ਮੌਤ ਦੀਆਂ ਬਰੂਹਾਂ ''ਤੇ ਢੁੱਕਦੇ ਜਾ ਰਹੇ ਨੇ ਭਿਆਨਕ ਬੀਮਾਰੀਆਂ ''ਚ ਜਕੜੇ ਲੋਕ

Monday, Mar 05, 2018 - 03:06 AM (IST)

ਮੌਤ ਦੀਆਂ ਬਰੂਹਾਂ ''ਤੇ ਢੁੱਕਦੇ ਜਾ ਰਹੇ ਨੇ ਭਿਆਨਕ ਬੀਮਾਰੀਆਂ ''ਚ ਜਕੜੇ ਲੋਕ

ਬਾਘਾਪੁਰਾਣਾ,  (ਚਟਾਨੀ)-  ਕਸਬੇ ਤੇ ਆਸ-ਪਾਸ ਦੇ ਖੇਤਰਾਂ 'ਚ ਲੋਕਾਂ ਸਿਰ ਮੰਡਰਾਉਂਦੇ ਭਿਆਨਕ ਬੀਮਾਰੀਆਂ ਦੇ ਬੱਦਲਾਂ ਨੇ ਸਾਹ ਸੂਤ ਕੇ ਰੱਖ ਦਿੱਤੇ ਹਨ। ਆਰਥਿਕ ਤੌਰ 'ਤੇ ਸਮਰੱਥ ਲੋਕ ਤਾਂ ਭਾਵੇਂ ਮਹਿੰਗੇ ਇਲਾਜਾਂ ਨਾਲ ਅਜਿਹੀਆਂ ਬੀਮਾਰੀਆਂ ਨਾਲ ਦੋ-ਹੱਥ ਕਰ ਕੇ ਜ਼ਿੰਦਗੀ ਦੀ ਤੋਰ ਨੂੰ ਸੁਖਾਵੀਂ ਕਰਨ 'ਚ ਸਫਲ ਹੋ ਗਏ ਹਨ। ਕੈਂਸਰ ਤੇ ਪੀਲੀਏ ਵਰਗੀਆਂ ਜਾਨਲੇਵਾ ਬੀਮਾਰੀਆਂ ਲਈ ਨਾ ਤਾਂ ਸਰਕਾਰੀ ਹਸਪਤਾਲਾਂ 'ਚ ਕੋਈ ਸਸਤਾ ਇਲਾਜ ਹੈ ਅਤੇ ਨਾ ਹੀ ਮਹਿੰਗੇ ਇਲਾਜ ਲਈ ਸਰਕਾਰਾਂ ਵੱਲੋਂ ਗਰੀਬ ਲੋਕਾਂ ਵਾਸਤੇ ਕੋਈ ਆਰਥਿਕ ਸਹਾਇਤਾ ਦਾ ਹੀ ਪ੍ਰਬੰਧ ਹੈ। 
ਸ਼ਹਿਰ ਅਤੇ ਆਸ-ਪਾਸ ਦੇ ਪਿੰਡਾਂ ਦੀਆਂ ਦਲਿਤ ਬਸਤੀਆਂ ਉੱਚ ਵਰਗ ਦੀਆਂ ਕਾਲੋਨੀਆਂ ਦੇ ਮੁਕਾਬਲੇ ਸਹੂਲਤਾਂ ਪੱਖੋਂ ਪੱਛੜੀਆਂ ਹੋਣ ਕਾਰਨ ਬੀਮਾਰੀਆਂ ਦਾ ਘੇਰਾ ਦਲਿਤਾਂ ਦੁਆਲੇ ਬਹੁਤ ਮਜ਼ਬੂਤ ਹੋ ਚੁੱਕਾ ਹੈ। ਦਲਿਤ ਕਾਲੋਨੀਆਂ ਦੇ ਘਰਾਂ ਦੇ ਗੰਦੇ ਪਾਣੀ ਦਾ ਨਿਕਾਸ ਯੋਜਨਾਬੱਧ ਢੰਗ ਨਾਲ ਨਾ ਹੋਣ ਕਾਰਨ ਗਲੀਆਂ 'ਚ ਗੰਦੇ ਪਾਣੀ ਦੇ ਛੱਪੜ ਲੱਗੇ ਪਏ ਹਨ। ਕਈ ਕਾਲੋਨੀਆਂ ਦਾ ਤਾਂ ਵਸੇਬਾ ਹੀ ਸਦੀਆਂ ਪੁਰਾਣੇ ਛੱਪੜਾਂ ਦੇ ਕੰਢੇ 'ਤੇ ਹੈ। 
ਛੱਪੜਾਂ ਕਿਨਾਰੇ ਵਸੇ ਅਜਿਹੇ ਘਰਾਂ 'ਚ ਲੱਗੇ ਨਲਕਿਆਂ 'ਚੋਂ ਦੂਸ਼ਿਤ ਪਾਣੀ ਹੀ ਨਿਕਲ ਰਿਹਾ ਹੈ, ਜੇਕਰ ਕਿਸੇ ਘਰੇ ਡੂੰਘੇ ਬੋਰ ਵੀ ਹੋਏ ਹਨ ਤਾਂ ਉਥੇ ਵੀ ਪਾਣੀ ਗੰਧਲਾ ਹੀ ਹੈ। ਛੱਪੜਾਂ ਦੇ ਪਾਣੀ 'ਤੇ ਮੰਡਰਾਉਂਦੇ ਮੱਖੀ-ਮੱਛਰ ਨੇ ਜਿਥੇ ਦਲਿਤ ਪਰਿਵਾਰਾਂ ਦਾ ਦਿਨ ਦਾ ਚੈਨ ਉਡਾ ਦਿੱਤਾ ਹੈ, ਉਥੇ ਗਰਮੀ ਦੇ ਦਿਨਾਂ 'ਚ ਮੱਛਰ ਉਨ੍ਹਾਂ ਦੀਆਂ ਰਾਤਾਂ ਦੀ ਨੀਂਦ ਵੀ ਹਰਾਮ ਕਰ ਦਿੰਦੇ ਹਨ। ਸ਼ਹਿਰ ਦੀ ਮਹੰਤਾਂ ਵਾਲੀ ਗਲੀ, ਬਸਤੀ ਬਾਬਾ ਜੀਵਨ ਸਿੰਘ ਨਗਰ, ਤਾਰੇਵਾਲਾ ਛੱਪੜ ਕਾਲੋਨੀ ਅਤੇ ਦਲੀਪ ਬਸਤੀ ਅਜਿਹੀਆਂ ਕਾਲੋਨੀਆਂ ਹਨ, ਜਿਥੋਂ ਦੇ ਕਈ ਵਸਨੀਕ ਭਿਆਨਕ ਬੀਮਾਰੀਆਂ ਹੋਣ ਕਾਰਨ ਵੀ ਮਹਿੰਗਾ ਇਲਾਜ ਨਹੀਂ ਕਰਵਾ ਸਕਦੇ । ਅਜਿਹੀਆਂ ਬਸਤੀਆਂ 'ਚ ਅਜੇ ਵੀ ਬਹੁਤ ਲੋਕ ਅਜਿਹੇ ਹਨ, ਜੋ ਕਾਫੀ ਸਮੇਂ ਤੋਂ ਮੰਜੇ ਨਾਲ ਮੰਜਾ ਹੋਏ ਪਏ ਹਨ ਕਿਉਂਕਿ ਹਸਪਤਾਲਾਂ ਦੇ ਮਹਿੰਗੇ ਇਲਾਜਾਂ ਨੇ ਉਨ੍ਹਾਂ ਦੇ ਹੱਥ ਖੜ੍ਹੇ ਕਰਵਾ ਛੱਡੇ ਹਨ। 
ਲੋਕਾਂ ਦਾ ਕਹਿਣਾ ਹੈ ਕਿ ਸਰਕਾਰਾਂ ਨੇ ਬੀਮਾਰੀਆਂ ਦੇ ਇਲਾਜ ਲਈ ਭਾਵੇਂ ਸਰਕਾਰੀ ਹਸਪਤਾਲਾਂ 'ਚ ਮੁਫਤ ਸਹੂਲਤਾਂ ਦੇ ਐਲਾਨ ਤਾਂ ਕੀਤੇ ਹਨ ਪਰ ਅਸਲ ਤਸਵੀਰ ਹਕੀਕਤ ਤੋਂ ਕਾਫੀ ਦੂਰ ਹੈ। ਪੀੜਤ ਲੋਕਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੈਂਸਰ ਪੀੜਤਾਂ ਲਈ ਆਰਥਿਕ ਮਦਦ ਦੀ ਚਲਾਈ ਗਈ ਮੁਹਿੰਮ ਨੂੰ ਲੋਕ ਪੱਖੀ ਕਾਰਜ ਦੱਸਿਆ ਪਰ ਸਹਾਇਤਾ ਦੀ ਰਾਸ਼ੀ 'ਚ ਵਾਧਾ ਕਰਨ ਦਾ ਸੁਝਾਅ ਵੀ ਦਿੱਤਾ। ਬਾਬਾ ਬੰਤ ਸਿੰਘ ਸਪੋਰਟਸ ਐਂਡ ਵੈੱਲਫੇਅਰ ਕਲੱਬ (ਬਾਬਾ ਜੀਵਨ ਸਿੰਘ ਨਗਰ) ਤੋਂ ਇਲਾਵਾ ਹੋਰਨਾਂ ਬਸਤੀਆਂ ਦੀਆਂ ਸਮਾਜ ਸੇਵੀ ਸੰਸਥਾਵਾਂ ਨੇ ਸਰਕਾਰ ਨੂੰ ਹਲੂਣਦਿਆਂ ਕਿਹਾ ਕਿ ਜੇਕਰ ਬਸਤੀਆਂ 'ਚ ਸਫਾਈ ਦੇ ਕਾਰਜ ਹੀ ਦੂਜੀਆਂ ਕਾਲੋਨੀਆਂ ਵਾਂਗ ਪੁਖਤਾ ਕਰ ਦਿੱਤੇ ਜਾਣ ਤਾਂ ਬੀਮਾਰੀਆਂ ਦੀ ਨੌਬਤ ਹੀ ਆ ਆਵੇ ਪਰ ਅਫਸੋਸ ਸਫਾਈ ਕਾਰਜਾਂ ਵੱਲ ਸਰਕਾਰ ਦਾ ਉਕਾ ਹੀ ਧਿਆਨ ਨਹੀਂ। ਸ਼ਹਿਰ ਦੀਆਂ ਦਲਿਤ ਬਸਤੀਆਂ ਦੀਆਂ ਕੈਂਸਰ ਤੋਂ ਪੀੜਤ ਔਰਤਾਂ ਮੁਖਤਿਆਰ ਕੌਰ, ਗੁਰਮੇਲ ਕੌਰ ਅਤੇ ਬਲਜੀਤ ਕੌਰ ਹੁਰਾਂ ਨੇ ਦੱਸਿਆ ਕਿ ਭਾਵੇਂ ਉਹ ਸਰਕਾਰੀ ਤੌਰ 'ਤੇ ਮੈਡੀਕਲ ਕਾਲਜ ਫਰੀਦਕੋਟ 'ਚੋਂ ਆਪਣਾ ਇਲਾਜ ਕਰਵਾ ਰਹੀਆਂ ਹਨ ਪਰ ਹਸਪਤਾਲ ਅੰਦਰ ਟੈਸਟਾਂ ਤੋਂ ਇਲਾਵਾ ਕੁੱਝ ਵੀ ਮੁਫਤ ਨਹੀਂ। ਉਨ੍ਹਾਂ ਦੱਸਿਆ ਕਿ ਸਾਰੀ ਦਵਾਈ ਉਨ੍ਹਾਂ ਨੂੰ ਬਾਹਰਲੀਆਂ ਦੁਕਾਨਾਂ ਤੋਂ ਮੁੱਲ ਹੀ ਖਰੀਦਣੀ ਪੈਂਦੀ ਹੈ, ਜੋ ਕਿ ਕਾਫੀ ਮਹਿੰਗੀ ਹੁੰਦੀ ਹੈ। ਮੁਖਤਿਆਰ ਕੌਰ ਨੇ ਦੱਸਿਆ ਕਿ ਹੁਣ ਤਾਂ ਉਸ ਦਾ ਪਤੀ ਵੀ ਬੀਮਾਰ ਹੈ, ਇਸ ਲਈ ਉਨ੍ਹਾਂ ਕੋਲ ਰੋਟੀ ਲਈ ਵੀ ਪੈਸੇ ਨਹੀਂ ਇਲਾਜ ਤਾਂ ਦੂਰ ਦੀ ਗੱਲ। ਬਲਜੀਤ ਕੌਰ ਨੇ ਵੀ ਦਵਾਈ ਬਾਹਰੋਂ ਖਰੀਦਣ ਦੀ ਅਸਮਰਥਾ ਜ਼ਾਹਿਰ ਕੀਤੀ । 


Related News