀ 2017 'ਚ ਜੇਲ 'ਚੋਂ ਛੁੱਟਿਆ ਸੀ।
ਰਾਜਸਥਾਨ ਦੇ ਅਲਵਰ ਤੋਂ ਲਿਆਉਂਦੇ ਸੀ ਅਫੀਮ : ਉਨ੍ਹਾਂ ਦੱਸਿਆ ਕਿ ਪੁੱਛਗਿੱਛ ਦੌਰਾਨ ਦੋਸ਼ੀਆਂ ਨੇ ਦੱਸਿਆ ਕਿ ਉਹ ਰਾਜਸਥਾਨ ਦੇ ਅਲਵਰ ਤੋਂ ਅਫੀਮ ਲਿਆ ਕੇ ਪੰਜਾਬ 'ਚ ਵੇਚਣ ਦਾ ਧੰਦਾ ਕਰਦੇ ਸਨ। ਉਨ੍ਹਾਂ ਕਿਹਾ ਕਿ ਪੁਲਸ ਵੱਲੋਂ ਮੱਖਣ ਸਿੰਘ ਦੇ ਅੱਤਵਾਦੀ ਨਰਾਇਣ ਸਿੰਘ ਚੌੜਾ ਨਾਲ ਸੰਬੰਧਾਂ ਦੀ ਜਾਂਚ ਵੀ ਕੀਤੀ ਜਾ ਰਹੀ ਹੈ।
ਪ੍ਰੈੱਸ ਕਾਨਫਰੰਸ ਦੌਰਾਨ ਐੱਸ. ਪੀ. ਹੈੱਡਕੁਆਰਟਰ ਅਮਰੀਕ ਸਿੰਘ ਪਵਾਰ, ਐੱਸ. ਟੀ. ਐੱਫ. ਦੇ ਐੱਸ. ਪੀ. ਹਰਪ੍ਰੀਤ ਸਿੰਘ ਮੰਡੇਰ, ਡੀ. ਐੱਸ. ਪੀ. ਸਰਬਜੀਤ ਸਿੰਘ, ਡੀ. ਐੱਸ. ਪੀ. ਡਿਟੈਕਟਿਵ ਗੁਰਜੀਤਪਾਲ ਸਿੰਘ ਅਤੇ ਡੀ. ਐੱਸ. ਪੀ. ਹੈੱਡਕੁਆਰਟਰ ਜੰਗ ਬਹਾਦਰ ਸ਼ਰਮਾ ਵੀ ਹਾਜ਼ਰ ਸਨ।
