ਛੱਪੜ ਦੇ ਓਵਰਫਲੋਅ ਹੋਣ ਕਾਰਨ ਲੋਕ ਪ੍ਰੇਸ਼ਾਨ
Tuesday, Jan 30, 2018 - 05:41 AM (IST)
ਬਾਘਾਪੁਰਾਣਾ, (ਚਟਾਨੀ)- ਸ਼ਹਿਰ ਦੇ ਇਕੋ-ਇਕ ਬਾਕੀ ਬਚੇ ਤਾਰੇਵਾਲਾ ਛੱਪੜ ਦੇ ਓਵਰਫਲੋਅ ਹੋਣ ਕਰ ਕੇ ਇਸ ਦੀ ਲਾਗਲੀ ਵਸੋਂ ਪਿਛਲੇ ਇਕ ਅਰਸੇ ਤੋਂ ਡਾਹਢੀ ਪ੍ਰੇਸ਼ਾਨ ਹੈ। ਛੱਪੜ ਦੇ ਪਾਣੀ ਦੀ ਨਿਕਾਸੀ ਦਾ ਕੋਈ ਪੁਖਤਾ ਪ੍ਰਬੰਧ ਨਾ ਹੋਣ ਕਾਰਨ ਇਸ 'ਚ ਹੋਰ ਪਾਣੀ ਸਮਾਉਣ ਦੀ ਸਮਰਥਾ ਖਤਮ ਹੋ ਗਈ ਹੈ, ਜਿਸ ਕਾਰਨ ਇਸ ਦਾ ਵਾਧੂ ਵਹਾਅ ਗਲੀਆਂ ਵੱਲ ਆਣ ਤੁਰਿਆ ਹੈ। ਇਸ ਦੇ ਬਿਲਕੁੱਲ ਕਿਨਾਰੇ ਉਪਰਲੀ ਵਸੋਂ ਤਾਂ ਇਸ ਗੰਦੇ ਪਾਣੀ ਤੋਂ ਬੇਹੱਦ ਦੁਖੀ ਹੈ ਕਿਉਂਕਿ ਬਦਬੂ ਮਾਰਦੇ ਪਾਣੀ ਕਾਰਨ ਉਨ੍ਹਾਂ ਦਾ ਦਿਨ ਦਾ ਆਰਾਮ ਅਤੇ ਰਾਤਾਂ ਦੀ ਨੀਂਦ ਉੱਡੀ ਪਈ ਹੈ। ਲਾਗਲੇ ਘਰਾਂ ਦੀਆਂ ਸੁਆਣੀਆਂ ਨੇ ਤਾਂ ਇਥੋਂ ਤੱਕ ਕਿਹਾ ਕਿ ਪਾਣੀ 'ਚੋਂ ਨਿਕਲਦੇ ਜੀਵ-ਜੰਤੂ ਉਨ੍ਹਾਂ ਦੇ ਚੁੱਲ੍ਹੇ-ਚੌਂਕਿਆਂ ਤੱਕ ਪੁੱਜ ਚੁੱਕੇ ਹਨ, ਜਦਕਿ ਨਲਕਿਆਂ ਅਤੇ ਮੱਛੀ ਮੋਟਰਾਂ ਦੇ ਪਾਣੀ 'ਚੋਂ ਵੀ ਗੰਧਲਾਪਣ ਸਾਫ ਝਲਕਦਾ ਹੈ।
ਇਸ ਬਸਤੀ ਦੀ ਨਵ-ਗਠਿਤ ਬਾਬਾ ਬੰਤ ਸਿੰਘ ਸਪੋਰਟਸ ਐਂਡ ਵੈੱਲਫੇਅਰ ਕਲੱਬ ਦੇ ਨੁਮਾਇੰਦਿਆਂ ਸੁਖਪ੍ਰੀਤ ਸਿੰਘ ਪੱਪੂ, ਗੋਬਿੰਦ ਸਿੰਘ ਭਿੰਦੀ, ਸੁਖਮੰਦਰ ਸਿੰਘ ਭੱਟੀ, ਡਾ. ਹਰਿੰਦਰ ਸਿੰਘ ਵਿੱਕੀ, ਪ੍ਰਦਮਨ ਸਿੰਘ ਭੱਟੀ, ਵੇਦ ਪ੍ਰਕਾਸ਼ ਸਿੰਘ, ਮੋਹਨ ਸਿੰਘ ਅਤੇ ਰਾਜ ਕੁਮਾਰ ਰਾਜਾ ਹੁਰਾਂ ਨੇ ਦੱਸਿਆ ਕਿ ਭਾਵੇਂ ਕੌਂਸਲ ਵੱਲੋਂ ਨਾਲੀਆਂ ਤਾਂ ਬਣਾਈਆਂ ਗਈਆਂ ਹਨ ਪਰ ਇਨ੍ਹਾਂ ਨਾਲੀਆਂ ਅਤੇ ਨਾਲਿਆਂ ਦੇ ਬੇਤਰਤੀਬੇ ਨਿਰਮਾਣ ਅਤੇ ਗੈਰਨਿਯਮਿਤ ਲੈਵਲ ਸਦਕਾ ਨਿਕਾਸ ਦੀ ਸਮੱਸਿਆ ਹੁਣ ਤੱਕ ਮੂੰਹ ਅੱਡੀ ਖੜ੍ਹੀ ਹੈ। ਕਲੱਬ ਦੇ ਆਗੂਆਂ ਨੇ ਇਹ ਵੀ ਦੱਸਿਆ ਕਿ ਛੱਪੜ ਦੀ ਸਫਾਈ ਨਾ ਹੋਣ ਕਰ ਕੇ ਵੀ ਇਸ ਦੇ ਨਾਲਿਆਂ ਵੱਲ ਵਹਾਅ 'ਚ ਰੁਕਾਵਟ ਬਣੀ ਹੋਈ ਹੈ। ਕਲੱਬ ਦੇ ਇਲਾਵਾ ਬਸਤੀ ਦੇ ਲੋਕਾਂ ਨੇ ਮੰਗ ਕੀਤੀ ਕਿ ਇਸ ਛੱਪੜ 'ਚ ਡਿੱਗਦੇ ਬਾਕੀ ਘਰਾਂ ਦੇ ਪਾਣੀ ਦੀ ਸਿੱਧੀ ਸਪਲਾਈ ਛੱਪੜ ਦੀ ਬਜਾਏ ਨਾਲੇ 'ਚ ਸੁੱਟੀ ਜਾਵੇ ਅਤੇ ਨਿਕਾਸੀ ਨਾਲੇ ਦੀ ਡੂੰਘਾਈ ਨੂੰ ਹੋਰ ਵਧਾਇਆ ਜਾਵੇ।
