ਕਿਸਾਨ ਅੰਦੋਲਨ ਦੌਰਾਨ ਭੜਕਾਹਟ ਪੈਦਾ ਕਰਨ ਵਾਲਿਆਂ ਤੋਂ ਲੋਕ ਸੁਚੇਤ ਰਹਿਣ : ਢੱਡਰੀਆ ਵਾਲੇ
Monday, Jan 18, 2021 - 10:19 PM (IST)
ਚੰਡੀਗਡ਼੍ਹ, (ਟੱਕਰ)- ਗੁਰਦੁਆਰਾ ਪ੍ਰਮੇਸ਼ਵਰ ਦੁਆਰ ਦੇ ਮੁੱਖ ਸੇਵਾਦਾਰ ਅਤੇ ਸਿੱਖ ਧਰਮ ਦੇ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਦਿੱਲੀ ਸਿੰਘੂ ਬਾਰਡਰ ’ਤੇ ਅੰਦੋਲਨ ’ਚ ਸ਼ਾਮਲ ਕਿਸਾਨਾਂ ਅਤੇ ਸੰਗਤਾਂ ਨੂੰ ਅਪੀਲ ਕਰਦਿਆਂ ਕਿਹਾ ਕਿ 26 ਜਨਵਰੀ ਨੂੰ ਜੋ ਦਿੱਲੀ ਵਿਖੇ ਟ੍ਰੈਕਟਰ ਪਰੇਡ ਕੀਤੀ ਜਾ ਰਹੀ ਹੈ ਉਸ ਸਬੰਧੀ ਕਿਸਾਨ ਆਗੂ ਜੋ ਸ਼ਾਂਤਮਈ ਮਾਹੌਲ ਬਣਾ ਕੇ ਰੱਖਣਾ ਚਾਹੁੰਦੇ ਹਨ ਉਨ੍ਹਾਂ ਦੀ ਅਗਵਾਈ ਹੇਠ ਸੁਚੱਜੇ ਢੰਗ ਨਾਲ ਇਸ ਨੂੰ ਨੇਪਰੇ ਚਾੜਿਆ ਜਾਵੇ ਨਾ ਕਿ ਕੁਝ ਲੋਕ ਜੋ ਭੜਕਾਹਟ ਭਰੇ ਬਿਆਨ ਦੇ ਕੇ ਇਸ ਨੂੰ ਕਮਜ਼ੋਰ ਕਰਨਾ ਚਾਹੁੰਦੇ ਹਨ ਉਨ੍ਹਾਂ ਤੋਂ ਸੁਚੇਤ ਰਹਿਣ ਦੀ ਲੋੜ ਹੈ। ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਇਸ ਅੰਦੋਲਨ ਦੀ ਅਗਵਾਈ ਕਰ ਰਹੇ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ, ਜੋਗਿੰਦਰ ਸਿੰਘ ਉਗਰਾਹਾਂ ਸਮੇਤ ਹੋਰਨਾਂ ਕਿਸਾਨ ਆਗੂਆਂ ਦਾ ਸਮਰਥਨ ਕਰਦਿਆਂ ਕਿਹਾ ਕਿ ਅਜਿਹੇ ਆਗੂ ਬੜੇ ਸ਼ਾਂਤਮਈ ਢੰਗ ਨਾਲ ਅੰਦੋਲਨ ਚਲਾਉਣਾ ਚਾਹੁੰਦੇ ਹਨ ਇਸ ਲਈ ਸਾਨੂੰ ਉਨ੍ਹਾਂ ਦੇ ਨਿਰਦੇਸ਼ਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਕਿਸਾਨ ਆਗੂ ਰਾਜੇਵਾਲ ਵਲੋਂ ਸਪੱਸ਼ਟ ਕੀਤਾ ਜਾ ਚੁੱਕਾ ਹੈ ਕਿ 26 ਜਨਵਰੀ ਨੂੰ ਕੇਵਲ ਕਿਸਾਨ ਅੰਦੋਲਨ ਤਹਿਤ ਟ੍ਰੈਕਟਰ ਪਰੇਡ ਕੱਢੀ ਜਾ ਰਹੀ ਹੈ ਨਾ ਕਿ ਦਿੱਲੀ ’ਤੇ ਕੋਈ ਕਬਜ਼ਾ ਕਰਨ ਜਾ ਰਹੇ ਹਾਂ ਪਰ ਕੁਝ ਲੋਕ ਭੜਕਾਹਟ ਵਾਲੇ ਬਿਆਨ ਦੇ ਰਹੇ ਹਨ ਕਿ ਬੈਰੀਕੇਡ ਤੋੜ ਦਿੱਤੇ ਜਾਣਗੇ ਅਤੇ ਅਜਿਹੇ ਬਿਆਨਾਂ ਨਾਲ ਅੰਦੋਲਨ ’ਚ ਕੋਈ ਜਾਨੀ ਨੁਕਸਾਨ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਕੁਝ ਸਿਆਸੀ ਲੀਡਰ ਤੇ ਪੁਜਾਰੀ ਵਰਗ ਤਿਆਰ ਬੈਠਾ ਹੈ ਕਿ ਅੰਦੋਲਨ ਦੌਰਾਨ ਸ਼ਹੀਦ ਹੋਣ ਵਾਲੇ ਕਿਸਾਨਾਂ ਦੀਆਂ ਲਾਸ਼ਾਂ ’ਤੇ ਸਿਆਸਤ ਕਰ ਪੈਸਾ ਇਕੱਠਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਕਿਸਾਨ ਆਗੂ ਸ਼ਾਂਤਮਈ ਢੰਗ ਨਾਲ ਅੰਦੋਲਨ ਚਲਾਉਣ ਦੀਆਂ ਗੱਲਾਂ ਕਰਦੇ ਹਨ ਤਾਂ ਉਨ੍ਹਾਂ ਨੂੰ ਤੁਰੰਤ ਕੁਝ ਲੋਕ ਗੱਦਾਰ ਦਾ ਫ਼ਤਵਾ ਦੇ ਦਿੰਦੇ ਹਨ ਅਤੇ ਭੜਕਾਹਟ ਪੈਦਾ ਕਰਨ ਵਾਲੇ ਆਗੂਆਂ ਨੂੰ ਚੰਗਾ ਸਮਝਿਆ ਜਾਂਦਾ ਹੈ, ਇਸ ਲਈ ਸਾਨੂੰ ਸੋਚ ਸਮਝ ਕੇ ਫੈਸਲਾ ਲੈਣਾ ਚਾਹੀਦਾ ਹੈ ਤਾਂ ਜੋ ਅੰਦੋਲਨ ਸਫ਼ਲ ਹੋਵੇ।
ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਕਿਹਾ ਕਿ ਕਿਸਾਨ ਮੋਰਚਾ ਸੰਭਾਲੀ ਬੈਠੇ ਆਗੂਆਂ ਵਲੋਂ ਇਸ ਅੰਦੋਲਨ ਨਾਲ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਦੀ ਜੋ ਸੂਚੀ ਦਿੱਤੀ ਗਈ ਹੈ ਉਸ ਤਹਿਤ ਗੁਰਦੁਆਰਾ ਪ੍ਰਮੇਸ਼ਵਰ ਦੁਆਰ ਵਲੋਂ 21 ਲੱਖ ਰੁਪਏ ਦੀ ਆਰਥਿਕ ਸਹਾਇਤਾ ਦੇ ਦਿੱਤੀ ਗਈ ਅਤੇ ਆਉਣ ਵਾਲੇ ਸਮੇਂ ’ਚ ਜੋ ਵੀ ਕਿਸਾਨ ਆਗੂ ਅੰਦੋਲਨ ਲਈ ਯੋਗ ਸਮਝਣਗੇ ਉਹ ਕੀਤਾ ਜਾਵੇਗਾ।
ਕੁਝ ਲੀਡਰ ਆਪਣੀ ਜਾਨ ਦੀ ਬਜਾਏ ਲੋਕਾਂ ਦੀ ਜਾਨ ਦੇਸ਼ ਤੋਂ ਕੁਰਬਾਨ ਕਰਨ ਲਈ ਤਿਆਰ
ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਕਿਹਾ ਕਿ ਕੁਝ ਬਲਬੀਰ ਸਿੰਘ ਰਾਜੇਵਾਲ ਅਤੇ ਜੋਗਿੰਦਰ ਸਿੰਘ ਉਗਰਾਹਾਂ ਵਰਗੇ ਸੂਝਵਾਨ ਲੀਡਰ ਵੀ ਹਨ ਜੋ ਹਮੇਸ਼ਾ ਸ਼ਾਂਤੀ ਬਣਾਈ ਰੱਖਣ ਅਤੇ ਪੰਜਾਬ ਦੇ ਭਲੇ ਦੀ ਗੱਲ ਕਰਦੇ ਹਨ ਪਰ ਕੁਝ ਅਜਿਹੇ ਲੀਡਰ ਵੀ ਹਨ ਜੋ ਦਾਅਵੇ ਕਰਦੇ ਹਨ ਕਿ ਅਸੀਂ ਆਪਣੀ ਜਾਨ ਦੇਸ਼ ਤੋਂ ਕੁਰਬਾਨ ਕਰ ਦੇਵਾਂਗੇ ਪਰ ਅਸਲ ’ਚ ਉਹ ਆਪਣੀ ਨਹੀਂ ਬਲਕਿ ਲੋਕਾਂ ਦੀ ਜਾਨ ਦੇਸ਼ ਤੋਂ ਕੁਰਬਾਨ ਕਰਨ ਲਈ ਤਿਆਰ ਬੈਠੇ ਹਨ ਤਾਂ ਜੋ ਆਪਣੀਆਂ ਸਿਆਸੀ ਰੋਟੀਆਂ ਸੇਕੀਆਂ ਜਾ ਸਕਣ।