ਪੰਜਾਬੀਆਂ ਲਈ ਖ਼ਾਸ ਖ਼ਬਰ, ਮੋਬਾਇਲ ਐਪ ਦੀ ਵਰਤੋਂ ਨਾਲ ਕੀਤੀ ਜਾ ਸਕੇਗੀ 'ਫ਼ਰਿਸ਼ਤੇ' ਹਸਪਤਾਲਾਂ ਦੀ ਖੋਜ

Monday, Aug 19, 2024 - 12:34 PM (IST)

ਚੰਡੀਗੜ੍ਹ (ਅੰਕੁਰ) : ਹੁਣ ਮੈਪਲਜ਼ ਮੋਬਾਇਲ ਐਪ ਦੀ ਵਰਤੋਂ ਕਰ ਕੇ 'ਫਰਿਸ਼ਤੇ' ਹਸਪਤਾਲਾਂ ਦੀ ਖੋਜ ਕੀਤੀ ਜਾ ਸਕੇਗੀ। ਸਰਕਾਰ ਵੱਲੋਂ ਸੜਕ ਸੁਰੱਖਿਆ ਅਤੇ ਐਮਰਜੈਂਸੀ ਦੇਖਭਾਲ ਸਬੰਧੀ ਸੇਵਾਵਾਂ ਨੂੰ ਹੋਰ ਬਿਹਤਰ ਬਣਾਉਣ ਲਈ ਪੰਜਾਬ ਪੁਲਸ ਦੇ ਟ੍ਰੈਫਿਕ ਤੇ ਸੜਕ ਸੁਰੱਖਿਆ ਵਿੰਗ ਨੇ ਰਾਜ ਸਿਹਤ ਏਜੰਸੀ (ਐੱਸ. ਐੱਚ. ਏ.) ਤੇ ਮੈਪ ਮਾਈ ਇੰਡੀਆ ਦੇ ਸਹਿਯੋਗ ਨਾਲ ਮੈਪਲਜ਼ ਮੋਬਾਇਲ ਐਪ ਜ਼ਰੀਏ ਫ਼ਰਿਸ਼ਤੇ ਸਕੀਮ ਤਹਿਤ ਸੂਚੀਬੱਧ ਹਸਪਤਾਲਾਂ ਬਾਰੇ ਜਾਣਕਾਰੀ ਮੁਹੱਈਆ ਕਰਵਾਈ ਹੈ ਤਾਂ ਜੋ ਸੁਖਾਲੇ ਢੰਗ ਨਾਲ ਇਨ੍ਹਾਂ ਹਸਪਤਾਲਾਂ ਤੱਕ ਪਹੁੰਚ ਕੀਤੀ ਜਾ ਸਕੇ। ਇਸ ਸਬੰਧੀ ਡੀ. ਜੀ. ਪੀ. ਗੌਰਵ ਯਾਦਵ ਨੇ ਕਿਹਾ ਕਿ ਇਸ ਦਾ ਮਕਸਦ ਨਿਰਵਿਘਨ ਨੇਵੀਗੇਸ਼ਨ ਸਹਾਇਤਾ ਦੀ ਪੇਸ਼ਕਸ਼ ਕਰਨਾ ਹੈ, ਜਿਸ ਨਾਲ ਲੋਕ ਸੜਕ ਹਾਦਸਾ ਵਾਪਰਨ ਦੀ ਸਥਿਤੀ ’ਚ ਨੇੜਲੇ ਹਸਪਤਾਲਾਂ ਦੀ ਤੇਜ਼ੀ ਨਾਲ ਭਾਲ ਕਰ ਕੇ ਸਮੇਂ ਸਿਰ ਪੀੜਤ ਨੂੰ ਹਸਪਤਾਲ ਪਹੁੰਚਾ ਸਕਣਗੇ।

ਇਹ ਵੀ ਪੜ੍ਹੋ : PGI ਆਉਣ ਵਾਲੇ ਮਰੀਜ਼ਾਂ ਲਈ ਖ਼ਾਸ ਖ਼ਬਰ, ਅੱਜ ਵੀ ਨਹੀਂ ਹੋਵੇਗੀ ਨਵੇਂ ਮਰੀਜ਼ਾਂ ਦੀ ਰਜਿਸਟ੍ਰੇਸ਼ਨ

ਸਰਕਾਰ ਵੱਲੋਂ ਸੜਕ ਹਾਦਸਿਆਂ ’ਚ ਸੱਟਾਂ ਲੱਗਣ ਕਾਰਨ ਹੋਣ ਵਾਲੀ ਮੌਤ ਦਰ ਨੂੰ ਘਟਾਉਣ ਤੇ ਮੁਹੱਈਆ ਸਰਕਾਰੀ/ਸੂਚੀਬੱਧ ਪ੍ਰਾਈਵੇਟ ਹਸਪਤਾਲਾਂ ’ਚ ਤੁਰੰਤ ਮੁਸ਼ਕਲ ਰਹਿਤ ਇਲਾਜ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਫ਼ਰਿਸ਼ਤੇ ਸਕੀਮ ਸ਼ੁਰੂ ਕੀਤੀ ਗਈ ਹੈ। ਹੁਣ ਤੱਕ ਫਰਿਸ਼ਤੇ ਸਕੀਮ ਤਹਿਤ ਪੰਜਾਬ ਭਰ ’ਚ 384 ਹਸਪਤਾਲਾਂ ਨੂੰ ਸਫਲਤਾ ਪੂਰਵਕ ਰਜਿਸਟਰ ਕੀਤਾ ਹੈ, ਜਿਸ ’ਚ 238 ਪ੍ਰਾਈਵੇਟ ਤੇ 146 ਸਰਕਾਰੀ ਹਸਪਤਾਲ ਸ਼ਾਮਲ ਹਨ। ਹੁਣ ਇਹ ਹਸਪਤਾਲ ਪੰਜਾਬ ਫ਼ਰਿਸ਼ਤੇ ਸਕੀਮ ਅਪਲਾਈ ਆਨਲਾਈਨ ਪ੍ਰਕਿਰਿਆ ਨੂੰ ਪੂਰਾ ਕਰਨ ਤੋਂ ਬਾਅਦ ਮੈਪਲ ਮੋਬਾਇਲ ਐਪ 'ਤੇ ਹਨ। ਏ. ਡੀ. ਜੀ. ਪੀ. ਟ੍ਰੈਫਿਕ ਤੇ ਸੜਕ ਸੁਰੱਖਿਆ ਪੰਜਾਬ ਏ. ਐੱਸ. ਰਾਏ ਨੇ ਇਸ ਪਹਿਲ ਕਦਮੀ ਨੂੰ ਐਮਰਜੈਂਸੀ ਦੀ ਸੂਰਤ ’ਚ ਤੁਰੰਤ ਇਲਾਜ ਮੁਹੱਈਆ ਕਰਵਾਉਣ ਲਈ ਇਕ ਮਹੱਤਵਪੂਰਨ ਕਦਮ ਕਰਾਰ ਦਿੰਦਿਆਂ ਕਿਹਾ ਕਿ ਫ਼ਰਿਸ਼ਤੇ ਹਸਪਤਾਲਾਂ ਦਾ ਮੈਪਲਜ਼ ਮੋਬਾਇਲ ਐਪ ਨਾਲ ਏਕੀਕਰਣ ਇਹ ਯਕੀਨੀ ਬਣਾਏਗਾ ਕਿ ਸੜਕ ਦੁਰਘਟਨਾ ਪੀੜਤਾਂ ਨੂੰ ਸਮੇਂ ਸਿਰ ਡਾਕਟਰੀ ਸਹਾਇਤਾ ਮਿਲ ਸਕੇ, ਜੋ ਮਨੁੱਖੀ ਜਾਨਾਂ ਬਚਾਉਣ ਲਈ ਲਾਹੇਵੰਦ ਸਾਬਤ ਹੋਵੇਗਾ।

ਇਹ ਵੀ ਪੜ੍ਹੋ : ਸੁਖਬੀਰ ਬਾਦਲ ਦੀ ਕੇਂਦਰ ਨੂੰ ਅਪੀਲ, ਗ਼ੈਰ ਬਾਸਮਤੀ ਚੌਲਾਂ ਦੀ ਬਰਾਮਦ ’ਤੇ ਲਾਈ ਪਾਬੰਦੀ ਵਾਪਸ ਲਈ ਜਾਵੇ

ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਐੱਸ. ਐੱਚ. ਏ. ਬਬੀਤਾ ਕਲੇਰ ਨੇ ਕਿਹਾ ਕਿ ਟ੍ਰੈਫਿਕ ਅਤੇ ਰੋਡ ਸੇਫਟੀ ਵਿੰਗ ਤੇ ਮੈਪ ਮਾਈ ਇੰਡੀਆ ਦੇ ਸਹਿਯੋਗ ਨਾਲ ਆਧੁਨਿਕ ਨੈਵੀਗੇਸ਼ਨ ਤਕਨਾਲੋਜੀ ਜ਼ਰੀਏ ਐਮਰਜੈਂਸੀ ਸਮੇਂ ਨੇੜਲੇ ਹਸਪਤਾਲਾਂ ਦਾ ਪਤਾ ਲਾਉਣਾ ਸੁਖਾਲਾ ਹੋ ਜਾਵੇਗਾ। ਇਹ ਕਦਮ ਸੜਕ ਹਾਦਸੇ ਦੇ ਪੀੜਤਾਂ ਨੂੰ ਰਜਿਸਟਰਡ ਫ਼ਰਿਸ਼ਤੇ ਹਸਪਤਾਲਾਂ ਤੱਕ ਤੁਰੰਤ ਲਿਜਾਉਣ ਦੀ ਸਹੂਲਤ ਦੇਵੇਗਾ। ਮੈਪ ਮਾਈ ਇੰਡੀਆ ਦੇ ਸੀ. ਈ. ਓ. ਤੇ ਐੱਮ. ਡੀ. ਰੋਹਨ ਵਰਮਾ ਨੇ ਕਿਹਾ ਕਿ ਨੇਵੀਗੇਸ਼ਨ ਕੰਪਨੀ ਦਾ ਮਕਸਦ ਹਰ ਹਸਪਤਾਲ ਨੂੰ ਫ਼ਰਿਸ਼ਤੇ ਹਸਪਤਾਲ ਦੇ ਰੂਪ ’ਚ ਮੈਪਿੰਗ ਕਰ ਕੇ ਨਿਰਵਿਘਨ ਨੇਵੀਗੇਸ਼ਨ, ਰੀਅਲ-ਟਾਈਮ ਅਪਡੇਟ ਅਤੇ ਸਹੀ ਮੈਪਿੰਗ ਪ੍ਰਦਾਨ ਕਰਨਾ ਹੈ। ਉਨ੍ਹਾਂ ਕਿਹਾ ਕਿ ਇਹ ਪਹਿਲ ਕਦਮੀ ਭਰੋਸੇਯੋਗਤਾ ਤੇ ਅਨੁਭਵ ’ਚ ਸੁਧਾਰ ਕਰੇਗੀ ਤੇ ਪੀੜਤ ਵਿਅਕਤੀ ਤੱਕ ਸਮੇਂ ਸਿਰ ਸਿਹਤ ਸਹੂਲਤ ਪਹੁੰਚਾਉਣਾ ਯਕੀਨੀ ਬਣਾਵੇਗੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


 


Babita

Content Editor

Related News