ਵਰਿਆਣਾ ਡੰਪ ਦੇ ਵਿਸਥਾਰ ਦੇ ਵਿਰੋਧ 'ਚ ਲੋਕਾਂ ਨੇ ਰੋਕੀਆਂ ਕੂੜੇ ਦੀਆਂ ਗੱਡੀਆਂ
Monday, Jun 25, 2018 - 12:34 PM (IST)
ਜਲੰਧਰ (ਖੁਰਾਣਾ)— ਵਰਿਆਣਾ ਡੰਪ ਮਾਮਲੇ 'ਚ ਬਣੀ ਐਕਸ਼ਨ ਕਮੇਟੀ ਦੇ ਮੈਂਬਰਾਂ ਨੇ ਸੋਮਵਾਰ ਨੂੰ ਕਪੂਰਥਲਾ ਰੋਡ ਤੋਂ ਡੰਪ ਵੱਲ ਜਾਣ ਵਾਲੀ ਸੜਕ 'ਤੇ ਇਕੱਠੇ ਹੋ ਕੇ ਕੂੜੇ ਵਾਲੀਆਂ ਗੱਡੀਆਂ ਨੂੰ ਰੋਕ ਕੇ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ 'ਤੇ ਕਾਂਗਰਸ ਕੌਂਸਲਰ ਲਖਵੀਰ ਬਾਜਵਾ ਅਤੇ ਜਗਦੀਸ਼ ਸਮਰਾਏ ਨੇ ਡੰਪ ਹਟਾਓ ਕਮੇਟੀ ਦਾ ਸਮਰਥਨ ਦਿੱਤਾ।

ਜ਼ਿਕਰਯੋਗ ਹੈ ਕਿ ਨਗਰ-ਨਿਗਮ ਵੱਲੋਂ ਬਣਾਈ ਗਈ ਸਬ-ਕਮੇਟੀ ਨੇ ਵਰਿਆਣਾ ਡੰਪ ਨੇੜੇ 8-10 ਏਕੜ ਜ਼ਮੀਨ ਖਰੀਦਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜਿਸ ਕਾਰਨ ਖੇਤਰ ਵਾਸੀਆਂ ਦਾ ਵਿਰੋਧ ਸ਼ੁਰੂ ਹੋ ਗਿਆ ਹੈ। ਇਸ ਮਾਮਲੇ 'ਚ ਜਲੰਧਰ ਵਿਹਾਰ, ਜਲੰਧਰ ਕੁੰਜ, ਗੌਤਮ ਨਗਰ ਅਤੇ ਨੇੜੇ ਦੀਆਂ ਕਈ ਕਾਲੋਨੀਆਂ ਦੇ ਵਾਸੀਆਂ 'ਤੇ ਆਧਾਰਿਤ ਐਕਸ਼ਨ ਕਮੇਟੀ ਨੇ ਮੇਅਰ ਜਗਦੀਸ਼ ਰਾਜ ਰਾਜਾ 'ਤੇ ਵਾਅਦਾਖਿਲਾਫੀ ਦਾ ਦੋਸ਼ ਲਗਾਇਆ ਹੈ। ਐਕਸ਼ਨ ਕਮੇਟੀ ਦੇ ਪ੍ਰਤੀਨਿਧੀ ਅਤੇ ਜਲੰਧਰ ਕੁੰਜ ਦੇ ਪ੍ਰਧਾਨ ਨਵਿੰਦਰ ਸ਼ਰਮਾ ਨੇ ਕਿਹਾ ਕਿ ਮੇਅਰ ਜਗਦੀਸ਼ ਰਾਜਾ ਨੇ ਵਾਅਦਾ ਕੀਤਾ ਸੀ ਕਿ ਖੇਤਰ ਵਾਸੀਆਂ ਨਾਲ ਬੈਠਕ ਕਰਕੇ ਹੀ ਡੰਪ ਦੇ ਵਿਸਥਾਰ ਅਤੇ ਪਲਾਂਟ ਲਗਾਉਣ ਬਾਰੇ ਫੈਸਲਾ ਲਿਆ ਜਾਵੇਗਾ ਪਰ ਮੇਅਰ ਨੇ ਇਕ ਵਾਰ ਵੀ ਗੱਲ ਕਰਨੀ ਜ਼ਰੂਰੀ ਨਹੀਂ ਸਮਝੀ।
