ਨਾਜਾਇਜ਼ ਸ਼ਰਾਬ ਬਰਾਮਦ ਹੋਣ ਦੇ ਮਾਮਲੇ ''ਚ ਕੱਢਿਆ ਗਿਆ ਰੋਸ ਮਾਰਚ, ਬਾਜ਼ਾਰ ਰਹੇ ਬੰਦ
Monday, Apr 08, 2019 - 04:00 PM (IST)
ਨਵਾਂਸ਼ਹਿਰ (ਤ੍ਰਿਪਾਠੀ, ਮਨੋਰੰਜਨ)— ਥਾਣਾ ਸਦਰ ਨਵਾਂਸ਼ਹਿਰ ਦੀ ਪੁਲਸ ਵੱਲੋਂ 2 ਅਕਾਲੀ ਆਗੂਆਂ ਅਤੇ ਉਨ੍ਹਾਂ ਦੇ ਪਾਰਟਨਰ 'ਤੇ 805 ਪੇਟੀਆਂ ਦੇ ਕਥਿਤ ਤੌਰ 'ਤੇ ਨਾਜਾਇਜ਼ ਸ਼ਰਾਬ ਦੇ ਦਰਜ ਕੀਤੇ ਮਾਮਲੇ ਦੇ ਵਿਰੋਧ 'ਚ ਅੱਜ ਨਵਾਂਸ਼ਹਿਰ ਦੇ ਬਾਜ਼ਾਰ ਅੱਧੇ ਦਿਨ ਤੱਕ ਪੂਰਨ ਤੌਰ 'ਤੇ ਬੰਦ ਰਹੇ। ਇਸ ਦੌਰਾਨ ਅਕਾਲੀ ਦਲ, ਭਾਜਪਾ ਅਤੇ ਸਮਾਜਿਕ-ਧਾਰਮਕ ਸੰਸਥਾਵਾਂ ਦੇ ਪ੍ਰਤੀਨਿਧੀਆਂ ਨੇ ਪੁਰਾਣੀ ਦਾਣਾ ਮੰਡੀ 'ਚ ਇਕੱਠ ਕਰਨ ਉਪਰੰਤ ਸ਼ਹਿਰ ਦੇ ਪ੍ਰਮੁੱਖ ਬਾਜ਼ਾਰਾਂ ਅਤੇ ਮਾਰਗਾਂ 'ਤੇ ਰੋਸ ਮਾਰਚ ਕੱਢ ਕੇ ਡਿਪਟੀ ਕਮਿਸ਼ਨਰ ਦੀ ਮਾਰਫਤ ਪੰਜਾਬ ਦੇ ਮੁੱਖ ਮੰਤਰੀ ਨੂੰ ਮੰਗ ਪੱਤਰ ਭੇਜ ਕੇ ਦਰਜ ਹੋਏ ਝੂਠੇ ਮਾਮਲੇ ਨੂੰ ਰੱਦ ਕਰਨ ਦੀ ਮੰਗ ਕੀਤੀ। ਕੌਂਸਲਰ ਪਰਮ ਸਿੰਘ ਖਾਲਸਾ, ਕੁਲਵਿੰਦਰ ਸਿੰਗਲ, ਕੁਲਜੀਤ ਸਿੰਘ ਲੱਕੀ ਅਤੇ ਸੁਖਦੀਪ ਸਿੰਘ ਸ਼ਿਕਾਰ ਨੇ ਪੰਜਾਬ ਸਰਕਾਰ ਤੋਂ ਮੰਗ ਕਰਦੇ ਹੋਏ ਕਿਹਾ ਕਿ ਉਕਤ ਮਾਮਲੇ ਦੀ ਜਾਂਚ ਕਰਵਾਉਣ ਦੇ ਲਈ ਨਵਾਂਸ਼ਹਿਰ ਦੇ ਬਾਹਰ ਦੇ ਜ਼ਿਲੇ ਦੇ ਪੁਲਸ ਅਧਿਕਾਰੀਆਂ ਦੀ ਐੱਸ.ਆਈ.ਟੀ. ਗਠਿਤ ਕਰ ਕੇ ਜਾਂਚ ਕਰਵਾਈ ਜਾਵੇ ਅਤੇ ਅਕਾਲੀ ਆਗੂਆਂ 'ਤੇ ਝੂਠਾ ਮਾਮਲਾ ਦਰਜ ਕਰਵਾਉਣ ਵਾਲੇ ਵਿਅਕਤੀਆਂ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ।
ਕਾਂਗਰਸੀ ਆਗੂ ਨੇ ਵੀ ਉਠਾਏ ਸਥਾਨਕ ਲੀਡਰਸ਼ਿਪ 'ਤੇ ਸਵਾਲ !
ਕਾਂਗਰਸੀ ਆਗੂ ਅਤੇ ਜ਼ਿਲਾ ਬ੍ਰਾਹਮਣ ਸਭਾ ਦੇ ਕਾਰਜਕਾਰੀ ਪ੍ਰਧਾਨ ਸੰਦੀਪ ਕੁਮਾਰ ਸੀ. ਐੱਮ. ਨੇ ਕਿਹਾ ਕਿ ਅਕਾਲੀ ਆਗੂ Îਸ਼ੰਕਰ ਦੁੱਗਲ ਅਤੇ ਹੇਮੰਤ ਬੌਬੀ ਦੇ ਪਾਰਟਨਰ ਗੌਰਵ ਚੋਪੜਾ ਨੂੰ ਰਾਤ 11 ਵਜੇ ਫੋਨ ਕਰਨ ਵਾਲੇ ਵਿਅਕਤੀ ਦੀ ਕਾਲ ਡਿਟੇਲ ਅਤੇ ਲੋਕੇਸ਼ਨ ਨੂੰ ਕਢਵਾਇਆ ਜਾਵੇ ਤਾਂ ਕਿ ਅਸਲੀ ਮੁਲਜ਼ਮਾਂ ਦੇ ਨਾਮ ਸਾਹਮਣੇ ਆ ਸਕਣ। ਉਨ੍ਹਾਂ ਲੀਡਰਸ਼ਿਪ ਵੱਲੋਂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਦੀ ਸ਼ਰਾਬ ਹੋਣ ਦਾ ਦੋਸ਼ ਲਗਾਉਣ ਵਾਲੇ ਆਗੂਆਂ ਸਬੰਧੀ ਕਿਹਾ ਕਿ ਕੋਈ ਵੀ ਸਮਝਦਾਰ ਆਗੂ ਚੋਣਾਂ ਦੇ ਸੀਜ਼ਨ 'ਚ ਆਪਣੇ ਸਥਾਨ 'ਤੇ ਸ਼ਰਾਬ ਰੱਖਣ ਦੀ ਆਗਿਆ ਕਦੀ ਨਹੀਂ ਦੇ ਸਕਦਾ ਹੈ ਜਦੋਂਕਿ ਉਹ ਪਹਿਲਾਂ ਤੋਂ ਹੀ ਸੱਤਾ ਪੱਖ ਦੇ ਵਿਰੋਧੀਆਂ ਦੇ ਨਿਸ਼ਾਨੇ 'ਤੇ ਹੋਵੇ।
ਕਾਂਗਰਸ ਸਰਕਾਰ ਦੇ ਸਮੇਂ ਹਰਿਆਣਾ ਬਾਰਡਰ ਤੋਂ ਨਾਜਾਇਜ਼ ਸ਼ਰਾਬ ਕਿਸ ਤਰ੍ਹਾਂ ਪਹੁੰਚੀ ਰਾਹੋਂ : ਪ੍ਰੋ. ਚੰਦੂਮਾਜਰਾ
ਰੋਸ ਮਾਰਚ 'ਚ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਵੀ ਸ਼ਾਮਲ ਹੋਏ। ਉਨ੍ਹਾਂ ਨੇ ਕਿਹਾ ਕਿ ਨਵਾਂਸ਼ਹਿਰ ਦੇ ਹਲਕਾ ਵਿਧਾਇਕ ਨੇ ਸੱਤਾ ਦਾ ਦੁਰਉਪਯੋਗ ਕਰਕੇ ਅਕਾਲੀ ਦਲ ਦੇ ਜ਼ਿਲਾ ਸ਼ਹਿਰੀ ਪ੍ਰਧਾਨ ਸ਼ੰਕਰ ਦੁੱਗਲ, ਨਗਰ ਕੌਂਸਲ ਪ੍ਰਧਾਨ ਰਾਹੋਂ ਹੇਮੰਤ ਕੁਮਾਰ ਬੌਬੀ ਅਤੇ ਉਨ੍ਹਾਂ ਦੇ ਪਾਟਰਨਰ ਗੌਰਵ 'ਤੇ ਸ਼ਰਾਬ ਐਕਟ ਦਾ ਗੰਦਾ ਮਾਮਲਾ ਦਰਜ ਕਰਵਾਇਆ ਹੈ। ਉਨ੍ਹਾਂ ਨੇ ਵਿਧਾਇਕ ਵੱਲੋਂ ਉਕਤ ਸ਼ਰਾਬ ਸਬੰਧੀ ਉਨ੍ਹਾਂ 'ਤੇ ਲਾਏ ਗਏ ਦੋਸ਼ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਪੰਜਾਬ 'ਚ ਕਾਂਗਰਸ ਦੀ ਸਰਕਾਰ ਹੈ ਤਾਂ ਅਜਿਹੇ 'ਚ ਹਰਿਆਣਾ ਬਾਰਡਰ ਤੋਂ ਰਾਹੋਂ ਤੱਕ ਦੀ ਲੰਬੀ ਦੂਰੀ ਤੈਅ ਕਰਕੇ ਕਿਸ ਤਰ੍ਹਾਂ ਨਾਲ ਨਾਜਾਇਜ਼ ਸ਼ਰਾਬ ਰਾਹੋਂ 'ਚ ਅਕਾਲੀ ਆਗੂ ਦੇ ਸ਼ੈਲਰ ਤੱਕ ਪੁੱਜ ਗਈ। ਉਕਤ ਸ਼ੈਲਰ 'ਚ ਭੇਜੀ ਗਈ ਨਾਜਾਇਜ਼ ਸ਼ਰਾਬ ਕਾਂਗਰਸ ਦੀ ਸਾਜ਼ਿਸ਼ ਹੈ ਅਤੇ ਸਾਰੇ ਜਾਣਦੇ ਹਨ ਕਿ ਸ਼ਰਾਬ ਦਾ ਮਾਲਕ ਕੌਣ ਹੈ। ਜੇਕਰ ਪੁਲਸ ਪ੍ਰਸ਼ਾਸਨ ਨੇ ਉਕਤ ਝੂਠੇ ਮਾਮਲੇ ਦੀ ਸਹੀ ਜਾਂਚ ਕਰਕੇ ਇਸ ਨੂੰ ਰੱਦ ਨਹੀਂ ਕੀਤਾ ਤਾਂ ਅਕਾਲੀ ਦਲ ਚੋਣ ਕਮਿਸ਼ਨਰ ਦੇ ਕੋਲ ਸ਼ਿਕਾਇਤ ਕਰਨ ਨੂੰ ਮਜਬੂਰ ਹੋਵੇਗਾ।
ਪੁਲਸ ਪ੍ਰਸ਼ਾਸਨ ਨੇ ਕੀਤੇ ਪੁਖਤਾ ਸੁਰੱਖਿਆ ਪ੍ਰਬੰਧ
ਅਕਾਲੀ ਆਗੂਆਂ 'ਤੇ ਦਰਜ ਮਾਮਲੇ ਦੇ ਵਿਰੋਧ 'ਚ ਅੱਜ ਅਕਾਲੀ-ਭਾਜਪਾ ਸਣੇ ਵੱਖ-ਵੱਖ ਸਮਾਜਿਕ ਸੰਗਠਨਾਂ ਵਲੋਂ ਦਿੱਤੀ ਗਈ ਬੰਦ ਦੀ ਕਾਲ 'ਤੇ ਸ਼ਹਿਰ ਦੇ ਅੰਦਰੂਨੀ ਬਾਜ਼ਾਰ ਬੰਦ ਰਹੇ। ਜਦੋਂਕਿ ਮੁੱਖ ਮਾਰਗਾਂ 'ਤੇ ਵਧੇਰੇ ਦੁਕਾਨਾਂ ਖੁੱਲ੍ਹੀਆਂ ਰਹੀਆਂ। ਇਸ ਦੌਰਾਨ ਪ੍ਰਦਰਸ਼ਨਕਾਰੀ ਖੁੱਲ੍ਹੀਆਂ ਹੋਈ ਦੁਕਾਨਾਂ ਨੂੰ ਬੰਦ ਕਰਨ ਦੀ ਅਪੀਲ ਕਰਦੇ ਹੋਏ ਵੀ ਦੇਖੇ ਗਏ। ਜਦੋਕਿ ਦੂਜੇ ਪਾਸੇ ਪੁਲਸ ਪ੍ਰਸ਼ਾਸਨ ਵਲੋਂ ਬੰਦ ਦੀ ਦਿੱਤੀ ਕਾਲ ਕਾਰਨ ਪੁਖਤਾ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ। ਡਿਊਟੀ ਮੈਜਿਸਟ੍ਰੇਟ ਦੇ ਤੌਰ 'ਤੇ ਤਹਿਸੀਲਦਾਰ ਨਵਾਂਸ਼ਹਿਰ ਵਰਿੰਦਰ ਪ੍ਰਕਾਸ਼ ਤੋਂ ਇਲਾਵਾ ਡੀ. ਐੱਸ. ਪੀ. ਸਿਟੀ ਕੈਲਾਸ਼ ਚੰਦਰ ਵੀ ਰੋਸ ਮਾਰਚ 'ਤੇ ਨਜ਼ਰ ਰੱਖ ਰਹੇ ਸਨ।