ਸ਼ੱਕੀ ਹਾਲਾਤ ’ਚ ਵਿਅਕਤੀ ਦੀ ਮੌਤ, ਪੁਲਸ ਨੇ ਦਰਜ ਕੀਤਾ ਆਤਮਹੱਤਿਆ ਦਾ ਮੁਕੱਦਮਾ

01/23/2022 5:40:09 PM

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖੁਰਾਣਾ) : ਸਥਾਨਕ ਜਲਾਲਾਬਾਦ ਰੋਡ ਤੇ ਲਹੋਰੀਆਂ ਵਾਲੀ ਬਸਤੀ ਦੇ ਇਕ ਵਿਅਕਤੀ ਦੀ ਸ਼ੱਕੀ ਹਾਲਾਤ ’ਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਹਾਲਾਂਕਿ ਪੁਲਸ ਵਲੋਂ ਇਸ ਮਾਮਲੇ ਨੂੰ ਆਤਮਹਤਿਆ ਕਰਾਰ ਦਿੰਦੇ ਹੋਏ ਧਾਰਾ 174 ਦੀ ਕਾਰਵਾਈ ਕੀਤੇ ਜਾਣ ਦੀ ਗੱਲ ਕਹੀ ਗਈ ਹੈ, ਜਦਕਿ ਮ੍ਰਿਤਕ ਦੇ ਭਰਾ ਵਲੋਂ ਸਹੁਰੇ ਪਰਿਵਾਰ ’ਤੇ ਕਤਲ ਕਰਨ ਦੇ ਦੋਸ਼ ਲਗਾਏ ਜਾ ਰਹੇ ਹਨ। ਕਾਰਵਾਈ ਦੀ ਮੰਗ ਨੂੰ ਲੈ ਕੇ ਸਵੇਰ ਤੋਂ ਲੈ ਕੇ ਬਾਅਦ ਦੁਪਹਿਰ ਤੱਕ ਮ੍ਰਿਤਕ ਦੇ ਭਰਾ ਸਮੇਤ ਹੋਰ ਪਰਿਵਾਰਕ ਮੈਂਬਰਾਂ ਵਲੋਂ ਥਾਣਾ ਸਿਟੀ ਤੋਂ ਐੱਸ. ਐੱਸ. ਪੀ ਦਫਤਰ ਤੱਕ ਦੇ ਕਈ ਚੱਕਰ ਲਾਏ ਗਏ, ਜਿਸ ਮਗਰੋਂ ਬਾਅਦ ਦੁਪਹਿਰ ਥਾਣਾ ਸਿਟੀ ਪੁਲਸ ਵਲੋਂ ਬਿਆਨ ਦਰਜ ਕਰਦੇ ਹੋਏ ਧਾਰਾ 174 ਤਹਿਤ ਕਾਰਵਾਈ ਕੀਤੇ ਜਾਣ ਦੀ ਗੱਲ ਕਹੀ ਗਈ ਜਦਕਿ ਮ੍ਰਿਤਕ ਦੇ ਭਰਾ ਲਖਵੀਰ ਸਿੰਘ ਉਰਫ ਟੋਨੀ ਨੇ ਸਹੁਰੇ ਪਰਿਵਾਰ ਨਾਲ ਲੜਾਈ ਝਗੜੇ ਮਗਰੋਂ ਹੱਥੋਪਾਈ ਕਰਕੇ ਉਸਦੇ ਭਰਾ ਹਰਮੰਦਰ ਸਿੰਘ ਦਾ ਕਥਿਤ ਰੂਪ ’ਚ ਕਤਲ ਕੀਤੇ ਜਾਣ ਦਾ ਦੋਸ਼ ਲਾਇਆ ਹੈ।

ਉਧਰ ਇਸ ਘਟਨਾਕ੍ਰਮ ਮਗਰੋਂ ਮ੍ਰਿਤਕ ਦੀ ਪਤਨੀ ਨਾਲ ਜਦੋਂ ਗੱਲਬਾਤ ਕਰਨੀ ਚਾਹੀ ਤਾਂ ਉਹ ਬੇਸੁੱਧ ਅਵਸਥਾ ਵਿਚ ਹੋਣ ਦੇ ਚੱਲਦਿਆਂ ਗੱਲਬਾਤ ਨਹੀਂ ਕਰ ਸਕੀ। ਉਧਰ, ਮ੍ਰਿਤਕ ਦੇ ਭਰਾ ਨੇ ਇਸ ਮਾਮਲੇ ਵਿਚ ਹਰਮੰਦਰ ਸਿੰਘ ਦੇ ਸਹੁਰੇ ਪਰਿਵਾਰ ਖ਼ਿਲਾਫ਼ ਕਾਰਵਾਈ ਨਾ ਕੀਤੇ ਜਾਣ ਤੱਕ ਮ੍ਰਿਤਕ ਦਾ ਅੰਤਿਮ ਸੰਸਕਾਰ ਨਾ ਕਰਣ ਦੀ ਚਿਤਾਵਨੀ ਦਿੱਤੀ ਹੈ। ਪੁਲਸ ਵਲੋਂ ਲਾਸ਼ ਨੂੰ ਸਿਵਲ ਹਸਪਤਾਲ ਦੀ ਮੋਰਚਰੀ ’ਚ ਰਖਵਾ ਦਿੱਤਾ ਹੈ। ਜਾਂਚ ਅਧਿਕਾਰੀ ਦਲਬੀਰ ਸਿੰਘ ਦਾ ਕਹਿਣਾ ਹੈ ਕਿ ਮ੍ਰਿਤਕ ਦੀ ਪਤਨੀ ਮਮਤਾ ਰਾਣੀ ਨੇ ਬਿਆਨ ਦਰਜ ਕਰਵਾਇਆ ਹੈ ਕਿ ਉਸਦੇ ਪਤੀ ਦੀ ਆਪਣੇ ਭਰਾ ਨਾਲ ਕਿਸੇ ਗੱਲ ਨੂੰ ਲੈ ਕੇ ਬਹਿਸ ਹੋਈ ਸੀ ਜਿਸ ਮਗਰੋਂ ਉਸਨੇ ਟਰੱਕ ਹੇਠ ਆ ਕੇ ਆਤਮਹੱਤਿਆ ਕਰ ਲਈ। ਫਿਲਹਾਲ ਪੁਲਸ ਧਾਰਾ 174 ਤਹਿਤ ਕਾਰਵਾਈ ਕਰ ਰਹੀ ਹੈ। ਪੋਸਟਮਾਰਟਮ ਰਿਪੋਰਟ ਆਉਣ ਮਗਰੋਂ ਅਗਲੇਰੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।

 


Gurminder Singh

Content Editor

Related News