ਪਾਵਰਕਾਮ ਕਰਮਚਾਰੀਆਂ ਵੱਲੋਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ
Saturday, Nov 25, 2017 - 01:20 AM (IST)

ਹੁਸ਼ਿਆਰਪੁਰ, (ਘੁੰਮਣ)- ਪਾਵਰਕਾਮ ਦੀਆਂ ਵੱਖ-ਵੱਖ ਯੂਨੀਅਨਾਂ ਦੇ ਆਗੂਆਂ ਅਤੇ ਕਰਮਚਾਰੀਆਂ ਨੇ ਜੁਆਇੰਟ ਫੋਰਮ ਦੇ ਬੈਨਰ ਹੇਠ ਹੁਸ਼ਿਆਰਪੁਰ ਪਾਵਰਕਾਮ ਸਰਕਲ ਦਫ਼ਤਰ ਦੇ ਬਾਹਰ ਪੰਜਾਬ ਸਰਕਾਰ ਅਤੇ ਮੈਨੇਜਮੈਂਟ ਖਿਲਾਫ਼ ਮੰਗਾਂ ਨੂੰ ਲੈ ਰੋਸ ਪ੍ਰਦਰਸ਼ਨ ਕੀਤਾ।
ਉਪਰੰਤ ਕਰਮਚਾਰੀਆਂ ਨੇ ਵਰਕ-ਟੂ-ਰੂਲ 'ਤੇ ਜਾਣ ਦੇ ਐਲਾਨ 'ਤੇ ਪਾਵਰਕਾਮ ਸਰਕਲ ਦੇ ਡਿਪਟੀ ਚੀਫ ਇੰਜੀ. ਹਰਜਿੰਦਰਜੀਤ ਸਿੰਘ ਸੈਣੀ ਨੂੰ ਮੰਗ-ਪੱਤਰ ਵੀ ਦਿੱਤਾ। ਆਗੂਆਂ ਨੇ ਕਿਹਾ ਕਿ ਜਦੋਂ ਤੱਕ ਸਰਕਾਰ ਤੇ ਮੈਨੇਜਮੈਂਟ ਸਾਡੀਆਂ ਮੰਗਾਂ ਦੀ ਪੂਰਤੀ ਨਹੀਂ ਕਰਦੇ, ਉਦੋਂ ਤੱਕ ਪੰਜਾਬ 'ਚ ਸਾਰੇ ਪਾਵਰਕਾਮ ਕਰਮਚਾਰੀ ਅੱਜ 8 ਘੰਟੇ ਤੋਂ ਬਾਅਦ ਕਿਤੇ ਵੀ ਫਾਲਟ ਆਉਣ 'ਤੇ ਮੋਬਾਇਲ ਨਹੀਂ ਸੁਣਨਗੇ। ਉਨ੍ਹਾਂ ਮੈਨੇਜਮੈਂਟ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਸਾਡੀਆਂ ਮੰਗਾਂ ਨੂੰ ਲਾਗੂ ਨਾ ਕੀਤਾ ਗਿਆ ਤਾਂ ਮਜਬੂਰਨ 14 ਦਸੰਬਰ ਤੋਂ ਰਾਜ ਭਰ ਦੇ ਸਾਰੇ ਪਾਵਰਕਾਮ ਕਰਮਚਾਰੀ ਹੜਤਾਲ 'ਤੇ ਚਲੇ ਜਾਣਗੇ।
ਇਸ ਮੌਕੇ ਜ਼ੈਲ ਸਿੰਘ, ਪ੍ਰਵੇਸ਼ ਕੁਮਾਰ, ਨਛੱਤਰ ਸਿੰਘ, ਭੁਪਿੰਦਰ ਸਿੰਘ, ਲਖਵਿੰਦਰ ਸਿੰਘ, ਗੁਰਦੀਪ ਸਿੰਘ, ਰਾਕੇਸ਼ ਸ਼ਰਮਾ, ਅਸ਼ਵਨੀ ਕੁਮਾਰ, ਰਣਜੀਤ ਸਿੰਘ, ਬਲਵੰਤ ਸਿੰਘ ਆਦਿ ਹਾਜ਼ਰ ਸਨ।
ਕੀ ਹਨ ਮੰਗਾਂ : ਪਹਿਲੀ ਦਸੰਬਰ 2011 ਤੋਂ ਪੇ-ਬੈਂਡ ਲਾਗੂ ਕਰਨਾ, ਠੇਕੇ 'ਤੇ ਆਧਾਰਿਤ ਕਰਮਚਾਰੀਆਂ ਨੂੰ ਰੈਗੂਲਰ ਕਰਨਾ, 23 ਸਾਲ ਦੀ ਸੇਵਾ ਉਪਰੰਤ ਕਰਮਚਾਰੀਆਂ ਨੂੰ ਤਰੱਕੀ ਦੇਣਾ, ਨਵੀਆਂ ਭਰਤੀਆਂ ਕਰਨਾ, ਆਊਟਸੋਰਸ ਪ੍ਰਥਾ ਬੰਦ ਕਰਨਾ, ਮਹਿੰਗਾਈ ਭੱਤਾ 2017 ਤੋਂ ਲਾਗੂ ਕਰਨਾ ਆਦਿ।