ਜ਼ੀਰਾ ''ਚ ਚੱਲੀਆਂ ਤਾੜ-ਤਾੜ ਗੋਲੀਆਂ, ਦੋਹਾਂ ਧਿਰਾਂ ਵਿਚਾਲੇ ਹੋ ਗਈ ਖ਼ੂਨੀ ਝੜਪ
Sunday, Jul 13, 2025 - 08:33 AM (IST)

ਜ਼ੀਰਾ (ਸਤੀਸ਼) : ਪੰਜਾਬ 'ਚ ਫਿਰੋਜ਼ਪੁਰ ਦੇ ਜ਼ੀਰਾ ਵਿਖੇ ਤਾੜ-ਤਾੜ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਪਿੰਡ ਬਡਾਲਾ ਪੁਰਾਣਾ ਵਿਖੇ 2 ਧਿਰਾਂ ਦੀ ਆਪਸੀ ਰੰਜਿਸ਼ ਦੇ ਚੱਲਦਿਆਂ ਗੋਲੀਆਂ ਅਤੇ ਕਾਪੇ-ਕਿਰਪਾਨਾਂ ਚੱਲਣ ਕਾਰਨ 7 ਵਿਅਕਤੀ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਸਿਵਲ ਹਸਪਤਾਲ 'ਚ ਇਲਾਜ ਲਈ ਪਹੁੰਚਾਇਆ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਿਵਲ ਹਸਪਤਾਲ ਜ਼ੀਰਾ ਵਿਖੇ ਜੇਰੇ ਇਲਾਜ ਦੋਹਾਂ ਧਿਰਾਂ ਦੇ ਵਿਅਕਤੀਆਂ ਵਲੋਂ ਇਕ-ਦੂਜੇ 'ਤੇ ਗੰਭੀਰ ਦੋਸ਼ ਲਾਏ ਗਏ।
ਡੀ. ਐੱਸ. ਪੀ. ਜ਼ੀਰਾ ਗੁਰਦੀਪ ਸਿੰਘ ਨੇ ਕਿਹਾ ਕਿ ਇਨ੍ਹਾਂ ਦੋਹਾਂ ਧਿਰਾਂ ਦਰਮਿਆਨ ਪਿਛਲੇ ਕੁੱਝ ਦਿਨਾਂ ਤੋਂ ਖਿੱਚੋਤਾਣ ਚੱਲ ਰਹੀ ਸੀ। ਉਨ੍ਹਾਂ ਵਲੋਂ ਦੋਹਾਂ ਹੀ ਧਿਰਾਂ ਨੂੰ ਥਾਣੇ ਵੀ ਬੁਲਾਇਆ ਗਿਆ ਸੀ ਪਰ ਉਕਤ ਲੋਕ ਥਾਣੇ ਨਹੀਂ ਪੁੱਜੇ ਅਤੇ ਅੱਜ ਇਨ੍ਹਾਂ ਵਿਚਾਲੇ ਖ਼ੂਨੀ ਝੜਪ ਹੋ ਗਈ। ਇਸ ਦੌਰਾਨ ਤੇਜ਼ਧਾਰ ਹਥਿਆਰ ਅਤੇ ਗੋਲੀਆਂ ਚੱਲੀਆਂ। ਉਨ੍ਹਾਂ ਦੱਸਿਆ ਕਿ ਇਸ ਹਮਲੇ ਦੌਰਾਨ 7 ਵਿਅਕਤੀ ਜ਼ਖਮੀ ਹੋਏ ਹਨ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਾਇਆ ਗਿਆ ਹੈ। ਫਿਲਹਾਲ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਬਣਦੀ ਕਾਰਵਾਈ ਅਮਲ 'ਚ ਲਿਆਂਦੀ ਜਾ ਰਹੀ ਹੈ।