RTO ਦਫ਼ਤਰ ’ਚ ਲੋਕਾਂ ਨੂੰ ਆ ਰਹੀਆਂ ਪਰੇਸ਼ਾਨੀਆਂ, 2 ਦਿਨਾਂ ਤੋਂ ਦੋ ਹੈਲਪਲਾਈਨ ਵਿੰਡੋਜ਼ ਬੰਦ
Friday, May 23, 2025 - 12:56 PM (IST)

ਜਲੰਧਰ (ਚੋਪੜਾ)- ਖੇਤਰੀ ਟਰਾਂਸਪੋਰਟ ਦਫ਼ਤਰ (ਆਰ. ਟੀ. ਓ.) ’ਚ ਆਮ ਲੋਕਾਂ ਦੀਆਂ ਮੁਸ਼ਕਿਲਾਂ ਘਟਣ ਦੀ ਬਜਾਏ ਦਿਨੋ-ਦਿਨ ਵਧਦੀਆਂ ਜਾ ਰਹੀਆਂ ਹਨ। ਇਸ ਦਾ ਸਭ ਤੋਂ ਵੱਡਾ ਕਾਰਨ ਇਥੇ ਸਟਾਫ਼ ਦੀ ਭਾਰੀ ਘਾਟ ਅਤੇ ਪ੍ਰਸ਼ਾਸਨਿਕ ਲਾਪਰਵਾਹੀ ਹੈ। ਦਫ਼ਤਰ ਵਿਚ ਸੀਮਤ ਸਟਾਫ਼ ਕਾਰਨ ਜਨਤਾ ਨੂੰ ਰੋਜ਼ਾਨਾ ਕਿਸੇ ਨਾ ਕਿਸੇ ਕੰਮ ਲਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵੀਰਵਾਰ ਫਿਰ ਆਰ. ਟੀ. ਓ. ਕੰਪਲੈਕਸ ਵਿਚ ਇਹੋ ਜਿਹਾ ਨਜ਼ਾਰਾ ਵੇਖਣ ਨੂੰ ਮਿਲਿਆ ਜਦੋਂ ਜਨਤਾ ਦੀ ਸਹੂਲਤ ਲਈ ਖੋਲ੍ਹੀਆਂ ਗਈਆਂ ਚਾਰ ਹੈਲਪਲਾਈਨ ਖਿੜਕੀਆਂ ਵਿਚੋਂ ਦੋ ਖਿੜਕੀਆਂ ਬੰਦ ਰਹੀਆਂ।
ਇਹ ਵੀ ਪੜ੍ਹੋ: ਵਿਜੀਲੈਂਸ ਦੀ ਵੱਡੀ ਕਾਰਵਾਈ: MLA ਰਮਨ ਅਰੋੜਾ 'ਤੇ FIR ਦਰਜ, ਘਰ ਕਰ ਦਿੱਤਾ ਸੀਲ
ਹੈਲਪਲਾਈਨ ਵਿੰਡੋ ’ਤੇ ਤਾਇਨਾਤ ਕਲਰਕ ਰਮੇਸ਼ ਇਕ ਅਦਾਲਤੀ ਕੇਸ ਦੇ ਸਬੰਧ ਵਿਚ ਅਦਾਲਤ ’ਚ ਪੇਸ਼ ਹੋਣ ਲਈ ਗਿਆ ਸੀ, ਜਦਕਿ ਇਕ ਹੋਰ ਕਰਮਚਾਰੀ ਅਮਨਦੀਪ ਛੁੱਟੀ 'ਤੇ ਸੀ। ਇਸ ਕਾਰਨ ਦੋਵੇਂ ਖਿੜਕੀਆਂ ਜਿੱਥੋਂ ਨਾਗਰਿਕਾਂ ਨੂੰ ਜ਼ਰੂਰੀ ਸੇਵਾਵਾਂ ਮਿਲਣੀਆਂ ਸਨ, ਸਵੇਰ ਤੋਂ ਹੀ ਬੰਦ ਰਹੀਆਂ। ਦੂਜੇ ਪਾਸੇ ਐੱਸ. ਓ. ਮੁਨੀਸ਼ ਮਲਹੋਤਰਾ ਕੋਲ ਜਲੰਧਰ ਦੇ ਨਾਲ-ਨਾਲ ਦੋ ਹੋਰ ਜ਼ਿਲ੍ਹਿਆਂ ਲੁਧਿਆਣਾ ਅਤੇ ਤਰਨਤਾਰਨ ਦਾ ਚਾਰਜ ਸੀ, ਇਸ ਲਈ ਉਹ ਲੁਧਿਆਣਾ ਵਿਚ ਡਿਊਟੀ ’ਤੇ ਸਨ। ਇਸ ਤੋਂ ਇਲਾਵਾ ਏ. ਆਰ. ਟੀ. ਓ. ਵਿਸ਼ਾਲ ਗੋਇਲ ਵੀ ਸਿਹਤ ਕਾਰਨਾਂ ਕਰਕੇ ਛੁੱਟੀ ’ਤੇ ਸਨ।
ਇਸ ਸਥਿਤੀ ਦਾ ਖਮਿਆਜ਼ਾ ਸਿੱਧੇ ਤੌਰ ’ਤੇ ਆਰ. ਟੀ. ਓ. ਦਫ਼ਤਰ ਆਪਣੇ ਜ਼ਰੂਰੀ ਕੰਮ ਲਈ ਆਉਣ ਵਾਲੇ ਨਾਗਰਿਕਾਂ ਨੂੰ ਭੁਗਤਣਾ ਪਿਆ। ਬਹੁਤ ਸਾਰੇ ਲੋਕ ਸਵੇਰ ਤੋਂ ਹੀ ਕਤਾਰਾਂ ਵਿਚ ਖੜ੍ਹੇ ਸਨ ਪਰ ਕੰਮ ਨਾ ਹੋਣ ਕਾਰਨ ਉਨ੍ਹਾਂ ਨੂੰ ਨਿਰਾਸ਼ ਹੋ ਕੇ ਵਾਪਸ ਪਰਤਣਾ ਪਿਆ। ਭੋਗਪੁਰ ਤੋਂ ਆਏ ਇਕ ਵਿਅਕਤੀ ਨੇ ਦੱਸਿਆ ਕਿ ਉਹ ਅੱਧੇ ਦਿਨ ਦੀ ਛੁੱਟੀ ਲੈ ਕੇ ਆਪਣਾ ਟੈਕਸ ਅਪਡੇਟ ਕਰਨ ਲਈ ਆਰ. ਟੀ. ਓ. ਦਫ਼ਤਰ ਗਿਆ ਸੀ ਪਰ ਜਦੋਂ ਉਹ ਉੱਥੇ ਪਹੁੰਚਿਆ ਤਾਂ ਉਸ ਨੇ ਵੇਖਿਆ ਕਿ ਸਬੰਧਤ ਐੱਸ. ਓ. ਮੌਜੂਦ ਨਹੀਂ ਸੀ। ਹੁਣ ਮੈਨੂੰ ਦੋਬਾਰਾ ਛੁੱਟੀ ਲੈਣੀ ਪਵੇਗੀ, ਇਸ ਤੋਂ ਇਲਾਵਾ ਬੱਸ ਦਾ ਕਿਰਾਇਆ ਅਤੇ ਸਮਾਂ ਬਰਬਾਦ ਹੋਵੇਗਾ।
ਇਹ ਵੀ ਪੜ੍ਹੋ: ਵਿਜੀਲੈਂਸ ਬਿਊਰੋ ਵੱਲੋਂ ਪਨਬਸ ਦਾ ਸੁਪਰਡੈਂਟ ਗ੍ਰਿਫ਼ਤਾਰ, ਕਾਰਨਾਮਾ ਜਾਣ ਹੋਵੋਗੇ ਹੈਰਾਨ
ਕਰਤਾਰਪੁਰ ਤੋਂ ਆਏ ਇਕ ਬਜ਼ੁਰਗ ਵਿਅਕਤੀ ਨੇ ਕਿਹਾ ਕਿ ਉਹ ਪਿਛਲੇ ਦੋ ਦਿਨਾਂ ਤੋਂ ਆਪਣੇ ਵਪਾਰਕ ਵਾਹਨ ਨਾਲ ਸਬੰਧਤ ਕੰਮ ਲਈ ਚੱਕਰ ਲਾ ਰਿਹਾ ਸੀ ਪਰ ਕਲਰਕ ਉਪਲੱਬਧ ਨਾ ਹੋਣ ਕਾਰਨ ਉਸ ਨੂੰ ਕੱਲ ਆਉਣ ਲਈ ਕਿਹਾ ਜਾ ਰਿਹਾ ਸੀ। ਲੋਕਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸਟਾਫ਼ ਦੀ ਗਿਣਤੀ ਵਧਾਈ ਜਾਵੇ ਅਤੇ ਸਥਾਈ ਬੈਕਅੱਪ ਦਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਕਿਸੇ ਵੀ ਕਰਮਚਾਰੀ ਦੀ ਗੈਰਹਾਜ਼ਰੀ ਕਾਰਨ ਕੰਮ ਪ੍ਰਭਾਵਿਤ ਨਾ ਹੋਵੇ।
ਇਹ ਵੀ ਪੜ੍ਹੋ: ਆ ਗਈਆਂ ਗਰਮੀਆਂ ਦੀਆਂ ਛੁੱਟੀਆਂ! 26 ਜੂਨ ਤੋਂ 29 ਜੂਨ ਤੱਕ ਹੋ ਗਿਆ ਵੱਡਾ ਐਲਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e