ਮਾਛੀਵਾੜਾ : 3 ਪਿੰਡਾਂ ਦੇ ਲੋਕਾਂ ਦੀ ਕਾਂਗਰਸ ਨੂੰ ਚਿਤਾਵਨੀ, ਕਰਨਗੇ ਚੱਕਾ ਜਾਮ
Monday, Aug 17, 2020 - 11:58 AM (IST)

ਮਾਛੀਵਾੜਾ ਸਾਹਿਬ (ਟੱਕਰ) : ਮਾਛੀਵਾੜਾ ਇਲਾਕੇ ਦੇ ਬੇਟ ਖੇਤਰ ਦੀਆਂ ਕੁਝ ਬੇਹੱਦ ਖਸਤਾ ਹਾਲਤ ਸੜਕਾਂ ਨੂੰ ਲੈ ਕੇ ਲੋਕਾਂ 'ਚ ਸਰਕਾਰ ਖਿਲਾਫ਼ ਰੋਹ ਵੱਧਦਾ ਹੀ ਜਾ ਰਿਹਾ ਹੈ ਅਤੇ ਅੱਜ ਤਿੰਨ ਪਿੰਡਾਂ ਦੇ ਲੋਕਾਂ ਨੇ ਕਾਂਗਰਸ ਸਰਕਾਰ ਨੂੰ ਚਿਤਾਵਨੀ ਦੇ ਦਿੱਤੀ ਕਿ ਜੇਕਰ ਸਰਕਾਰ ਨੇ ਸੜਕ ਦੀ ਮੁਰੰਮਤ ਨਾ ਕਰਵਾਈ ਤਾਂ ਉਹ ਮਾਛੀਵਾੜਾ-ਰਾਹੋਂ ਪ੍ਰਮੁੱਖ ਮਾਰਗ ’ਤੇ ਜਾ ਕੇ ਚੱਕਾ ਜਾਮ ਕਰ ਦੇਣਗੇ।
ਸ਼੍ਰੋਮਣੀ ਅਕਾਲੀ ਦਲ ਦੇ ਸਰਕਲ ਜੱਥੇ. ਕੁਲਦੀਪ ਸਿੰਘ ਜਾਤੀਵਾਲ ਨੇ ਦੱਸਿਆ ਕਿ ਜਾਤੀਵਾਲ ਤੋਂ ਲੈ ਕੇ ਸੈਸੋਂਵਾਲ ਕਲਾਂ ਤੇ ਖੁਰਦ ਤੱਕ ਕਰੀਬ 4 ਕਿਲੋਮੀਟਰ ਲੰਬੀ ਸੜਕ ’ਤੇ ਪਿਛਲੇ 1 ਸਾਲ ਤੋਂ ਠੇਕੇਦਾਰ ਨੇ ਮੁਰੰਮਤ ਲਈ ਪੱਥਰ ਵਿਛਾ ਦਿੱਤਾ ਪਰ ਉਸ ਉੱਪਰ ਪ੍ਰੀਮਿਕਸ ਨਾ ਵਿਛਾਈ। ਉਨ੍ਹਾਂ ਕਿਹਾ ਕਿ ਇਹ ਸਾਰਾ ਪੱਥਰ ਖਿੱਲਰ ਗਿਆ ਅਤੇ ਇੱਥੋਂ ਲੰਘਦੇ ਰਾਹਗੀਰਾਂ ਲਈ ਹਾਦਸਿਆਂ ਦਾ ਕਾਰਣ ਬਣਿਆ ਹੈ।
ਜੱਥੇ. ਜਾਤੀਵਾਲ ਨੇ ਕਿਹਾ ਕਿ ਉਨ੍ਹਾਂ ਕਈ ਵਾਰ ਲੋਕ ਨਿਰਮਾਣ ਮਹਿਕਮੇ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਤੱਕ ਪਹੁੰਚ ਕਰ ਕੇ ਇਸ ਸੜਕ ਦੀ ਮੁਰੰਮਤ ਲਈ ਗੁਹਾਰ ਲਗਾਈ ਪਰ ਕੋਈ ਸੁਣਵਾਈ ਨਾ ਹੋਈ ਅਤੇ ਨਾ ਹੀ ਠੇਕੇਦਾਰ ਨੇ ਮੁੜ ਕੇ ਇਸ ਸੜਕ ਦੀ ਸਾਰ ਲਈ। ਉਨ੍ਹਾਂ ਕਿਹਾ ਕਿ ਖਿੱਲਰੇ ਪੱਥਰ ਤੋਂ ਲੋਕਾਂ ਦਾ ਲਾਂਘਾ ਔਖਾ ਹੋਇਆ ਪਿਆ ਹੈ ਅਤੇ ਉਨ੍ਹਾਂ ਦੇ ਵਾਹਨ ਵੀ ਨੁਕਸਾਨੇ ਜਾ ਚੁੱਕੇ ਹਨ ਪਰ ਸਰਕਾਰ ਨੂੰ ਲੋਕਾਂ ਦੀ ਇਹ ਮੁਸ਼ਕਿਲ ਦਿਖਾਈ ਨਾ ਦਿੱਤੀ, ਜਿਸ ਕਾਰਣ ਅੱਜ ਤਿੰਨ ਪਿੰਡਾਂ ਦੇ ਲੋਕਾਂ ਨੇ ਇਕੱਠੇ ਹੋ ਕੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਆਉਣ ਵਾਲੇ ਕੁੱਝ ਦਿਨਾਂ ’ਚ ਸੜਕ ਦੀ ਮੁਰੰਮਤ ਨਾ ਹੋਈ ਤਾਂ ਉਹ ਮਜ਼ਬੂਰ ਹੋ ਕੇ ਮਾਛੀਵਾੜਾ-ਰਾਹੋਂ ਪ੍ਰਮੁੱਖ ਮਾਰਗ ’ਤੇ ਚੱਕਾ ਜਾਮ ਕਰ ਰੋਸ ਪ੍ਰਦਰਸ਼ਨ ਕਰਨਗੇ।
ਇਸ ਮੌਕੇ ਸਰਕਲ ਜੱਥੇ. ਕੁਲਦੀਪ ਸਿੰਘ ਜਾਤੀਵਾਲ, ਰਣਜੀਤ ਸਿੰਘ ਨੰਬਰਦਾਰ, ਜਸਵੀਰ ਸਿੰਘ ਨੰਬਰਦਾਰ, ਪਰਮਜੀਤ ਸਿੰਘ, ਸਵਰਨ ਸਿੰਘ, ਬਲਜਿੰਦਰਪਾਲ ਸਿੰਘ, ਰਜਿੰਦਰ ਸਿੰਘ ਪੰਚ, ਜਸਵੀਰ ਸਿੰਘ ਨੰਬਰਦਾਰ, ਮਹਿੰਦਰ ਸਿੰਘ ਗਰੇਵਾਲ, ਗੁਰਨਾਮ ਸਿੰਘ ਸੈਸੋਂਵਾਲ, ਮਹਾਂ ਸਿੰਘ ਨੰਬਰਦਾਰ, ਸਤਵਿੰਦਰ ਸਿੰਘ ਸੱਤੀ, ਗੁਰਮੀਤ ਸਿੰਘ ਪੰਚ, ਸਰਵਣ ਰਾਮ, ਧਰਮਿੰਦਰ ਸਿੰਘ ਜਾਤੀਵਾਲ, ਹਰਚੰਦ ਸਿੰਘ ਸੈਸੋਂਵਾਲ, ਹਰਬਿਲਾਸ ਸਿੰਘ, ਹਰਨੇਕ ਸਿੰਘ, ਬਚਨ ਸਿੰਘ, ਗੁਰਪ੍ਰੀਤ ਸਿੰਘ ਆਦਿ ਵੀ ਮੌਜੂਦ ਸਨ।