6 ਮਹੀਨਿਆਂ ਤੋਂ ਰੇਤ ਵਾਲਾ ਪਾਣੀ ਪੀਣ ਨੂੰ ਮਜਬੂਰ 3 ਪਿੰਡਾਂ ਦੇ ਲੋਕ
Thursday, Mar 25, 2021 - 07:19 PM (IST)
ਗੜਸ਼ੰਕਰ,(ਸ਼ੋਰੀ)- ਸੂਬੇ ਦੀ ਕਾਂਗਰਸ ਸਰਕਾਰ ਤੰਦਰੁਸਤ ਪੰਜਾਬ ਦੇ ਨਾਂ 'ਤੇ ਬੜੇ ਜ਼ੋਰ ਸ਼ੋਰ ਨਾਲ ਪ੍ਰਚਾਰ ਕਰਨ ਵਿੱਚ ਲੱਗੀ ਰਹਿੰਦੀ ਹੈ ਪਰ ਜ਼ਮੀਨੀ ਹਕੀਕਤ ਇਹ ਹੈ ਕਿ ਕਈ ਪਿੰਡਾਂ ਦੇ ਲੋਕ ਮਹੀਨਿਆਂ ਤੋਂ ਦੂਸ਼ਿਤ ਪਾਣੀ ਨੂੰ ਪੀਣ ਲਈ ਮਜਬੂਰ ਹਨ ਅਤੇ ਪਿੰਡ ਨਿਵਾਸੀਆਂ ਵੱਲੋਂ ਸਬੰਧਤ ਮਹਿਕਮੇ ਨੂੰ ਲਿਖਤੀ ਜਾਣਕਾਰੀ ਦੇਣ ਦੇ ਬਾਵਜੂਦ ਇਸ ਪਾਸੇ ਨਾ ਤਾਂ ਸਰਕਾਰ ਅਤੇ ਨਾ ਹੀ ਸਥਾਨਕ ਆਗੂ ਨੇ ਕੋਈ ਢੁੱਕਵੇਂ ਕਦਮ ਚੁੱਕੇ ਹਨ।
ਪਿੰਡ ਪਨਾਮ ਵਿੱਚ ਲੱਗੀ ਪੀਣ ਵਾਲੇ ਪਾਣੀ ਦੀ ਸਕੀਮ ਪਿਛਲੇ 6 ਮਹੀਨਿਆਂ ਤੋਂ ਰੇਤ ਵਾਲਾ ਗੰਦਾ ਪਾਣੀ ਲੋਕਾਂ ਨੂੰ ਸਪਲਾਈ ਕਰ ਰਹੀ ਹੈ ਇਸ ਸਕੀਮ ਤੋਂ ਇੱਥੋਂ ਦੇ ਪਿੰਡ ਪਨਾਮ, ਚੱਕ ਸਿੰਘਾ, ਚੱਕ ਹਾਜੀਪੁਰ ਦੇ ਕਰੀਬ 750 ਘਰਾਂ ਵਿਚ ਪਾਣੀ ਦੀ ਸਪਲਾਈ ਹੋ ਰਹੀ ਹੈ।
ਤਿੰਨਾਂ ਪਿੰਡਾਂ ਦੇ ਲੋਕਾਂ ਨੇ ਇਕ ਸਾਂਝਾ ਮਤਾ ਪਾਸ ਕਰਕੇ ਵਾਟਰ ਸਪਲਾਈ ਮਹਿਕਮੇ ਨੂੰ ਨਵਾਂ ਬੋਰ ਲਾਉਣ ਦੀ ਮੰਗ ਕਰਨ ਸਬੰਧੀ ਇਕ ਮੰਗ ਪੱਤਰ ਦੇ ਚੁੱਕੇ ਹਨ ਪਰ ਮਹਿਕਮੇ ਵੱਲੋਂ ਹੁਣ ਤੱਕ ਕੋਈ ਵੀ ਢੁੱਕਵਾਂ ਕਦਮ ਨਹੀਂ ਚੁੱਕਿਆ ਗਿਆ ਜਿਸ ਕਾਰਨ ਲੋਕਾਂ ਨੂੰ ਮਜਬੂਰਨ ਗੰਦਾ ਪਾਣੀ ਪੀਣਾ ਪੈ ਰਿਹਾ ਹੈ।
ਪਿੰਡ ਦੇ ਸਰਪੰਚ ਚਰਨਜੀਤ ਸਿੰਘ, ਕਸ਼ਮੀਰ ਸਿੰਘ ਪੰਚ, ਸਰਵਣ ਸਿੰਘ, ਜਸਪਾਲ, ਮਨਜੀਤ ਸਿੰਘ, ਪਿਆਰਾ ਸਿੰਘ, ਪਰਮਜੀਤ ਸਿੰਘ, ਚਰਨ ਕੌਰ, ਕਮਲਜੀਤ ਕੌਰ, ਆਸ਼ਾ ਰਾਣੀ, ਚਰਨ ਦਾਸ, ਮੋਹਨ ਲਾਲ, ਗੁੱਜਰ ਸਿੰਘ, ਸੁੱਖਾ ਸਿੰਘ, ਰਣਜੀਤ ਸਿੰਘ, ਪਰਮਜੀਤ ਸਿੰਘ, ਕੇਵਲ ਕਿ੍ਰਸ਼ਨ, ਪਵਨਦੀਪ, ਕੁਲਵੰਤ ਸਿੰਘ ਆਦਿ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਪਿੰਡ ਵਿਚ ਜਲਦ ਤੋਂ ਜਲਦ ਨਵਾਂ ਟਿਊਬਵੈੱਲ ਲਾ ਕੇ ਦਿੱਤਾ ਜਾਵੇ ਤਾਂ ਕਿ ਲੋਕਾਂ ਨੂੰ ਸਾਫ ਸੁਥਰਾ ਪਾਣੀ ਮਿਲ ਸਕੇ।
ਕੀ ਕਹਿਣਾ ਹੈ ਸਬੰਧਤ ਮਹਿਕਮੇ ਦਾ
ਇਸ ਸਬੰਧੀ ਜਦ ਸਬੰਧਤ ਮਹਿਕਮੇ ਦੇ ਜੂਨੀਅਰ ਇੰਜਨੀਅਰ ਤਜਿੰਦਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਇਸ ਸੰਬੰਧੀ ਨਵੇਂ ਟਿਊਬਵੈੱਲ ਲਈ ਕੇਸ ਬਣਾ ਕੇ ਉੱਚ ਅਧਿਕਾਰੀਆਂ ਨੂੰ ਭੇਜਿਆ ਜਾ ਚੁੱਕਾ ਹੈ। ਉਨ੍ਹਾਂ ਨੇ ਮੰਨਿਆ ਕਿ ਇਸ ਟਿਊਬਵੈੱਲ ਦਾ ਬੋਰ ਬੈਠ ਚੁੱਕਾ ਹੈ ਅਤੇ ਰੇਤ ਵਾਲਾ ਪਾਣੀ ਲੋਕਾਂ ਨੂੰ ਪਿਛਲੇ ਕਈ ਮਹੀਨਿਆਂ ਤੋਂ ਸਪਲਾਈ ਹੋ ਰਿਹਾ ਹੈ।
ਇੱਥੇ ਇਹ ਵੀ ਦੱਸਣਯੋਗ ਹੈ ਕਿ ਸੰਨ 1992 ਵਿਚ ਇਸ ਲੱਗੇ ਟਿਊਬਵੈੱਲ ਦਾ ਬੋਰ 2016 ਵਿੱਚ ਬੈਠ ਗਿਆ ਸੀ ਜਿਸ ਨੂੰ ਲੋਕਾਂ ਨੇ ਆਪਣੇ ਪੱਧਰ 'ਤੇ ਠੀਕ ਕਰਵਾਇਆ ਸੀ।