ਲਾਭਪਾਤਰੀਆਂ ਨੂੰ ਵੱਖ-ਵੱਖ ਪੈਨਸ਼ਨ ਸਕੀਮਾਂ ਅਧੀਨ 22.07 ਕਰੋੜ ਰੁਪਏ ਦੀ ਕੀਤੀ ਅਦਾਇਗੀ

Thursday, Jan 09, 2025 - 04:01 PM (IST)

ਲਾਭਪਾਤਰੀਆਂ ਨੂੰ ਵੱਖ-ਵੱਖ ਪੈਨਸ਼ਨ ਸਕੀਮਾਂ ਅਧੀਨ 22.07 ਕਰੋੜ ਰੁਪਏ ਦੀ ਕੀਤੀ ਅਦਾਇਗੀ

ਫ਼ਾਜ਼ਿਲਕਾ (ਨਾਗਪਾਲ) : ਜ਼ਿਲ੍ਹੇ 'ਚ 1,47,143 ਲਾਭਪਾਤਰੀਆਂ ਨੂੰ ਵੱਖ-ਵੱਖ ਪੈਨਸ਼ਨ ਸਕੀਮਾਂ ਅਧੀਨ 22 ਕਰੋੜ 7 ਲੱਖ 14 ਹਜ਼ਾਰ 500 ਰੁਪਏ ਦੀ ਪ੍ਰਤੀ ਮਹੀਨਾ ਅਦਾਇਗੀ ਕੀਤੀ ਗਈ ਹੈ। ਇਹ ਜਾਣਕਾਰੀ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਨਵੀਨ ਗੜਵਾਲ ਨੇ ਦਿੱਤੀ। ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਨੇ ਦੱਸਿਆ ਕਿ ਜ਼ਿਲ੍ਹੇ ’ਚ ਬੁਢਾਪਾ ਪੈਨਸ਼ਨ ਦੇ 97,573 ਲਾਭਪਾਤਰੀਆਂ ਨੂੰ 14,63,59,500 ਰੁਪਏ, ਵਿਧਵਾ ਤੇ ਬੇਸਹਾਰਾ ਔਰਤਾਂ ਲਈ ਪੈਨਸ਼ਨ ਦੇ 25,322 ਲਾਭਪਾਤਰੀਆਂ ਨੂੰ 3,79,83,000 ਰੁਪਏ, 10,163 ਬੇਸਹਾਰਾ ਬੱਚਿਆਂ ਲਈ 1,52,44,500 ਪੈਨਸ਼ਨ ਅਤੇ ਦਿਵਿਆਂਗ ਪੈਨਸ਼ਨ ਦੇ 14,085 ਲਾਭਪਾਤਰੀਆਂ ਨੂੰ 2,11,27,500 ਰੁਪਏ ਦੀ ਵਿੱਤੀ ਸਹਾਇਤਾ ਮੁਹੱਈਆ ਕਰਵਾਈ ਗਈ।

ਉਨ੍ਹਾਂ ਦੱਸਿਆ ਕਿ ਇਹ ਪੈਨਸ਼ਨ ਰਾਸ਼ੀ ਸਿੱਧੇ ਤੌਰ ’ਤੇ ਲਾਭਪਾਤਰੀਆਂ ਦੇ ਬੈਂਕ ਖ਼ਾਤਿਆਂ ’ਚ ਜਮ੍ਹਾਂ ਹੁੰਦੀ ਹੈ। ਜਿਸ ਨਾਲ ਜਿੱਥੇ ਲਾਭਪਾਤਰੀਆਂ ਦੀ ਖੱਜਲ-ਖੁਆਰੀ ਘਟੀ ਹੈ, ਉੱਥੇ ਉਨ੍ਹਾਂ ਦੇ ਸਮੇਂ ਦੀ ਬੱਚਤ ਵੀ ਹੋਈ ਹੈ। ਉਨ੍ਹਾਂ ਕਿਹਾ ਕਿ ਪੈਨਸ਼ਨ ਦੀ ਅਦਾਇਗੀ ਦਾ ਕੰਮ ਪੂਰੀ ਪਾਰਦਰਸ਼ਤਾ ਨਾਲ ਕਰਨਾ ਯਕੀਨੀ ਬਣਾਇਆ ਜਾ ਰਿਹਾ ਹੈ। ਗੜਵਾਲ ਨੇ ਦੱਸਿਆ ਕਿ ਪੁਰਸ਼, ਜਿਨ੍ਹਾਂ ਦੀ ਉਮਰ 65 ਸਾਲ ਜਾਂ ਇਸ ਤੋਂ ਵੱਧ ਹੋਵੇ ਅਤੇ ਔਰਤਾਂ, ਜਿਨ੍ਹਾਂ ਦੀ ਉਮਰ 58 ਸਾਲ ਜਾਂ ਇਸ ਤੋਂ ਵੱਧ ਹੋਵੇ, ਦੀ ਆਮਦਨ ਸਾਰੇ ਵਸੀਲਿਆਂ ਤੋਂ ਸਾਲਾਨਾ ਆਮਦਨ 60 ਹਜ਼ਾਰ ਰੁਪਏ ਤੋਂ ਵੱਧ ਨਾ ਹੋਵੇ ਅਤੇ ਪੇਂਡੂ ਖੇਤਰ ’ਚ 2.5 ਏਕੜ ਤੋਂ ਘੱਟ ਜ਼ਮੀਨ ਵਾਲੇ ਅਤੇ ਸ਼ਹਿਰੀ ਖੇਤਰ ’ਚ 200 ਵਰਗ ਮੀਟਰ ਤੋਂ ਘੱਟ ਮਕਾਨ ਦੀ ਮਾਲਕੀ ਵਾਲੇ ਯੋਗ ਲਾਭਪਾਤਰੀਆਂ ਨੂੰ ਬੁਢਾਪਾ ਪੈਨਸ਼ਨ ਦਾ ਲਾਭ ਦਿੱਤਾ ਜਾਂਦਾ ਹੈ।

ਇਸੇ ਤਰ੍ਹਾਂ 58 ਸਾਲ ਤੋਂ ਘੱਟ ਉਮਰ ਦੀਆਂ ਵਿਧਵਾ ਅਤੇ ਨਿਆਸ਼ਰਿਤ ਔਰਤਾਂ, ਜਿਨ੍ਹਾਂ ਦੀ ਸਾਲਾਨਾ ਆਮਦਨ 60 ਹਜ਼ਾਰ ਤੋਂ ਵੱਧ ਨਾ ਹੋਵੇ ਅਤੇ 21 ਸਾਲ ਤੋਂ ਘੱਟ ਉਮਰ ਦੇ ਅਜਿਹੇ ਬੱਚੇ, ਜੋ ਮਾਤਾ-ਪਿਤਾ ਦੀ ਮੌਤ ਜਾਂ ਉਨ੍ਹਾਂ ਦੀ ਦਿਵਿਆਂਗਤਾ ਕਾਰਨ ਦੇਖ-ਭਾਲ ਤੋਂ ਵਾਂਝੇ ਹੋ ਗਏ ਹੋਣ ਅਤੇ ਉਨ੍ਹਾਂ ਦੀ ਆਮਦਨ ਸਲਾਨਾ 60 ਹਜ਼ਾਰ ਤੋਂ ਘੱਟ ਹੋਵੇ, ਨੂੰ ਵੀ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ। ਇਸੇ ਤਰ੍ਹਾਂ 50 ਫ਼ੀਸਦੀ ਤੋਂ ਵੱਧ ਵਾਲੇ ਦਿਵਿਆਂਗ ਵੀ ਵਿੱਤੀ ਸਹਾਇਤਾ ਲੈ ਸਕਦੇ ਹਨ। ਉਨ੍ਹਾਂ ਦੱਸਿਆ ਕਿ ਪੈਨਸ਼ਨ ਲੈਣ ਲਈ ਦਸਤਾਵੇਜ ਨੇੜੇ ਦੇ ਸੇਵਾ ਕੇਂਦਰ ਵਿਖ਼ੇ ਜਮਾ ਕਰਵਾਏ ਜਾ ਸਕਦੇ ਹਨ।


author

Babita

Content Editor

Related News