ਭੋਗਪੁਰ ’ਚ ਪ੍ਰਦਰਸ਼ਨ ਦੌਰਾਨ ਹੋਈ ਬਜ਼ੁਰਗ ਔਰਤ ਦੀ ਮੌਤ ਦਾ ਮਾਮਲਾ ਭਖਿਆ
Wednesday, Feb 26, 2020 - 11:06 AM (IST)
ਭੋਗਪੁਰ (ਸੂਰੀ)— ਬੀਤੇ ਐਤਵਾਰ ਜਲੰਧਰ-ਜੰਮੂ ਨੈਸ਼ਨਲ ਹਾਈਵੇਅ ਅਤੇ ਭੋਗਪੁਰ ਵਿਚਲੇ ਆਦਮਪੁਰ ਟੀ-ਪੁਆਇੰਟ ਚੌਕ ’ਚ ਵੱਖ-ਵੱਖ ਜਥੇਬੰਦੀਆਂ ਵਲੋਂ ਐੱਨ. ਸੀ. ਆਰ. ਅਤੇ ਸੀ. ਏ. ਏ. ਦੇ ਵਿਰੋਧ ’ਚ ਧਰਨਾ ਲਾਇਆ ਗਿਆ ਸੀ। ਇਸ ਦੌਰਾਨ ਇਕ ਬਜ਼ੁਰਗ ਔਰਤ ਗੁਰਮੀਤ ਕੌਰ ਨੂੰ ਦਿਲ ਦਾ ਦੌਰਾ ਪੈਣ ਕਰਕੇ ਹਸਪਤਾਲ ਲਿਜਾਇਆ ਜਾ ਰਿਹਾ ਹੈ। ਹਸਪਤਾਲ ਲਿਜਾਂਦੇ ਸਮੇਂ ਗੱਡੀ ਜਾਮ ’ਚ ਫਸਣ ਕਰਕੇ ਬਜ਼ੁਰਗ ਔਰਤ ਦੀ ਮੌਤ ਹੋ ਗਈ ਸੀ। ਪ੍ਰਦਰਸ਼ਨ ਦੌਰਾਨ ਗੁਰਮੀਤ ਕੌਰ ਦੀ ਮੌਤ ਹੋ ਜਾਣ ਤੋਂ ਬਾਅਦ ਪਿੰਡ ਡੱਲਾ ਦੀ ਪੰਚਾਇਤ ਅਤੇ ਇਲਾਕੇ ਦੇ ਲੋਕਾਂ ਨੇ ਐੱਸ. ਐੱਸ. ਪੀ. ਜਲੰਧਰ ਅੱਗੇ ਪੇਸ਼ ਹੋ ਕੇ ਲਿਖਤੀ ਸ਼ਿਕਾਇਤ ਦੇ ਕੇ ਧਰਨਾਕਾਰੀਆਂ ਨੂੰ ਗੁਰਮੀਤ ਕੌਰ ਦੀ ਮੌਤ ਦਾ ਜ਼ਿੰਮੇਵਾਰ ਦੱਸਦਿਆਂ ਕਾਰਵਾਈ ਦੀ ਮੰਗ ਕੀਤੀ ਹੈ।
ਇਸ ਸਬੰਧੀ ਇਕ ਵਫਦ ਜਿਸ ਵਿਚ ਸਰਪੰਚ ਦੇ ਪਤੀ ਚਰਨਜੀਤ ਸਿੰਘ (ਮ੍ਰਿਤਕ ਔਰਤ ਦਾ ਪੋਤਾ), ਜਸਪ੍ਰੀਤ ਸਿੰਘ ਜੈਪਾ ਸਰਪੰਚ ਨੰਗਲ ਖੁਰਦ ਸਮੇਤ ਪਿੰਡ ਦੇ ਪੰਚ, ਪਿੰਡ ਡੱਲਾ ਦੀ ਸਮੂਹ ਗ੍ਰਾਮ ਪੰਚਾਇਤ ਅਤੇ ਇਲਾਕੇ ਦੇ ਮੋਹਤਬਰਾਂ ਨੇ ਸ਼ਿਕਾਇਤ ਕੀਤੀ ਹੈ ਕਿ 100 ਤੋਂ ਵੱਧ ਨੌਜਵਾਨਾਂ ਨੂੰ ਨਾਲ ਲੈ ਕੇ ਵੱਖ-ਵੱਖ ਆਗੂਆਂ ਵਲੋਂ ਭੋਗਪੁਰ ਸ਼ਹਿਰ ਦੇ ਆਦਮਪੁਰ ਟੀ-ਪੁਆਇੰਟ ਚੌਕ ’ਚ ਜਲੰਧਰ-ਜੰਮੂ ਨੈਸ਼ਨਲ ਹਾਈਵੇਅ ਬੰਦ ਕਰ ਕੇ ਨਿਯਮਾਂ ਦੀਆਂ ਧੱਜੀਆਂ ਉਡਾਉਂਦਿਆਂ 3 ਘੰਟਿਆਂ ਤੱਕ ਪ੍ਰਦਰਸ਼ਨ ਕੀਤਾ ਗਿਆ।
ਪਿੰਡ ਡੱਲਾ ਦੇ ਵਸਨੀਕ ਚਰਨਜੀਤ ਸਿੰਘ ਨੇ ਦੱਸਿਆ ਕਿ ਉਹ ਆਪਣੀ ਦਾਦੀ ਗੁਰਮੀਤ ਕੌਰ (80), ਜਿਸ ਨੂੰ ਅਟੈਕ ਹੋਣ ਕਾਰਣ ਇਲਾਜ ਲਈ ਭੋਗਪੁਰ ਦੇ ਨਿੱਜੀ ਹਸਪਤਾਲ ਲਿਜਾ ਰਿਹਾ ਸੀ ਪਰ ਧਰਨਾਕਾਰੀਆਂ ਨੇ ਆਦਮਪੁਰ ਟੀ-ਪੁਆਇੰਟ ’ਤੇ ਸ਼ਰਾਰਤੀ ਅਨਸਰ ਨੌਜਵਾਨਾਂ ਵਲੋਂ ਮੇਰੀ ਨਿੱਜੀ ਗੱਡੀ ਅੱਗੇ ਆ ਕੇ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ ਅਤੇ ਪਰਿਵਾਰਕ ਮੈਂਬਰਾਂ ਨਾਲ ਬਹਿਸ ਕਰਦੇ ਰਹੇ। ਜਿੱਥੇ ਲਡ਼ਾਈ ਤੱਕ ਦੀ ਨੌਬਤ ਆਉਣ ਕਰ ਕੇ ਥਾਣਾ ਭੋਗਪੁਰ ਦੀ ਪੁਲਸ ਨੇ ਬੈਰੀਕੇਡ ਖੋਲ੍ਹ ਕੇ ਗੱਡੀ ਨੂੰ ਕਢਵਾਇਆ ਪਰ ਦੋ ਕਿਲੋਮੀਟਰ ਜਾਮ ਕ੍ਰਾਸ ਕਰਨ ’ਤੇ ਬਜ਼ੁਰਗ ਔਰਤ ਨੇ ਗੱਡੀ ’ਚ ਹੀ ਦਮ ਤੋਡ਼ ਦਿੱਤਾ। ਇਸ ਸਬੰਧੀ ਅਸੀਂ ਪਿੰਡ ਡੱਲਾ ਦੀ ਪੰਚਾਇਤ ਅਤੇ ਪਿੰਡ ਵਾਸੀ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਕਾਨੂੰਨ ਦੇ ਖਿਲਾਫ਼ ਜਾ ਕੇ ਨੈਸ਼ਨਲ ਹਾਈਵੇਅ ਜਾਮ ਕਰਨ ਦੌਰਾਨ ਹੋਈ ਮੌਤ ਕਾਰਣ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ ਇਨਸਾਫ਼ ਦਿੱਤਾ ਜਾਵੇ ਅਤੇ ਧਰਨਾਕਾਰੀਆਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਐੱਸ. ਐੱਸ. ਪੀ. ਜਲੰਧਰ ਦਿਹਾਤੀ ਨੇ ਵਫਦ ਦੀ ਗੱਲਬਾਤ ਸੁਣਨ ਤੋਂ ਬਾਅਦ ਇਹ ਸ਼ਿਕਾਇਤ ਏ. ਐੱਸ. ਪੀ. ਸਬ ਡਵੀਜ਼ਨ ਆਦਮਪੁਰ ਨੂੰ ਕਾਰਵਾਈ ਲਈ ਭੇਜ ਦਿੱਤੀ ਹੈ।
ਏ. ਐੱਸ. ਪੀ. ਅੰਕੁਰ ਗੁਪਤਾ ਪਹੁੰਚੇ ਮ੍ਰਿਤਕਾ ਗੁਰਮੀਤ ਕੌਰ ਦੇ ਘਰ
ਧਰਨਾਕਾਰੀਆਂ ਖਿਲਾਫ ਕਾਰਵਾਈ ਕੀਤੇ ਜਾਣ ਸਬੰਧੀ ਦਿੱਤੀ ਗਈ ਸ਼ਿਕਾਇਤ ’ਤੇ ਜਾਂਚ ਏ. ਐੱਸ. ਪੀ. ਸਬ ਡਵੀਜ਼ਨ ਆਦਮਪੁਰ ਨੂੰ ਸੌਂਪਣ ਤੋਂ ਬਾਅਦ ਏ. ਐੱਸ. ਪੀ. ਅੰਕੁਰ ਗੁਪਤਾ ਮ੍ਰਿਤਕਾ ਗੁਰਮੀਤ ਕੌਰ ਦੇ ਘਰ ਜਾਂਚ ਅਤੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕਰਨ ਲਈ ਪੁੱਜੇ। ਸ਼੍ਰੀ ਗੁਪਤਾ ਨੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕਰਨ ਉਪਰੰਤ ਧਰਨੇ ਸਮੇਂ ਧਰਨਾਕਾਰੀਆਂ ਅਤੇ ਪੀਡ਼ਤ ਪਰਿਵਾਰ ਨਾਲ ਹੋਈ ਤਕਰਾਰਬਾਜ਼ੀ ਅਤੇ ਬੀਮਾਰ ਔਰਤ ਦੇ ਹਸਪਤਾਲ ਲਿਜਾਏ ਜਾਣ ਅਤੇ ਵਾਪਸੀ ’ਤੇ ਹੋਈ ਗੱਲਬਾਤ ਬਾਰੇ ਜਾਣਕਾਰੀ ਲਈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਅੱਜ ਹੀ ਇਸ ਸਬੰਧੀ ਸ਼ਿਕਾਇਤ ਮਿਲੀ ਹੈ ਅਤੇ ਪੁਲਸ ਵਲੋਂ ਮਾਮਲੇ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਪੁਲਸ ਇਸ ਮਾਮਲੇ ਦੀ ਹਰ ਐਂਗਲ ਤੋਂ ਜਾਂਚ ਕਰੇਗੀ।