ਆਬਾਦੀ ''ਚ ਬਣਾਏ ਕੂੜੇ ਦੇ ਡੰਪਾਂ ਤੋਂ ਲੋਕ ਦੁਖੀ

Wednesday, Sep 13, 2017 - 02:41 AM (IST)

ਆਬਾਦੀ ''ਚ ਬਣਾਏ ਕੂੜੇ ਦੇ ਡੰਪਾਂ ਤੋਂ ਲੋਕ ਦੁਖੀ

ਭੁੱਚੋ ਮੰਡੀ,   (ਨਾਗਪਾਲ)-  ਮੰਡੀ ਦੀ ਆਬਾਦੀ ਵਿਚਕਾਰ ਬਣਾਏ ਕੂੜੇ ਦੇ ਡੰਪਾਂ ਕਾਰਨ ਦੁਖੀ ਲੋਕਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ। ਸਥਾਨਕ ਫੁਆਰਾ ਚੌਕ ਨੇੜੇ ਬਾਲਿਆਂਵਾਲੀ ਰੋਡ 'ਤੇ ਬਣਾਏ ਗੰਦਗੀ ਦੇ ਡੰਪ ਕਾਰਨ ਜਿਥੇ ਬਦਬੂ ਨਾਲ ਦੁਕਾਨਦਾਰਾਂ ਦਾ ਬੁਰਾ ਹਾਲ ਹੈ, ਉਥੇ ਉਨ੍ਹਾਂ ਦੇ ਕਾਰੋਬਾਰ 'ਤੇ ਵੀ ਮਾੜਾ ਅਸਰ ਪੈ ਰਿਹਾ ਹੈ। ਇਸ ਤੋਂ ਦੁਖੀ ਦੁਕਾਨਦਾਰਾਂ ਨੇ ਅੱਜ ਨਗਰ ਕੌਂਸਲ ਖਿਲਾਫ ਨਾਅਰੇਬਾਜ਼ੀ ਕੀਤੀ।
ਦੁਕਾਨਦਾਰਾਂ ਨੇ ਕਿਹਾ ਕਿ ਸੜਕ ਦੇ ਕਿਨਾਰੇ ਲੱਗੇ ਕੂੜੇ ਦੇ ਡੰਪ ਕਰਕੇ ਇਥੇ ਪਸ਼ੂ ਮੂੰਹ ਮਾਰ ਕੇ ਕੂੜਾ ਖਿਲਾਰ ਦਿੰਦੇ ਹਨ। ਪਸ਼ੂਆਂ ਨਾਲ ਆਵਾਜਾਈ ਵੀ ਪ੍ਰਭਾਵਿਤ ਹੁੰਦੀ ਹੈ। ਦੁਕਾਨਦਾਰਾਂ ਨੇ ਦੱਸਿਆ ਕਿ ਸਫਾਈ ਸੇਵਕਾਂ ਨੂੰ ਜਦੋਂ ਇਥੇ ਕੂੜਾ ਸੁੱਟਣ ਲਈ ਮਨ੍ਹਾ ਕੀਤਾ ਜਾਂਦਾ ਹੈ ਤਾਂ ਉਹ ਵੀ ਕਿਸੇ ਦੀ ਗੱਲ ਨਹੀਂ ਸੁਣਦੇ। ਉਨ੍ਹਾਂ ਦੱਸਿਆ ਕਿ ਜਦੋਂ ਇਸ ਬਾਰੇ ਕੌਂਸਲ ਦੇ ਅਧਿਕਾਰੀਆਂ ਨੂੰ ਕਿਹਾ ਜਾਂਦਾ ਹੈ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਕੂੜਾ ਸੁੱਟਣ ਲਈ ਕਿਤੇ ਹੋਰ ਜਗ੍ਹਾ ਦਾ ਇੰਤਜ਼ਾਮ ਕਰਵਾ ਦੇਵੋ। ਇਸ ਤੋਂ ਇਲਾਵਾ ਮਾਰਕੀਟ ਕਮੇਟੀ ਤੋਂ ਬਸਤੀ ਰਾਮ ਬਿਲਾਸ ਨੂੰ ਜਾਂਦੀ ਅੱਧੀ ਸੜਕ ਤਾਂ ਕੂੜੇ ਨਾਲ ਭਰੀ ਹੋਈ ਹੈ, ਜਿਸ ਨਾਲ ਆਉਣ-ਜਾਣ ਵਾਲੇ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।


Related News