ਸੂਬੇ ਦੇ 3.50 ਲੱਖ ਪੈਨਸ਼ਨਰਾਂ ਲਈ ਅਹਿਮ ਖ਼ਬਰ, ਪੰਜਾਬ ਸਰਕਾਰ ਨੇ ਲਿਆ ਵੱਡਾ ਫ਼ੈਸਲਾ
Friday, Jun 23, 2023 - 06:30 PM (IST)
ਚੰਡੀਗੜ੍ਹ : ਪੰਜਾਬ ਸਰਕਾਰ ਨੇ ਆਪਣੀ ਆਮਦਨੀ ਵਧਾਉਣ ਲਈ ਟੈਕਸ ਵਸੂਲੀ ਵਧਾਉਣ ਦਾ ਫ਼ੈਸਲਾ ਕੀਤਾ ਹੈ। ਇਸ ਫ਼ੈਸਲੇ ਦੇ ਤਹਿਤ ਹੁਣ ਪੈਨਸ਼ਨਰਾਂ ਨੂੰ ਵੀ 22 ਜੂਨ ਤੋਂ ਆਪਣੀ ਮਹੀਨਾਵਾਰ ਪੈਨਸ਼ਨ ’ਤੇ 200 ਰੁਪਏ ਡਿਵਲਪਮੈਂਟ ਟੈਕਸ ਦੇ ਤੌਰ ’ਤੇ ਦੇਣੇ ਪੈਣਗੇ। ਇਹ ਫ਼ੈਸਲਾ ਵੀਰਵਾਰ ਨੂੰ ਵਿਤ ਵਿਭਾਗ ਵਲੋਂ ਲਿਆ ਗਿਆ ਹੈ। ਇਹ ਟੈਕਸ ਉਨ੍ਹਾਂ ਦੀ ਪੈਨਸ਼ਨ ਵਿਚੋਂ ਸਿੱਧਾ ਕੱਟਿਆ ਜਾਵੇਗਾ ਅਤੇ ਸਰਕਾਰ ਨੂੰ ਇਸ ਦੀ ਵਸੂਲੀ ਲਈ ਵੀ ਕੁਝ ਖਰਚ ਨਹੀਂ ਕਰਨਾ ਪਵੇਗਾ। ਪੰਜਾਬ ਸਰਕਾਰ ਨੂੰ ਸੂਬੇ ਦੇ 3.50 ਲੱਖ ਪੈਨਸ਼ਨਰਾਂ ਤੋਂ ਹਰ ਸਾਲ ਲਗਭਗ 84 ਕਰੋੜ ਰੁਪਏ ਦੀ ਆਮਦਨੀ ਹੋਵੇਗੀ। ਦਰਅਸਲ ਪੰਜਾਬ ਵਿਚ 3.50 ਲੱਖ ਤੋਂ ਵੱਧ ਪੈਨਸ਼ਨਰ ਹਨ ਅਤੇ ਹਰ ਮਹੀਨੇ ਇਨ੍ਹਾਂ ਦੀ ਪੈਨਸ਼ਨ ਤੋਂ 7 ਕਰੋੜ ਰੁਪਏ ਡਿਵਲਪਮੈਂਟ ਟੈਕਸ ਦੇ ਕੱਟਣਗੇ। ਸਾਲ ਵਿਚ ਇਸ ਦੀ ਕੁੱਲ ਕੁਲੈਕਸ਼ਨ 84 ਕਰੋੜ ਰੁਪਏ ਹੋਵੇਗੀ।
ਇਹ ਵੀ ਪੜ੍ਹੋ : ਸਖ਼ਤ ਰੌਂਅ ’ਚ ਪੰਜਾਬ ਸਰਕਾਰ, ਅਧਿਕਾਰੀਆਂ ਤੇ ਹੇਠਲੇ ਪੱਧਰ ਦੇ ਸਟਾਫ ਲਈ ਜਾਰੀ ਹੋਏ ਇਹ ਹੁਕਮ
ਸਰਕਾਰ ਨੇ 2020-21 ਵਿਚ ਇਸ ਮਦ ਵਿਚ 142 ਕਰੋੜ ਰੁਪਏ ਹਾਸਲ ਕੀਤੇ ਸਨ ਅਤੇ 2022-23 ਵਿਚ 250 ਕਰੋੜ ਰੁਪਏ। 2023-24 ਦੇ ਬਜਟ ਵਿਚ ਡਿਵਲਪਮੈਂਟ ਟੈਕਸ ਤੋਂ 300 ਕਰੋੜ ਰੁਪਏ ਹਾਸਲ ਕਰਨ ਦਾ ਟੀਚਾ ਹੈ ਅਤੇ ਪੈਨਸ਼ਨਰਾਂ ’ਤੇ ਡਿਵਲਪਮੈਂਟ ਟੈਕਸ ਦੀ ਵਸੂਲੀ ਦੇ ਸਰਕਾਰ ਆਪਣੇ ਟੀਚੇ ਤੋਂ ਵੀ ਅੱਗੇ ਨਿਕਲ ਜਾਵੇਗੀ। ਇਕ ਤਰ੍ਹਾਂ ਨਾਲ ਇਸ ਟੈਕਸ ਦੇ ਦਾਇਰੇ ਵਿਚ ਪੰਜਾਬ ਸਰਕਾਰ ਦੇ ਵੱਖ-ਵੱਖ ਵਿਭਾਗਾਂ ਅਤੇ ਬੋਰਡ ਕਾਰਪੋਰੇਸ਼ਨਸ ਵਿਚ ਰਿਟਾਇਰ ਹੋਏ ਸਾਰੇ ਕਰਮਚਾਰੀ ਆ ਜਾਣਗੇ। ਇਨ੍ਹਾਂ ਵਿਚ ਇਕ ਲੱਖ 20 ਹਜ਼ਾਰ ਰਿਟਾਇਰ ਅਧਿਆਪਕ ਹੀ ਹਨ। ਇਸ ਤੋਂ ਇਲਾਵਾ ਪੁਲਸ ਅਤੇ ਬਿਜਲੀ ਵਿਭਾਗ ਦੇ ਕਰਮਚਾਰੀਆਂ ਦੀ ਗਿਣਤੀ ਵੀ ਇਕ ਲੱਖ ਤੋਂ ਵੱਧ ਹੈ।
ਇਹ ਵੀ ਪੜ੍ਹੋ : ਰਾਸ਼ਨ ਡਿਪੂਆਂ ਲਈ ਅਹਿਮ ਖ਼ਬਰ, ਸਿਵਲ ਸਪਲਾਈ ਵਿਭਾਗ ਵਲੋਂ ਜਾਰੀ ਹੋਏ ਸਖ਼ਤ ਹੁਕਮ
ਨੌਕਰੀ ਕਰਨ ਵਾਲੇ ਸਾਰੇ ਲੋਕਾਂ ’ਤੇ ਪਹਿਲਾਂ ਹੀ ਲਾਗੂ ਹੈ ਫ਼ੈਸਲਾ
ਸਾਬਕਾ ਕਾਂਗਰਸ ਸਰਕਾਰ ਵਿਚ ਵਿਤ ਮੰਤਰੀ ਮਨਪ੍ਰੀਤ ਬਾਦਲ ਨੇ 2018 ਵਿਚ ਪੰਜਾਬ ਸਟੇਟ ਡਿਲਪਮੈਂਟ ਟੈਕਸ ਐਕਟ ਐਂਡ ਰੂਲਸ 2018 ਦੇ ਤਹਿਤ ਡਿਵਲਪਮੈਂਟ (ਪ੍ਰੋਫੈਸ਼ਨਲ) ਟੈਕਸ ਲਾਗੂ ਕੀਤਾ ਸੀ। ਇਹ ਡਿਵਲਪਮੈਂਟ ਟੈਕਸ ਪੰਜਾਬ ਵਿਚ ਕਿਸੇ ਵੀ ਸੈਕਟਰ ਵਿਚ ਨੌਕਰੀ ਕਰਨ ਵਾਲੇ ਅਤੇ ਕਾਰੋਬਾਰ ਕਰਨ ਵਾਲੇ ਪ੍ਰੋਫੈਸ਼ਨਲਸ ’ਤੇ ਸਮਾਨ ਤੌਰ ’ਤੇ ਲਾਗੂ ਹੈ, ਜਿਨ੍ਹਾਂ ਦੀ ਆਮਦਨ ਢਾਈ ਲੱਖ ਰੁਪਏ ਸਾਲਾ ਤੋਂ ਵੱਧ ਹੈ। ਹੁਣ ਇਸ ਦੇ ਦਾਇਰੇ ਵਿਚ ਸੂਬੇ ਦੇ ਪੈਨਸ਼ਨਰ ਵੀ ਆ ਜਾਣਗੇ। ਅਜੇ ਤਕ ਤਾਂ ਸਰਕਾਰੀ ਅਤੇ ਪ੍ਰਾਈਵੇਟ ਸੈਕਟਰ ਦੇ ਕਰਮਚਾਰੀ ਸਰਕਾਰ ਵਿਚ ਡਿਲਪਮੈਂਟ ਨੂੰ ਹਟਾਉਣ ਦੀ ਮੰਗ ਕਰ ਰਹੇ ਸਨ ਜਦਕਿ ਸਰਕਾਰ ਨੇ ਇਸ ਨੂੰ ਪੈਨਸ਼ਨਰ ਵੀ ਲਾਗੂ ਕਰ ਦਿੱਤਾ ਹੈ।
ਇਹ ਵੀ ਪੜ੍ਹੋ : ਕਬੱਡੀ ਖਿਡਾਰੀ ਕੁਲਵਿੰਦਰ ਕਿੰਦਾ ਤੇ ਉਸ ਦੀ ਮਾਂ ’ਤੇ ਹੋਏ ਹਮਲੇ ’ਚ ਵੱਡਾ ਖ਼ੁਲਾਸਾ, ਹੈਰਾਨ ਕਰਦਾ ਸੱਚ ਆਇਆ ਸਾਹਮਣੇ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani