ਕੋਟਕਪੂਰਾ ’ਚ ਇਕ ਵਿਅਕਤੀ ਨੇ ਫਾਹਾ ਲਾ ਕੇ ਜੀਵਨ ਲੀਲਾ ਕੀਤੀ ਖਤਮ

Wednesday, Jun 04, 2025 - 03:29 PM (IST)

ਕੋਟਕਪੂਰਾ ’ਚ ਇਕ ਵਿਅਕਤੀ ਨੇ ਫਾਹਾ ਲਾ ਕੇ ਜੀਵਨ ਲੀਲਾ ਕੀਤੀ ਖਤਮ

ਕੋਟਕਪੂਰਾ (ਨਰਿੰਦਰ) : ਬੀਤੀ ਸ਼ਾਮ ਸਥਾਨਕ ਸ਼ਹਿਰ ਦੇ ਇਕ ਵਿਅਕਤੀ ਵੱਲੋਂ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਏ ਜਾਣ ਦਾ ਪਤਾ ਲੱਗਿਆ ਹੈ। ਮ੍ਰਿਤਕ ਦੀ ਪਛਾਣ ਇੰਦਰਾ ਕਲੋਨੀ ਦੇ ਰਹਿਣ ਵਾਲੇ ਬੱਬਲ ਰਾਮ ਵਜੋਂ ਹੋਈ ਹੈ ਅਤੇ ਇਸ ਮਾਮਲੇ ਵਿਚ ਸੂਚਨਾ ਮਿਲਣ ਤੋਂ ਬਾਅਦ ਪੁਲਸ ਵੱਲੋਂ ਲਾਸ਼ ਨੂੰ ਕਬਜ਼ੇ ਵਿਚ ਲੈਂਦੇ ਹੋਏ ਮ੍ਰਿਤਕ ਵਿਅਕਤੀ ਦੀ ਪਤਨੀ ਦੇ ਬਿਆਨਾਂ ’ਤੇ ਮਾਮਲਾ ਦਰਜ ਕਰਕੇ ਕਾਰਵਾਈ ਅਮਲ ਵਿਚ ਲਿਆਂਦੀ ਗਈ ਹੈ। ਇਸ ਸਬੰਧ ਵਿਚ ਮ੍ਰਿਤਕ ਬੱਬਲ ਰਾਮ ਪੁੱਤਰ ਦੇਸ ਰਾਜ ਵਾਸੀ ਇੰਦਰਾ ਕਲੋਨੀ ਜਲਾਲੇਆਣਾ ਰੋਡ ਕੋਟਕਪੂਰਾ ਦੀ ਪਤਨੀ ਕਮਲਾ ਵੱਲੋਂ ਪੁਲਸ ਨੂੰ ਦਿੱਤੇ ਬਿਆਨ ਅਨੁਸਾਰ ਉਸ ਦਾ ਪਤੀ ਵੇਟਰ ਦਾ ਕੰਮ ਕਰਦਾ ਸੀ, ਜਿਸ ਨੂੰ ਇਕ ਔਰਤ ਨੇ ਤੰਗ-ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। 

ਉਸ ਨੇ ਦੱਸਿਆ ਕਿ ਮੇਰੇ ਪਤੀ ਬੱਬਲ ਰਾਮ ਨੇ ਮੈਨੂੰ ਸਾਰੀ ਗੱਲ ਦੱਸੀ ਕਿ ਉਕਤ ਔਰਤ ਸੁੱਖੋ ਉਸ ਨੂੰ ਆਪਣੇ ਨਾਲ ਰਹਿਣ ਲਈ ਮਜਬੂਰ ਕਰ ਰਹੀ ਹੈ, ਜਿਸ ਕਾਰਨ ਉਹ ਪ੍ਰੇਸ਼ਾਨ ਸੀ। ਉਸ ਨੇ ਦੱਸਿਆ ਕਿ ਮੈਂ ਉਕਤ ਔਰਤ ਨੂੰ ਘਰ ਜਾ ਕੇ ਸਮਝਾਇਆ ਪ੍ਰੰਤੂ ਉਹ ਨਹੀਂ ਸਮਝੀ। ਲੰਘੀ ਸ਼ਾਮ 5-6 ਵਜੇ ਦੇ ਕਰੀਬ ਮੇਰੇ ਪਤੀ ਬੱਬਲ ਰਾਮ ਨੇ ਉਕਤ ਔਰਤ ਤੋਂ ਤੰਗ-ਪ੍ਰੇਸ਼ਾਨ ਹੋ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ।

ਇਸ ਸਬੰਧ ਵਿਚ ਜਤਿੰਦਰ ਸਿੰਘ ਡੀ.ਐੱਸ.ਪੀ. ਕੋਟਕਪੂਰਾ ਨੇ ਦੱਸਿਆ ਕਿ ਬੀਤੀ ਦੇਰ ਰਾਤ ਸੂਚਨਾ ਮਿਲੀ ਸੀ ਕਿ ਬੱਬਲ ਰਾਮ ਨਾਂ ਦੇ ਵਿਅਕਤੀ ਵੱਲੋਂ ਫਾਹਾ ਲੈ ਕੇ ਆਤਮ ਹੱਤਿਆ ਕਰ ਲਈ ਗਈ ਹੈ। ਉਨ੍ਹਾਂ ਦੱਸਿਆ ਕਿ ਪੁਲਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਵਾਰਸਾਂ ਨਾਲ ਸੰਪਰਕ ਕੀਤਾ ਅਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਤਫਤੀਸ਼ੀ ਅਧਿਕਾਰੀ ਏ.ਐੱਸ.ਆਈ. ਸਤੀਸ਼ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਦੀ ਪਤਨੀ ਕਮਲਾ ਵੱਲੋਂ ਦਿੱਤੇ ਗਏ ਬਿਆਨ ਅਨੁਸਾਰ ਮਾਮਲਾ ਦਰਜ ਕਰਕੇ ਲਾਸ਼ ਦਾ ਪੋਸਟ ਮਾਰਟਮ ਕਰਵਾ ਕੇ ਲਾਸ਼ ਨੂੰ ਮ੍ਰਿਤਕ ਦੇ ਵਾਰਸਾਂ ਦੇ ਹਵਾਲੇ ਕਰ ਦਿੱਤਾ ਜਾਵੇਗਾ।


author

Gurminder Singh

Content Editor

Related News