ਸੁਲਤਾਨਪੁਰ ਲੋਧੀ 'ਚ ਔਰਤਾਂ ਤੇ ਪੁਲਸ ਵਿਚਾਲੇ ਝੜਪ, ਚੱਲੇ ਇੱਟਾਂ-ਪੱਥਰ

Thursday, Oct 17, 2019 - 12:34 PM (IST)

ਸੁਲਤਾਨਪੁਰ ਲੋਧੀ 'ਚ ਔਰਤਾਂ ਤੇ ਪੁਲਸ ਵਿਚਾਲੇ ਝੜਪ, ਚੱਲੇ ਇੱਟਾਂ-ਪੱਥਰ

ਸੁਲਤਾਨਪੁਰ ਲੋਧੀ (ਓਬਰਾਏ)— ਸੁਲਾਤਨਪੁਰ ਲੋਧੀ ਦੇ ਰੇਲਵੇ ਲਾਈਨ ਅੰਡਰਬ੍ਰਿਜ 'ਤੇ ਮੰਗਲਵਾਰ ਨੂੰ ਝੋਨੇ ਦੇ ਟਰੱਕ ਨਾਲ ਐਕਟਿਵਾ ਸਵਾਰ ਦੀ ਟੱਕਰ ਹੋਣ ਕਰਕੇ ਸੁਰਜੀਤ ਕੁਮਾਰ ਨਾਂ ਦੇ ਨੌਜਵਾਨ ਦੀ ਮੌਤ ਹੋ ਗਈ ਸੀ। ਇਸੇ ਰੋਸ ਵਜੋਂ ਬੀਤੇ ਦਿਨ ਪਰਿਵਾਰ ਵੱਲੋਂ ਸੜਕ ਜਾਮ ਕਰਕੇ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨ ਦੌਰਾਨ ਸਥਿਤੀ ਉਸ ਸਮੇਂ ਵਿਗੜ ਗਈ ਜਦੋਂ ਪੁਲਸ ਮੁਲਾਜ਼ਮਾਂ ਅਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਝੜਪ ਹੋ ਗਈ। ਇਸ ਦੀ ਇਕ ਵੀਡੀਓ ਵੀ ਵਾਇਰਲ ਹੋ ਰਹੀ ਹੈ। ਝੜਪ ਇੰਨੀ ਵੱਧ ਗਈ ਕਿ ਪ੍ਰਦਰਸ਼ਨਕਾਰੀ ਔਰਤਾਂ ਅਤੇ ਪੁਲਸ ਵਿਚਾਲੇ ਇੱਟਾਂ-ਪੱਥਰ ਤੱਕ ਚੱਲ ਗਏ। ਸਾਹਮਣੇ ਆਈਆਂ ਤਸਵੀਰਾਂ 'ਚ ਤੁਸੀਂ ਸਾਫ ਦੇਖ ਸਕਦੇ ਹੋ ਕਿ ਪ੍ਰਦਰਸ਼ਨਕਾਰੀ ਮਹਿਲਾਵਾਂ ਤੇ ਪੁਲਸ ਮੁਲਾਜ਼ਮਾਂ ਵੱਲੋਂ ਕਿਵੇਂ ਇਕ ਦੂਜੇ 'ਤੇ ਪੱਥਰ ਵਰ੍ਹਾਏ ਜਾ ਰਹੇ ਹਨ। 

PunjabKesari

ਧਰਨੇ ਮੌਕੇ ਰੋਸ ਜ਼ਾਹਰ ਕਰਦੇ ਹੋਏ ਮ੍ਰਿਤਕ ਸੁਰਜੀਤ ਦੇ ਭਰਾ, ਰਾਕੇਸ਼, ਸੰਨੀ ਆਦਿ ਨੇ ਕਿਹਾ ਕਿ ਬੀਤੇ ਦਿਨ ਹਾਦਸੇ ਤੋਂ ਬਾਅਦ ਪੁਲਸ ਨੇ ਝੋਨੇ ਦੇ ਭਰੇ ਟਰੱਕ ਅਤੇ ਡਰਾਈਵਰ ਨੂੰ ਕਾਬੂ ਕਰਕੇ ਆਪਣੀ ਕਸਟੱਡੀ 'ਚ ਲੈ ਲਿਆ ਸੀ। ਉਨ੍ਹਾਂ ਦੱਸਿਆ ਕਿ ਜਦੋਂ ਉਹ ਮ੍ਰਿਤਕ ਸੁਰਜੀਤ ਦਾ ਪੋਸਟਮਾਰਟਮ ਕਰਵਾਉਣ ਲਈ ਆਏ ਤਾਂ ਸਰਕਾਰੀ ਹਾਈ ਸਕੂਲ 'ਚ ਪਹਿਲਾਂ ਖੜ੍ਹੇ ਕੀਤੇ ਪੁਲਸ ਵੱਲੋਂ ਟਰੱਕ ਨੂੰ ਦੇਖਿਆ ਤਾਂ ਉਸ 'ਚੋਂ ਝੋਨੇ ਦੀਆਂ ਬੋਰੀਆਂ ਗਾਇਬ ਸਨ ਅਤੇ ਟਰੱਕ ਖਾਲੀ ਖੜ੍ਹਾ ਸੀ। ਉਨ੍ਹਾਂ ਕਿਹਾ ਕਿ ਇਸ ਸਬੰਧੀ ਜਦੋਂ ਉਨ੍ਹਾਂ ਤੋਂ ਪੁਲਸ ਨੂੰ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਟਰੱਕ ਤਾਂ ਖਾਲੀ ਕਰਵਾਉਣਾ ਸੀ ਕਿਉਂਕਿ ਝੋਨਾ ਖਰਾਬ ਹੋਣ ਦਾ ਡਰ ਸੀ। ਉਨ੍ਹਾਂ ਪੁਲਸ 'ਤੇ ਕਥਿਤ ਤੌਰ 'ਤੇ ਆਪਸੀ ਸਹਿਮਤੀ ਨਾਲ ਦੋਸ਼ ਲਗਾਉਂਦੇ ਕਿਹਾ ਕਿ ਪੁਲਸ ਨੇ ਇਹ ਜਾਣਬੁੱਝ ਕੇ ਕੀਤਾ ਹੈ। ਉਨ੍ਹਾਂ ਕਿਹਾ ਕਿ ਇਕ ਪਾਸੇ ਇਕ ਗਰੀਬ ਦਾ ਪਰਿਵਾਰ ਉਜੜ ਗਿਆ ਅਤੇ ਦੂਜੇ ਪਾਸੇ ਉਸ ਨਾਲ ਕੇਸ ਨੂੰ ਦਬਾਉਣ ਲਈ ਪੁਲਸ ਧੱਕਾ ਕਰ ਰਹੀ ਹੈ, ਜਿਸ ਦੇ ਸਿੱਟੇ ਵਜੋਂ ਉਨ੍ਹਾਂ ਰੋਸ ਜ਼ਾਹਰ ਕਰਦੇ ਹੋਏ ਰੋਸ ਧਰਨਾ ਦਿੱਤਾ ਅਤੇ ਮੁੱਖ ਸੜਕ ਨੂੰ ਆਵਾਜਾਈ ਲਈ ਬੰਦ ਕਰ ਦਿੱਤੀ।

ਕਾਨੂੰਨ ਮੁਤਾਬਕ ਝੋਨਾ ਖਰਾਬ ਹੋਣ ਦੇ ਖਦਸ਼ੇ ਕਾਰਨ ਟਰੱਕ ਖਾਲੀ ਕਰਵਾਇਆ : ਐੱਸ. ਐੱਚ. ਓ.
ਧਰਨੇ ਦੀ ਖਬਰ ਮਿਲਦਿਆਂ ਹੀ ਐੱਸ. ਐੱਚ. ਓ. ਸੁਲਤਾਨਪੁਰ ਲੋਧੀ ਇੰਸ. ਸਰਬਜੀਤ ਸਿੰਘ ਮੌਕੇ 'ਤੇ ਪੁੱਜੇ। ਉਨ੍ਹਾਂ ਕਿਹਾ ਕਿ ਪੁਲਸ ਹਾਦਸੇ ਵਾਲੀ ਰਾਤ ਹੀ ਉਕਤ ਟਰੱਕ ਡਰਾਈਵਰ ਨੂੰ ਫੜ ਕੇ ਉਸ ਦੇ ਵਿਰੁੱਧ ਕੇਸ ਦਰਜ ਕਰ ਦਿੱਤਾ ਸੀ। ਉਨ੍ਹਾਂ ਕਿਹਾ ਕਿ ਟਰੱਕ 'ਚ ਪਏ ਝੋਨੇ ਦੇ ਖਰਾਬ ਹੋਣ ਦੇ ਖਦਸ਼ੇ ਕਾਰਨ ਹੀ ਉਸ ਨੂੰ ਖਾਲੀ ਕਰਵਾਇਆ ਗਿਆ ਸੀ, ਜੋਕਿ ਕਾਨੂੰਨ ਮੁਤਾਬਕ ਹੋ ਸਕਦਾ ਹੈ। ਉਨ੍ਹਾਂ ਫਿਰ ਰੋਸ ਧਰਨੇ ਵਾਲਿਆਂ ਨੂੰ ਸਮਝਾ ਕੇ ਰੋਸ ਧਰਨੇ ਨੂੰ ਚੁੱਕਵਾ ਦਿੱਤਾ।
ਪ੍ਰਦਰਸ਼ਨਕਾਰੀ ਮਹਿਲਾਵਾਂ ਨੇ ਦੱਸਿਆ ਕਿ ਸੁਰਜੀਤ ਕੁਮਾਰ ਦੇ ਦੋਸ਼ੀ ਖਿਲਾਫ ਕਾਰਵਾਈ ਕਰਨ ਦੀ ਥਾਂ ਪੁਲਸ ਖਾਨਾਪੂਰਤੀ ਕਰ ਰਹੀ ਹੈ, ਜਿਸ ਦੇ ਵਿਰੋਧ 'ਚ ਉਨ੍ਹਾਂ ਵੱਲੋਂ ਟਰੱਕ ਘੇਰ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ। ਇੰਨੇ 'ਚ ਪੁਲਸ ਮੁਲਾਜ਼ਮਾਂ ਨੇ ਮਹਿਲਾਵਾਂ ਨਾਲ ਬਦਸਲੂਕੀ ਸ਼ੁਰੂ ਕਰ ਦਿੱਤੀ, ਜਿਸ ਕਾਰਨ ਮਹਿਲਾਵਾਂ ਨੇ ਵੀ ਜਵਾਬੀ ਕਾਰਵਾਈ ਕੀਤੀ। 

PunjabKesari

ਦੱਸ ਦੇਈਏ ਕਿ ਰੇਲਵੇ ਵਿਭਾਗ ਵੱਲੋਂ ਕਰਮਜੀਤਪੁਰ ਰੋਡ 'ਤੇ ਦੋ ਅੰਡਰਬ੍ਰਿਜ ਬਣਾਏ ਗਏ, ਜਿਸ 'ਚੋਂ ਇਕ ਨੂੰ ਲੋਕਾਂ ਲਈ ਖੋਲ ਦਿੱਤਾ ਗਿਆ ਸੀ ਪਰ ਇਸ ਅੰਡਰਬ੍ਰਿਜ ਦਾ ਨਿਰਮਾਣ ਅਣਗਹਿਲੀ ਨਾਲ ਹੋਣ ਕਾਰਨ ਸੁਰਜੀਤ ਸਿੰਘ ਦੀ ਐਕਟਿਵਾ ਨੂੰ ਟਰੱਕ ਨੇ ਟੱਕਰ ਮਾਰ ਦਿੱਤੀ ਸੀ। ਇਸ ਹਾਦਸੇ 'ਚ ਸੁਰਜੀਤ ਦੇ ਦੋ ਸਾਥੀਆਂ ਨੇ ਤਾਂ ਐਕਟਿਵਾ ਤੋਂ ਛਾਲ ਮਾਰ ਕੇ ਆਪਣੀ ਜਾਨ ਬਚਾ ਲਈ ਪਰ ਸੁਰਜੀਤ ਟਰੱਕ ਦੀ ਚਪੇਟ 'ਚ ਆ ਗਿਆ ਅਤੇ ਉਸ ਦੀ ਮੌਤ ਹੋ ਗਈ ਸੀ। 
 


author

shivani attri

Content Editor

Related News