ਕਿਸਾਨੀ ਅੰਦੋਲਨ ਵਿਚ ਭਾਗ ਲੈਣ ਗਏ ਚੰਨੂੰ ਦੇ ਕਿਸਾਨ ਦੀ ਤਬੀਅਤ ਵਿਗੜਨ ਕਰਕੇ ਮੌਤ

Wednesday, Nov 03, 2021 - 05:22 PM (IST)

ਕਿਸਾਨੀ ਅੰਦੋਲਨ ਵਿਚ ਭਾਗ ਲੈਣ ਗਏ ਚੰਨੂੰ ਦੇ ਕਿਸਾਨ ਦੀ ਤਬੀਅਤ ਵਿਗੜਨ ਕਰਕੇ ਮੌਤ

ਲੰਬੀ/ਮਲੋਟ (ਜੁਨੇਜਾ) : ਪਿਛਲੇ ਕਈ ਮਹੀਨਿਆਂ ਤੋਂ ਟਿੱਕਰੀ ਬਾਰਡਰ ’ਤੇ ਡੇਰੇ ਲਾ ਕੇ ਬੈਠੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ 54 ਸਾਲਾਂ ਆਗੂ ਦੀ ਬਿਮਾਰੀ ਕਰਕੇ ਘਰ ਪੁੱਜਦਿਆਂ ਹੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਗੁਰਜੰਟ ਸਿੰਘ ਜੰਟਾਂ ਬੀ.ਕੇ.ਯੂ.ਏਕਤਾ ਉਗਰਾਹਾਂ ਦਾ ਪਿੰਡ ਦੀ ਕਮੇਟੀ ਦਾ ਮੈਂਬਰ ਸੀ ਅਤੇ ਕਿਸਾਨੀ ਸੰਘਰਸ਼ਾਂ ਵਿਚ ਵੱਧ ਚੜ੍ਹ ਕੇ ਹਿੱਸਾ ਲੈਂਦਾ ਸੀ। ਉਹ ਪਿਛਲੇ ਸਾਲ ਨਵੰਬਰ ਮਹੀਨੇ ਵਿਚ ਦਿੱਲੀ ਦੀਆਂ ਸਰਹੱਦਾਂ ’ਤੇ ਚੱਲ ਰਹੇ ਕਿਸਾਨੀ ਮੋਰਚੇ ਦੌਰਾਨ ਵਧੇਰਾ ਸਮਾਂ ਉਹ ਟਿੱਕਰੀ ਬਾਰਡਰ ’ਤੇ ਡਟਿਆ ਹੋਇਆ ਸੀ ਅਤੇ 11 ਮਹੀਨਿਆਂ ਵਿਚੋਂ ਸਾਢੇ 9 ਮਹੀਨਿਆਂ ਤੋਂ ਵੱਧ ਸਮਾਂ ਉਹ ਟੱਕਰੀ ਬਾਰਡਰ ’ਤੇ ਰਿਹਾ ਸੀ। ਹਣ ਵੀ ਉਹ ਪਿਛਲੇ 1 ਮਹੀਨੇ ਤੋਂ ਦਿੱਲੀ ਗਿਆ ਹੋਇਆ ਸੀ, ਕੱਲ ਉਥੇ ਉਸਦੀ ਤਬੀਅਤ ਖਰਾਬ ਹੋਣ ਕਰਕੇ ਉਸਨੂੰ ਘਰ ਲਿਆਂਦਾ ਗਿਆ ਜਿਥੇ ਅੱਜ ਸਵੇਰੇ ਉਸਦੀ ਮੌਤ ਹੋ ਗਈ।

ਗੁਰਜੰਟ ਸਿੰਘ ਦੀ ਮੌਤ ਦੀ ਖ਼ਬਰ ਸੁਣਦਿਆਂ ਇਲਾਕੇ ਭਰ ਦੇ ਸੈਂਕੜੇ ਕਿਸਾਨ ਪਿੰਡ ਚੰਨੂੰ ਵਿਖੇ ਇਕੱਤਰ ਹੋਏ। ਬਾਅਦ ਉਸਦਾ ਮ੍ਰਿਤਕ ਸਰੀਰ ਮਲੋਟ ਦੇ ਸਰਕਾਰੀ ਹਸਪਤਾਲ ਵਿਖੇ ਪੋਸਟ ਮਾਰਟਮ ਲਈ ਲਿਆਂਦਾ ਗਿਆ। ਗੁਰਜੰਟ ਸਿੰਘ ਸਧਾਰਨ ਛੋਟਾ ਕਿਸਾਨ ਸੀ ਜਿਸ ਦੇ ਦੋ ਧੀਆਂ ਅਤੇ ਦੋ ਪੁੱਤ ਹਨ ਇਕ ਛੋਟੇ ਲੜਕੇ ਨੂੰ ਛੱਡ ਕੇ ਬਾਕੀ ਤਿੰਨੇ ਵਿਆਹੇ ਹੋਏ ਹਨ। ਉਸਦੀ ਮੌਤ ਪਿੱਛੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਜਨਰਲ ਸਕੱਤਰ ਗੁਰਭਗਤ ਸਿੰਘ ਭਲਾਈਆਣਾ, ਬਲਾਕ ਪ੍ਰਧਾਨ ਗੁਰਪਾਸ਼ ਸਿੰਘ ਸਿੰਘੇਵਾਲਾ, ਮੀਤ ਪ੍ਰਧਾਨ ਡਾ.ਹਰਪਾਲ ਸਿੰਘ ਕਿੱਲਿਆਵਾਲੀ, ਮਲਕੀਤ ਸਿੰਘ ਗੱਗੜ, ਨੌਜਵਾਨ ਆਗੂ ਜਗਦੀਪ ਸਿੰਘ ਖੁੱਡੀਆ ਅਤੇ ਬਿੱਟੂ ਮੱਲਣ ਸਮੇਤ ਕਿਸਾਨ ਆਗੂਆਂ ਨੇ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਨੂੰ ਮਿਲਕੇ ਮੰਗ ਕੀਤੀ ਕਿ ਕਿਸਾਨ ਦੇ ਸੰਸਕਾਰ ਮੌਕੇ ਪੁੱਜ ਕੇ ਸਰਕਾਰੀ ਮੁਆਵਜ਼ੇ ਅਤੇ ਪਰਿਵਾਰ ਦੇ ਮੈਂਬਰ ਨੂੰ ਨੌਕਰੀ ਦੇਣ ਦਾ ਐਲਾਨ ਕੀਤਾ ਜਾਵੇ। ਉਧਰ ਸਟਾਫ਼ ਦੀ ਹੜਤਾਲ ਕਰਕੇ ਡਿਪਟੀ ਕਮਿਸ਼ਨਰ ਨੇ ਲਿਖਤੀ ਤੌਰ ’ਤੇ ਕਿਸਾਨਾਂ ਦੀ ਮੰਗ ਦਾ ਭਰੋਸਾ ਦਿੱਤਾ ਜਿਸ ਤੋਂ ਬਾਅਦ ਮ੍ਰਿਤਕ ਕਿਸਾਨ ਦਾ ਅੰਤਿਮ ਸੰਸਕਾਰ ਕਰਨ ਦੀ ਤਿਆਰੀ ਕੀਤੀ।


author

Gurminder Singh

Content Editor

Related News