ਗੁਰਦਾਸਪੁਰ ਦੀ ਸਬਜ਼ੀ ਮੰਡੀ ਦੀ ਹਾਲਤ ਕਾਰਨ ਲੋਕ ਪ੍ਰੇਸ਼ਾਨ
Monday, Mar 05, 2018 - 12:51 AM (IST)

ਗੁਰਦਾਸਪੁਰ, (ਸਰਬਜੀਤ)- ਸਬਜ਼ੀ ਮੰਡੀ ਗੁਰਦਾਸਪੁਰ 3 ਏਕੜ 'ਚ ਮੌਜੂਦ ਹੈ, ਜਿਸ 'ਚ 70 ਦੁਕਾਨਾਂ ਹਨ। ਇਸ ਸਬਜ਼ੀ ਮੰਡੀ 'ਚ 12 ਮਹੀਨੇ ਤੱਕ ਸਬਜ਼ੀ ਵਿਕ੍ਰੇਤਾ ਆਪਣੀ ਆੜ੍ਹਤ ਦਾ ਕੰਮ ਕਰਨ ਤੋਂ ਇਲਾਵਾ ਬਾਹਰਲੇ 108 ਪਿੰਡਾਂ ਦੇ ਜ਼ਿਮੀਂਦਾਰ ਜੋ ਕਿ ਸਬਜ਼ੀ ਉਤਪਾਦਨ ਕਰਦੇ ਹਨ, ਇਸ ਸਬਜ਼ੀ ਮੰਡੀ 'ਚ ਵੇਚਣ ਲਈ ਆਉਂਦੇ, ਜਦਕਿ ਖਰੀਦਦਾਰਾਂ ਦੀ ਗਿਣਤੀ 250 ਤੋਂ ਵੱਧ ਹੁੰਦੀ ਹੈ ਪਰ ਇਸ ਮੰਡੀ ਦੇ ਅੰਦਰ ਦਾਖ਼ਲ ਹੁੰਦੇ ਹੀ ਲੋਕਾਂ ਨੂੰ ਕਈ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸਬਜ਼ੀ ਮੰਡੀ ਦੀ ਹਾਲਤ ਬਾਰੇ ਜਾਣਕਾਰੀ ਦਿੰਦਿਆਂ ਪਿਊਸ਼ ਨਾਥ, ਰਮਨਪ੍ਰੀਤ ਰਾਏ, ਹਰਜੱਸ ਰਾਏ ਤੁਲੀ ਤੇ ਕਿਸਾਨ ਰਘਬੀਰ ਸਿੰਘ ਉੱਚਾ ਧਕਾਲਾ, ਮਨਜੀਤ ਸਿੰਘ ਨਬੀਪੁਰ, ਪ੍ਰੇਮ ਸਿੰਘ ਮਾਨਕੌਰ ਸਿੰਘ ਨੇ ਦੱਸਿਆ ਕਿ ਇਸ ਦੀਆਂ ਚਾਰੇ ਪਾਸਿਓ ਸੜਕਾਂ ਟੁੱਟ ਗਈਆਂ ਹਨ ਤੇ ਵੱਡੇ-ਵੱਡੇ ਟੋਏ ਪਏ ਹਨ। ਦੁਕਾਨਦਾਰਾਂ ਦੇ ਸਾਹਮਣੇ ਸਬਜ਼ੀ ਮੰਡੀ ਦੀ ਜਗ੍ਹਾ ਨੀਵੀਂ ਹੋਣ ਕਰ ਕੇ ਥੋੜ੍ਹੀ ਜਿਹੀ ਬਾਰਿਸ਼ ਪੈਣ ਕਰ ਕੇ ਪੂਰੀ ਮੰਡੀ ਮੀਂਹ ਦੇ ਪਾਣੀ ਨਾਲ ਭਰ ਜਾਂਦੀ ਹੈ। ਲੋਕਾਂ ਦੇ ਵਾਹਨ ਇਸ ਗੰਦਗੀ 'ਚ ਧੱਸ ਜਾਂਦੇ ਹਨ, ਜਿਸ ਕਾਰਨ ਲੋਕਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਦੁਕਾਨਦਾਰਾਂ ਤੇ ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਸਕੱਤਰ ਮਾਰਕੀਟ ਕਮੇਟੀ ਨੂੰ ਦੱਸਿਆ ਪਰ ਕੋਈ ਵੀ ਅਧਿਕਾਰੀ ਸੁਣਦਾ ਨਹੀਂ।ਇਸ ਸਬੰਧੀ ਜਦੋਂ ਸਕੱਤਰ ਮਾਰਕੀਟ ਕਮੇਟੀ ਵਿਨੇ ਚੌਧਰੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਬਜ਼ੀ ਮੰਡੀ ਦੀ ਹਾਲਤ ਸੁਧਾਰਨ ਲਈ ਬਜਟ 'ਚ 25 ਲੱਖ ਰੁਪਏ ਰੱਖੇ ਗਏ ਹਨ। ਬਜਟ ਪਾਸ ਹੋਣ ਲਈ ਪੰਜਾਬ ਮੰਡੀ ਬੋਰਡ ਚੰਡੀਗੜ੍ਹ ਨੂੰ ਭੇਜਿਆ ਗਿਆ ਹੈ। ਪਾਸ ਹੋਣ ਉਪਰੰਤ ਸਬਜ਼ੀ ਮੰਡੀ ਦੀ ਹਾਲਤ ਸੁਧਾਰੀ ਜਾਵੇਗੀ।