‘ਆਪ’ ਸਰਕਾਰ ਬਣਨ ਮਗਰੋਂ ਲੋਕ ਠੱਗਿਆ ਤੇ ਅਣਸੁਰੱਖਿਅਤ ਕਰ ਰਹੇ ਮਹਿਸੂਸ : ਅਸ਼ਵਨੀ ਸ਼ਰਮਾ
Friday, Jun 10, 2022 - 11:28 PM (IST)
ਦਿੜ੍ਹਬਾ ਮੰਡੀ (ਅਜੈ) : ਲੋਕ ਸਭਾ ਹਲਕਾ ਸੰਗਰੂਰ ਤੋਂ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਗੱਠਜੋੜ ਦੇ ਉਮੀਦਵਾਰ ਕੇਵਲ ਸਿੰਘ ਢਿੱਲੋਂ ਦੀ ਚੋਣ ਮੁਹਿੰਮ ਨੂੰ ਹੁਲਾਰਾ ਦੇਣ ਲਈ ਭਾਜਪਾ ਦੇ ਸੂਬਾ ਪ੍ਰਧਾਨ ਅਸਵਨੀ ਸ਼ਰਮਾ ਅੱਜ ਵਿਸ਼ੇਸ਼ ਤੌਰ ’ਤੇ ਗੀਤਾ ਭਵਨ ਧਰਮਸ਼ਾਲਾ ਦਿੜ੍ਹਬਾ ਵਿਖੇ ਪੁੱਜੇ ਅਤੇ ਵਰਕਰਾਂ ਨਾਲ ਵਿਸ਼ੇਸ਼ ਮੀਟਿੰਗ ਕਰਕੇ ਆਪਣੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਅੱਜ ਪੰਜਾਬ ਅੰਦਰ ਹਰ ਰੋਜ਼ ਹੋ ਰਹੀਆਂ ਘਟਨਾਵਾਂ ਕਰਕੇ ਸੂਬੇ ਦੀ ਸਥਿਤੀ ਚਿੰਤਾਜਨਕ ਬਣੀ ਹੋਈ ਹੈ ਅਤੇ ਲੋਕ ਆਪਣੇ ਆਪ ਨੂੰ ਠੱਗਿਆ ਤੇ ਅਣਸੁਰਖਿੱਅਤ ਮਹਿਸੂਸ ਕਰ ਰਹੇ ਹਨ ਪਰ ਹੁਣ ਲੋਕਾਂ ਨੂੰ ਪਤਾ ਲੱਗ ਗਿਆ ਹੈ ਕਿ ਪੰਜਾਬ ਨੂੰ ਸਿਰਫ ਭਾਜਪਾ ਹੀ ਬਚਾ ਸਕਦੀ ਹੈ। ਇਸ ਲਈ 23 ਜੂਨ ਨੂੰ ਇਕਜੁੱਟ ਹੋ ਕੇ ਸਾਰੇ ਸੰਗਰੂਰ ਲੋਕ ਸਭਾ ਦੀ ਜ਼ਿਮਨੀ ਚੋਣ ਲਈ ਕੇਵਲ ਸਿੰਘ ਢਿੱਲੋਂ ਦੇ ਹੱਕ ’ਚ ਮਤਦਾਨ ਕਰੋ ਤਾਂ ਕਿ ਉਹ ਸੰਸਦ ’ਚ ਜਾ ਕੇ ਪੰਜਾਬ ਦੀ ਆਵਾਜ਼ ਬਣ ਸਕਣ ਅਤੇ ਸਾਡਾ ਆਉਣ ਵਾਲਾ ਸਮਾਂ ਖੁਸ਼ਹਾਲ ਹੋਵੇ।
ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਕਤਲ ਕਾਂਡ ਨੂੰ ਲੈ ਕੇ ਦਿੱਲੀ ਪੁਲਸ ਦਾ ਵੱਡਾ ਖ਼ੁਲਾਸਾ, 6 ਸ਼ੂਟਰਾਂ ਦੀ ਹੋਈ ਪਛਾਣ
ਇਸ ਮੌਕੇ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਪੰਜਾਬ ਦੇ ਲੋਕ ਡਰੇ ਹੋਏ ਹਨ ਕਿਉਂਕਿ ਜਿਨ੍ਹਾਂ ’ਤੇ ਭਰੋਸਾ ਕੀਤਾ, ਉਹ ਲੋਕ ਪੰਜਾਬ ਅੰਦਰ ਲਾਅ ਐਂਡ ਆਰਡਰ ਨੂੰ ਕਾਇਮ ਰੱਖਣ ’ਚ ਬੁਰੀ ਤਰ੍ਹਾਂ ਅਸਫਲ ਹੋ ਗਏ ਹਨ। ਅੱਜ ਪੰਜਾਬ ਅੰਦਰ ਨਿੱਤ ਕਤਲ, ਲੁੱਟਾਂ-ਖੋਹਾਂ ਹੋ ਰਹੀਆਂ ਹਨ, ਜਿਸ ਕਰਕੇ ਪੰਜਾਬ ਨੂੰ ਬਚਾਉਣ ਲਈ ਸਾਡੀ ਕੇਂਦਰ ’ਚ ਹਿੱਸੇਦਾਰੀ ਹੋਣਾ ਬਹੁਤ ਜ਼ਰੂਰੀ ਹੈ, ਤੁੁਸੀਂ ਮੈਨੂੰ ਤਾਕਤ ਦੇ ਕੇ ਲੋਕ ਸਭਾ ’ਚ ਭੇਜੋ, ਮੈਂ ਤੁਹਾਡੀਆਂ ਸਾਰੀਆਂ ਮੁਸ਼ਕਿਲਾਂ ਦਾ ਹੱਲ ਕਰਾਂਗਾ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਜ਼ਿਲ੍ਹਾ ਸੰਗਰੂਰ ਲਈ ਅੰਤਰਰਾਸ਼ਟਰੀ ਹਵਾਈ ਅੱਡਾ, ਕਾਲਜ ਅਤੇ ਵੱਡੇ ਉਦਯੋਗ ਲੈ ਕੇ ਆਵਾਂਗਾ। ਇਹ ਮੇਰਾ ਤੁਹਾਡੇ ਨਾਲ ਵਾਅਦਾ ਹੈ। ਅੱਜ ਦਿੜ੍ਹਬਾ ਵਿਖੇ ਕੇਵਲ ਸਿੰਘ ਢਿੱਲੋਂ ਵੱਲੋਂ ਆਪਣੇ ਚੋਣ ਦਫਤਰ ਦਾ ਉਦਘਾਟਨ ਵੀ ਕੀਤਾ ਗਿਆ। ਇਸ ਮੀਟਿੰਗ ਨੂੰ ਪਰਮਿੰਦਰ ਸਿੰਘ ਢੀਂਡਸਾ, ਸਾਬਕਾ ਮੰਤਰੀ ਗੁਰਜੀਤ ਸਿੰਘ ਸੋਢੀ, ਜਥੇਦਾਰ ਗੁਰਬਚਨ ਸਿੰਘ ਬਚੀ, ਅਵਿਨਾਸ਼ ਚੰਦਰ, ਰਾਜੇਸ਼ ਬੱਗਾ, ਮਲਕੀਤ ਸਿੰਘ ਚੰਗਾਲ, ਕਲਭੂਸਨ ਗੋਇਲ, ਰਿਸੀ ਪਾਲ ਰਿਖੀ ਆਦਿ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਵੱਡੀ ਗਿਣਤੀ ਵਰਕਰਾਂ ਤੋਂ ਇਲਾਵਾ ਸੁਖਜਿੰਦਰ ਸਿੰਘ ਸਿੰਧੜਾਂ, ਜਗਪਾਲ ਮਿੱਤਲ, ਪਰਮਜੀਤ ਮੱਟੂ, ਹਰਦੀਪ ਸਿੰਧੜਾ, ਗੁਰਸੇਵਕ ਸਿੰਘ ਕਮਾਲਪੁਰ, ਰਣਧੀਰ ਸਿੰਘ ਸਮੂੰਰਾਂ, ਤਰਸੇਮ ਚੰਦ ਸਿੰਗਲਾ, ਜੋਰਾ ਸਿੰਘ ਬਾਵਾ, ਧਿਆਨ ਦਾਸ ਆਦਿ ਹਾਜ਼ਰ ਸਨ।
ਇਹ ਵੀ ਪੜ੍ਹੋ : ਤਲਵੰਡੀ ਸਾਬੋ ਵਿਖੇ ਗੁਰਦੁਆਰਾ ਸਾਹਿਬ ’ਚ ਲੱਗੀ ਅੱਗ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 4 ਸਰੂਪ ਅਗਨ ਭੇਟ