ਭਵਾਨੀਗੜ੍ਹ ''ਚ ਵੱਡੀ ਵਾਰਦਾਤ, ਘਰ ਅੰਦਰ ਵੜ ਕੇ ਕੁਹਾੜੀ ਨਾਲ ਵਿਅਕਤੀ ਦਾ ਕਤਲ

Thursday, May 29, 2025 - 04:03 PM (IST)

ਭਵਾਨੀਗੜ੍ਹ ''ਚ ਵੱਡੀ ਵਾਰਦਾਤ, ਘਰ ਅੰਦਰ ਵੜ ਕੇ ਕੁਹਾੜੀ ਨਾਲ ਵਿਅਕਤੀ ਦਾ ਕਤਲ

ਭਵਾਨੀਗੜ੍ਹ (ਵਿਕਾਸ ਮਿੱਤਲ) : ਬੀਤੀ ਰਾਤ ਪਿੰਡ ਘਰਾਚੋਂ ਵਿਖੇ ਮਾਰੂ ਹਥਿਆਰਾਂ ਨਾਲ ਲੈਸ ਵਿਅਕਤੀਆਂ ਨੇ ਇਕ ਘਰ 'ਚ ਦਾਖਲ ਹੁੰਦਿਆਂ ਪਰਿਵਾਰ ਉਪਰ ਹਮਲਾ ਕਰ ਦਿੱਤਾ। ਹਮਲੇ ਦੌਰਾਨ ਸਿਰ 'ਚ ਕੁਹਾੜੀ ਵੱਜਣ ਕਾਰਨ ਇਕ ਬਜ਼ੁਰਗ ਵਿਅਕਤੀ ਦੀ ਮੌਤ ਹੋ ਗਈ ਜਦੋਂਕਿ ਇਕ ਔਰਤ ਸਣੇ ਪਰਿਵਾਰ ਦੇ 4 ਹੋਰ ਜੀਅ ਗੰਭੀਰ ਰੂਪ ਵਿਚ ਜਖ਼ਮੀ ਹੋ ਗਏ। ਜਿਨ੍ਹਾਂ ਨੂੰ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ। ਪੁਲਸ ਨੇ ਇਸ ਸਬੰਧੀ ਕਾਰਵਾਈ ਕਰਦਿਆਂ ਪਿਓ-ਪੁੱਤ ਸਮੇਤ 4 ਵਿਅਕਤੀਆਂ ਤੋਂ ਇਲਾਵਾ ਪੰਜ ਅਣਪਛਾਤਿਆਂ ਖਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਸਤਗੁਰ ਸਿੰਘ ਵਾਸੀ ਪਿੰਡ ਘਰਾਚੋਂ ਨੇ ਪੁਲਸ ਨੂੰ ਦੱਸਿਆ ਕਿ ਉਹ ਇੰਡੀਅਨ ਆਇਲ ਕੰਪਨੀ 'ਚ ਟੈਂਕਰ ਹੈਲਪਰ ਵਜੋਂ ਕੰਮ ਕਰਦਾ ਹੈ। ਉਸਦਾ ਚਾਚਾ ਲਾਭ ਸਿੰਘ ਆਪਣੀ ਧੀ ਦੇ ਵਿਆਹ ਤੋਂ ਬਾਅਦ ਉਨ੍ਹਾਂ ਨਾਲ ਉਸੇ ਘਰ 'ਚ ਰਹਿੰਦਾ ਸੀ। 

ਇਹ ਵੀ ਪੜ੍ਹੋ : ਪੰਜਾਬ ਦੀ ਸਿਆਸਤ 'ਚ ਹਲਚਲ, ਇਨ੍ਹਾਂ ਵੱਡੇ ਆਗੂਆਂ 'ਤੇ ਕਾਰਵਾਈ ਦੀ ਤਿਆਰੀ

ਸਤਗੁਰ ਨੇ ਦੱਸਿਆ ਕਿ ਬੁੱਧਵਾਰ ਰਾਤ ਕਰੀਬ ਸਾਢੇ ਕੁ 9 ਵਜੇ ਜਦੋਂ ਉਹ ਆਪਣੇ ਘਰ ਵਿਚ ਸੀ ਤਾਂ ਕਾਰ 'ਚ ਸਵਾਰ ਹੋ ਕੇ ਆਏ ਉਨ੍ਹਾਂ ਦੇ ਗੁਆਂਢੀ ਕੁਲਦੀਪ ਸਿੰਘ ਤੇ ਉਸਦੇ ਪਿਓ ਦਰਸ਼ਨ ਸਿੰਘ ਤੋਂ ਇਲਾਵ‍ਾ ਸੁਖਵੀਰ ਸਿੰਘ, ਪ੍ਰਦੀਪ ਸਿੰਘ ਦੋਵੇਂ ਵਾਸੀ ਪਿੰਡ ਭੁੱਲਰਹੇੜੀ ਸਮੇਤ ਲਗਭਗ 5 ਹੋਰ ਅਣਪਛਾਤੇ ਵਿਅਕਤੀਆਂ ਨੇ ਉਨ੍ਹਾਂ ਦੇ ਘਰ ਅੰਦਰ ਦਾਖਲ ਹੁੰਦਿਆਂ ਬਦਸਲੂਕੀ ਕਰਨੀ ਸ਼ੁਰੂ ਕਰ ਦਿੱਤੀ। ਘਰ 'ਚ ਦਾਖਲ ਹੋਏ ਵਿਅਕਤੀਆਂ ਕੋਲ ਕੁਹਾੜੀ, ਲੋਹੇ ਦੀ ਪਾਈਪ ਤੇ ਲੱਕੜ ਦੀਆਂ ਸੋਟੀਆਂ ਸਨ। ਸ਼ਿਕਾਇਤਕਰਤਾ ਮੁਤਾਬਕ ਉਕਤ ਕੁਲਦੀਪ ਸਿੰਘ ਨੇ ਉਸਦੇ ਚਾਚੇ ਲਾਭ ਸਿੰਘ ਦੇ ਸਿਰ ਵਿਚ ਕੁਹਾੜੀ ਨਾਲ ਵਾਰ ਕਰ ਦਿੱਤਾ ਜਿਸ ਕਾਰਨ ਉਸਦਾ ਚਾਚਾ ਬੇਹੋਸ਼ ਹੋ ਕੇ ਡਿੱਗ ਪਿਆ। ਹਮਲਾਵਰਾਂ 'ਚੋਂ ਦਰਸ਼ਨ ਸਿੰਘ, ਸੁਖਵੀਰ ਸਿੰਘ, ਪ੍ਰਦੀਪ ਸਿੰਘ ਤੇ ਅਣਪਛਾਤੇ ਵਿਅਕਤੀ ਨੇ ਉਸਦੇ ਭਰਾ ਗੁਰਦੀਪ ਸਿੰਘ, ਪਿਤਾ ਕੌਰ ਸਿੰਘ ਤੇ ਮਾਤਾ ਬਲਜੀਤ ਕੌਰ ਸਮੇਤ ਉਸਨੂੰ ਵੀ ਲੋਹੇ ਦੀ ਪਾਈਪ ਤੇ ਸੋਟੀਆਂ ਨਾਲ ਵਾਰ ਕਰਕੇ ਜਖ਼ਮੀ ਕਰ ਦਿੱਤਾ। 

ਇਹ ਵੀ ਪੜ੍ਹੋ : ਡਰਾਇਵਿੰਗ ਲਾਇਸੈਂਸ ਨੂੰ ਲੈ ਕੇ ਚੰਗੀ ਖ਼ਬਰ, ਪੰਜਾਬ ਸਰਕਾਰ ਨੇ ਲਿਆ ਵੱਡਾ ਫ਼ੈਸਲਾ

ਉਕਤ ਨੇ ਦੱਸਿਆ ਕਿ ਪਰਿਵਾਰ ਦੀਆਂ ਚੀਕਾਂ ਸੁਣ ਕੇ ਲੋਕ ਇਕੱਠੇ ਹੁੰਦਿਆਂ ਦੇਖ ਉਕਤ ਸਾਰੇ ਵਿਅਕਤੀ ਆਪਣੀ ਕਾਰ 'ਚ ਸਵਾਰ ਹੋ ਕੇ ਹਥਿਆਰਾਂ ਸਮੇਤ ਭੱਜ ਗਏ। ਸਤਗੁਰ ਸਿੰਘ ਨੇ ਦੱਸਿਆ ਕਿ ਬਾਅਦ ਵਿਚ ਉਸਦੇ ਭਤੀਜੇ ਪਰਮਜੀਤ ਸਿੰਘ ਨੇ ਪਰਿਵਾਰ ਦੇ ਜ਼ਖ਼ਮੀ ਮੈਂਬਰਾਂ ਨੂੰ ਭਵਾਨੀਗੜ੍ਹ ਦੇ ਸਰਕਾਰੀ ਹਸਪਤਾਲ ਵਿਖੇ ਇਲਾਜ ਲਈ ਦਾਖਲ ਕਰਵਾਇਆ ਜਿੱਥੋਂ ਸਾਰਿਆਂ ਨੂੰ ਸੰਗਰੂਰ ਲਈ ਰੈਫਰ ਕੀਤਾ ਗਿਆ ਜਦੋਂਕਿ ਡਾਕਟਰ ਨੇ ਉਸਦੇ ਚਾਚੇ ਲਾਭ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ। ਸਤਗੁਰ ਸਿੰਘ ਨੇ ਦੋਸ਼ ਲਗਾਇਆ ਕਿ ਹਮਲਾਵਰਾਂ ਨੇ ਉਨ੍ਹਾਂ ਦੇ ਪਰਿਵਾਰ 'ਤੇ ਰੰਜਿਸ਼ਨ ਹਮਲਾ ਕੀਤਾ ਜਿਸ ਦੀ ਵਜ੍ਹਾ ਉਨ੍ਹਾਂ ਦੇ ਖੇਤ ਦੇ ਨੇੜੇ ਦੱਬੀ ਜਾ ਰਹੀ ਨਹਿਰੀ ਪਾਣੀ ਦੀ ਪਾਈਪਲਾਈਨ ਹੈ। ਉਸਨੇ ਦੱਸਿਆ ਕਿ ਜਿਸ ਕਾਰਨ ਲਗਭਗ 15 ਦਿਨ ਪਹਿਲਾਂ ਦੋਵਾਂ ਪਰਿਵਾਰਾਂ ਵਿਚਕਾਰ ਝਗੜਾ ਹੋਇਆ ਤੇ ਹਮਲੇ ਵਾਲੀ ਰਾਤ ਤੋਂ ਪਹਿਲਾਂ ਸ਼ਾਮ ਸਮੇਂ ਵੀ ਕੁਲਦੀਪ ਸਿੰਘ ਤੇ ਦਰਸ਼ਨ ਸਿੰਘ ਦਾ ਉਨ੍ਹਾਂ ਦੇ ਘਰ ਸਾਹਮਣੇ ਸਾਡੇ ਨਾਲ ਝਗੜਾ ਹੋਇਆ ਸੀ ਅਤੇ ਬਾਅਦ ਵਿਚ ਉਨ੍ਹਾਂ ਦੇ ਘਰ 'ਚ ਦਾਖਲ ਹੋ ਕੇ ਹਮਲਾ ਕਰ ਦਿੱਤਾ। ਉਧਰ, ਭਵਾਨੀਗੜ੍ਹ ਦੇ ਐੱਸ.ਐੱਚ.ਓ. ਇੰਸਪੈਕਟਰ ਮਾਲਵਿੰਦਰ ਸਿੰਘ ਨੇ ਦੱਸਿਆ ਕਿ ਪੋਸਟਮਾਰਟਮ ਉਪਰੰਤ ਮ੍ਰਿਤਕ ਦੀ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਗਈ ਹੈ। ਮਾਮਲੇ ਵਿਚ ਮੁਲਜ਼ਮਾਂ ਦੀ ਗ੍ਰਿਫਤਾਰੀ ਫਿਲਹਾਲ ਬਾਕੀ ਹੈ ਜਿਨ੍ਹਾਂ ਨੂੰ ਗ੍ਰਿਫਤਾਰ ਕਰਨ ਲਈ ਪੁਲਸ ਵੱਲੋਂ ਲਗਾਤਾਰ ਛਾਪਾਮਾਰੀ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਦਾ ਇਕ ਹੋਰ ਵੱਡਾ ਫ਼ੈਸਲਾ, ਤੁਰੰਤ ਪ੍ਰਭਾਵ ਨਾਲ ਜਾਰੀ ਕੀਤੇ ਨਵੇਂ ਹੁਕਮ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇
https://whatsapp.com/channel/0029Va94hsaHAdNVur4L170e


author

Gurminder Singh

Content Editor

Related News