ਗੁਰਦੁਆਰਾ ਸਾਹਿਬ ਮੱਥਾ ਟੇਕਣ ਜਾ ਰਹੇ ਵਿਅਕਤੀ ਨੂੰ ਅਣਪਛਾਤੇ ਵਾਹਨ ਨੇ ਮਾਰੀ ਟੱਕਰ, ਮੌਤ

Sunday, May 14, 2023 - 03:40 PM (IST)

ਗੁਰਦੁਆਰਾ ਸਾਹਿਬ ਮੱਥਾ ਟੇਕਣ ਜਾ ਰਹੇ ਵਿਅਕਤੀ ਨੂੰ ਅਣਪਛਾਤੇ ਵਾਹਨ ਨੇ ਮਾਰੀ ਟੱਕਰ, ਮੌਤ

ਬਟਾਲਾ (ਸਾਹਿਲ, ਬਲਜੀਤ) : ਗੁਰਦੁਆਰਾ ਸਾਹਿਬ ਮੱਥਾ ਟੇਕਣ ਜਾ ਰਹੇ ਵਿਅਕਤੀ ਨੂੰ ਅਣਪਛਾਤੇ ਵਾਹਨ ਵਲੋਂ ਟੱਕਰ ਮਾਰਨ ਨਾਲ ਉਸਦੀ ਮੌਤ ਹੋਣ ਦਾ ਦੁਖਦਾਈ ਸਮਾਚਾਰ ਮਿਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਪੰਚ ਸ਼ਿਵਚਰਨ ਸਿੰਘ ਸ਼ੇਖੂਪੁਰ ਨੇ ਦੱਸਿਆ ਕਿ ਬਿਕਰਮਜੀਤ ਸਿੰਘ ਪੁੱਤਰ ਸੁਖਜਿੰਦਰ ਸਿੰਘ ਵਾਸੀ ਪਿੰਡ ਸ਼ੇਖੂਪੁਰ ਖੁਰਦ ਜੋ ਕਿ ਰੋਜ਼ਾਨਾ ਦੀ ਤਰ੍ਹਾਂ ਪੈਦਲ ਪਿੰਡ ਤੋਂ ਨੈਸ਼ਨਲ ਹਾਈਵੇ ਰਾਹੀਂ ਗੁਰਦੁਆਰਾ ਜਨਮ ਅਸਥਾਨ ਬਾਬਾ ਬੁੱਢਾ ਸਾਹਿਬ ਕੱਥੂਨੰਗਲ ਵਿਖੇ ਮੱਥਾ ਟੇਕਣ ਲਈ ਜਾਂਦਾ ਸੀ, ਅੱਜ ਸਵੇਰੇ ਵੀ ਪੈਦਲ ਗੁਰਦੁਆਰਾ ਸਾਹਿਬ ਨੂੰ ਜਾ ਰਿਹਾ ਸੀ। ਜਦੋਂ ਇਹ ਪਿੰਡ ਅਬਦਾਲ ਨੇੜੇ ਪਹੁੰਚਿਆ ਤਾਂ ਕਿਸੇ ਅਣਪਛਾਤੇ ਵਾਹਨ ਨੇ ਇਸ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ, ਜਿਸ ਦੇ ਸਿੱਟੇ ਵਜੋਂ ਇਸ ਦੀ ਮੌਕੇ ’ਤੇ ਹੀ ਮੌਤ ਹੋ ਗਈ।

ਉਧਰ, ਇਸ ਹਾਦਸੇ ਦੀ ਸੂਚਨਾ ਮਿਲਦਿਆਂ ਹੀ ਕਸਬਾ ਜੈਂਤੀਪੁਰ ਦੇ ਨਜ਼ਦੀਕੀ ਥਾਣਾ ਕੱਥੂਨੰਗਲ ਦੇ ਐੱਸ.ਐੱਚ. ਓ ਜਸਵਿੰਦਰ ਸਿੰਘ ਮੰਜਿਆਂਵਾਲੀ ਨੇ ਪੁਲਸ ਪਾਰਟੀ ਸਮੇਤ ਮੌਕੇ ’ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲੈਂਦਿਆਂ ਮ੍ਰਿਤਕ ਬਿਕਰਮਜੀਤ ਸਿੰਘ ਦੀ ਲਾਸ਼ ਨੂੰ ਕਬਜ਼ੇ ਵਿਚ ਲੈਣ ਉਪਰੰਤ ਬਣਦੀ ਕਾਨੂੰਨੀ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ। ਖਬਰ ਲਿਖੇ ਜਾਣ ਤੱਕ ਪੁਲਸ ਕਾਰਵਾਈ ਜਾਰੀ ਸੀ।


author

Gurminder Singh

Content Editor

Related News