ਸ਼ਨੀਵਾਰ ਦੀ ਛੁੱਟੀ ਦੇ ਬਾਵਜੂਦ ਡਿਊਟੀ 'ਤੇ ਪੁੱਜੇ PCS ਅਫ਼ਸਰ, ਆਮ ਦਿਨਾਂ ਵਾਂਗ ਹੋ ਰਿਹੈ ਕੰਮ (ਤਸਵੀਰਾਂ)
Saturday, Jan 14, 2023 - 03:45 PM (IST)
ਮੋਹਾਲੀ (ਨਿਆਮੀਆਂ) : ਅੱਜ ਸ਼ਨੀਵਾਰ ਨੂੰ ਛੁੱਟੀ ਹੋਣ ਦੇ ਬਾਵਜੂਦ ਪੀ. ਸੀ. ਐੱਸ. ਅਫ਼ਸਰਾਂ ਵੱਲੋਂ ਕੰਮ ਕੀਤਾ ਜਾ ਰਿਹਾ ਹੈ। ਇਸ ਦੇ ਤਹਿਤ ਅੱਜ ਨਗਰ ਨਿਗਮ ਮੋਹਾਲੀ ਦਾ ਦਫ਼ਤਰ ਛੁੱਟੀ ਦੇ ਬਾਵਜੂਦ ਆਮ ਵਾਂਗ ਖੁੱਲ੍ਹਾ ਰਿਹਾ। ਵੱਡੀ ਗਿਣਤੀ 'ਚ ਲੋਕ ਆਪੋ-ਆਪਣੇ ਕੰਮ-ਕਾਜ ਕਰਵਾਉਣ ਲਈ ਨਿਗਮ ਦਫ਼ਤਰ ਵਿਖੇ ਪਹੁੰਚੇ। ਅੱਜ ਦਫ਼ਤਰ ਦੇ ਸਾਰੇ ਪੈਂਡਿੰਗ ਕੰਮ ਆਮ ਵਾਂਗ ਨਿਪਟਾਏ ਗਏ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਪੰਜਾਬ 'ਚ 'ਭਾਰਤ ਜੋੜੋ ਯਾਤਰਾ' ਦੌਰਾਨ MP ਸੰਤੋਖ ਸਿੰਘ ਚੌਧਰੀ ਦਾ ਦਿਹਾਂਤ
ਦੱਸਣਯੋਗ ਹੈ ਕਿ ਪੀ. ਸੀ. ਐੱਸ. ਅਫ਼ਸਰ ਬੀਤੇ ਦਿਨਾਂ ਤੋਂ ਹੜਤਾਲ 'ਤੇ ਚੱਲ ਰਹੇ ਸਨ। ਇਸ ਮਗਰੋਂ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਉਨ੍ਹਾਂ ਨੂੰ ਡਿਊਟੀ 'ਤੇ ਪਰਤਣ ਦੇ ਹੁਕਮ ਦਿੱਤੇ ਗਏ ਸਨ ਅਤੇ ਨਾ ਪਰਤਣ ਵਾਲੇ ਅਧਿਕਾਰੀਆਂ ਨੂੰ ਮੁਅੱਤਲ ਕਰਨ ਦੀ ਗੱਲ ਕਹੀ ਗਈ ਸੀ।
ਇਸ ਤੋਂ ਬਾਅਦ ਪੀ. ਸੀ. ਐੱਸ. ਅਫ਼ਸਰਾਂ ਅਤੇ ਪੰਜਾਬ ਸਰਕਾਰ ਦੇ ਅਧਿਕਾਰੀਆਂ ਦੀ ਮੀਟਿੰਗ ਹੋਈ, ਜਿਸ ਦੌਰਾਨ ਪੀ. ਸੀ. ਐੱਸ. ਅਫ਼ਸਰਾਂ ਨੇ ਹੜਤਾਲ ਵਾਪਸ ਲੈ ਲਈ ਸੀ।
ਹੜਤਾਲ ਦੌਰਾਨ ਦਫ਼ਤਰਾਂ ਦਾ ਜੋ ਕੰਮ-ਕਾਜ ਪ੍ਰਭਾਵਿਤ ਹੋਇਆ, ਉਸ ਨੂੰ ਦੇਖਦਿਆਂ ਪੀ. ਸੀ. ਐੱਸ. ਅਫ਼ਸਰ ਐਸੋਸੀਏਸ਼ਨ ਵੱਲੋਂ ਇਹ ਐਲਾਨ ਕੀਤਾ ਗਿਆ ਸੀ ਕਿ ਉਹ ਸ਼ਨੀਵਾਰ ਅਤੇ ਐਤਵਾਰ ਨੂੰ ਵੀ ਛੁੱਟੀ ਦੇ ਬਾਵਜੂਦ ਦਫ਼ਤਰ 'ਚ ਆ ਕੇ ਕੰਮ ਕਰਨਗੇ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ