ਨਸ਼ੇ ਵਾਲੀਆਂ ਗੋਲੀਆਂ ਤੇ ਕੈਪਸੂਲਾਂ ਸਮੇਤ ਵਿਅਕਤੀ ਗ੍ਰਿਫਤਾਰ
Saturday, Apr 28, 2018 - 03:39 AM (IST)

ਗੁਰਦਾਸਪੁਰ, (ਵਿਨੋਦ, ਦੀਪਕ)- ਸੀ. ਆਈ. ਏ. ਸਟਾਫ ਗੁਰਦਾਸਪੁਰ ਨੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਕੇ ਉਸ ਤੋਂ ਭਾਰੀ ਮਾਤਰਾ 'ਚ ਨਸ਼ਾ ਪੂਰਤੀ ਦੇ ਲਈ ਕੰਮ ਆਉਣ ਵਾਲੇ ਕੈਪਸੂਲ ਤੇ ਗੋਲੀਆਂ ਬਰਾਮਦ ਕਰਨ ਵਿਚ ਸਫ਼ਲਤਾ ਪ੍ਰਾਪਤ ਕੀਤੀ ਹੈ।
ਜਾਣਕਾਰੀ ਦਿੰਦਿਆਂ ਸੀ. ਆਈ. ਏ. ਸਟਾਫ ਇੰਚਾਰਜ ਬਲਦੇਵ ਰਾਜ ਨੇ ਦੱਸਿਆ ਕਿ ਸਾਨੂੰ ਗੁਪਤ ਸੂਚਨਾ ਮਿਲੀ ਸੀ ਕਿ ਦੋਸ਼ੀ ਰਾਜੇਸ਼ ਕੁਮਾਰ ਉਰਫ਼ ਮੁਨੀਸ਼ ਕੁਮਾਰ ਪੁੱਤਰ ਮੰਗਤ ਰਾਮ ਨਿਵਾਸੀ ਪਿੰਡ ਤਾਲਿਬਪੁਰ ਲੰਮੇ ਸਮੇਂ ਤੋਂ ਹਿਮਾਚਲ ਪ੍ਰਦੇਸ਼ ਤੋਂ ਨਸ਼ਾ ਪੂਰਤੀ ਦਾ ਸਾਮਾਨ ਲਿਆ ਕੇ ਇਲਾਕੇ ਵਿਚ ਵੇਚਦਾ ਹੈ। ਇਸ ਧੰਦੇ ਵਿਚ ਜਿਥੇ ਉਹ ਮੋਟੀ ਕਮਾਈ ਕਰਦਾ ਹੈ, ਉਥੇ ਇਲਾਕੇ ਵਿਚ ਨੌਜਵਾਨਾਂ ਨੂੰ ਨਸ਼ੇੜੀ ਬਣਾ ਰਿਹਾ ਹੈ। ਸੂਚਨਾ ਦੇਣ ਵਾਲੇ ਨੇ ਇਹ ਵੀ ਸੂਚਨਾ ਦਿੱਤੀ ਸੀ ਕਿ ਇਸ 'ਤੇ ਨਜ਼ਰ ਰੱਖੀ ਜਾਵੇ ਤਾਂ ਇਸ ਨੂੰ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਜਾ ਸਕਦਾ ਹੈ।
ਪੁਲਸ ਅਧਿਕਾਰੀ ਨੇ ਦੱਸਿਆ ਕਿ ਸਹਾਇਕ ਸਬ-ਇੰਸਪੈਕਟਰ ਗੁਰਦਰਸ਼ਨ ਸਿੰਘ ਪੁਲਸ ਪਾਰਟੀ ਦੇ ਨਾਲ ਤਾਲਿਬਪੁਰ ਪੰਡੋਰੀ ਇਲਾਕੇ ਵਿਚ ਗਸ਼ਤ ਕਰ ਰਹੇ ਸੀ ਤਾਂ ਇਕ ਐਕਟਿਵਾ ਸਵਾਰ ਨੂੰ ਆਉਂਦੇ ਵੇਖ ਕੇ ਜਦ ਪੁਲਸ ਪਾਰਟੀ ਨੇ ਉਸ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਦੋਸ਼ੀ ਨੇ ਪਿੱਛੇ ਵੱਲ ਭੱਜਣ ਦੀ ਕੋਸ਼ਿਸ਼ ਕੀਤੀ। ਇਸ 'ਤੇ ਪੁਲਸ ਕਰਮਚਾਰੀਆਂ ਨੇ ਕਾਬੂ ਕਰ ਕੇ ਉਸ ਦੀ ਜਦ ਤਲਾਸ਼ੀ ਲਈ ਤਾਂ ਦੋਸ਼ੀ ਕੋਲੋਂ ਪਾਰਵਾਲ ਸਪਾਸ ਕੈਪਸੂਲ 400 ਅਤੇ ਐਲਪ੍ਰੇਸ ਗੋਲੀਆਂ 200 ਬਰਾਮਦ ਹੋਈਆਂ। ਦੋਸ਼ੀ ਦੀ ਪਛਾਣ ਰਾਜੇਸ਼ ਕੁਮਾਰ ਉਰਫ਼ ਮੁਨੀਸ਼ ਕੁਮਾਰ ਪੁੱਤਰ ਮੰਗਤ ਰਾਮ ਨਿਵਾਸੀ ਪਿੰਡ ਤਾਲਿਬਪੁਰ ਦੇ ਰੂਪ ਵਿਚ ਹੋਈ। ਪੁਲਸ ਨੇ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।