PAU ਨੇ ਮਾਰਚ ਦੇ ਕਿਸਾਨ ਮੇਲਿਆਂ ਲਈ ਮੁਕੰਮਲ ਕੀਤੀਆਂ ਤਿਆਰੀਆਂ

Monday, Mar 04, 2024 - 03:38 PM (IST)

ਲੁਧਿਆਣਾ (ਡੇਵਿਨ) : ਪੀ. ਏ. ਯੂ. ਦੇ ਮੁੱਖ ਕੈਂਪਸ ਅਤੇ ਖੇਤਰੀ ਖੋਜ ਕੇਂਦਰਾਂ ’ਚ ਸਾਉਣੀ ਦੀਆਂ ਫ਼ਸਲਾਂ ਲਈ ਮਾਰਚ ’ਚ ਲਾਏ ਜਾਣ ਵਾਲੇ ਕਿਸਾਨ ਮੇਲਿਆਂ ਦੀ ਤਿਆਰੀਆਂ ਤਕਰੀਬਨ ਮੁਕੰਮਲ ਕਰ ਲਈਆਂ ਹਨ। ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਨਿਰਦੇਸ਼ਕ ਪਸਾਰ ਸਿੱਖਿਆ ਡਾ. ਮੱਖਣ ਸਿੰਘ ਭੁੱਲਰ ਨੇ ਦੱਸਿਆ ਕਿ ਇਨ੍ਹਾਂ ਕਿਸਾਨ ਮੇਲਿਆਂ ਦਾ ਆਰੰਭ 5 ਮਾਰਚ ਨੂੰ ਨਾਗਕਲਾਂ ਅੰਮ੍ਰਿਤਸਰ ਵਿਖੇ ਲਾਏ ਜਾਣ ਵਾਲੇ ਕਿਸਾਨ ਮੇਲੇ ਨਾਲ ਹੋ ਰਿਹਾ ਹੈ।

ਇਸ ਤੋਂ ਬਾਅਦ 7 ਮਾਰਚ ਨੂੰ ਬੱਲੋਵਾਲ ਸੌਂਖੜੀ ਅਤੇ 12 ਮਾਰਚ ਨੂੰ ਬਠਿੰਡਾ ਦੇ ਕਿਸਾਨ ਮੇਲੇ ਲਾਏ ਜਾਣਗੇ। ਪੀ. ਏ. ਯੂ. ਕੈਂਪਸ ਵਿਖੇ ਦੋ ਰੋਜ਼ਾ ਮੇਲਾ 14 ਅਤੇ 15 ਮਾਰਚ ਦਿਨ ਵੀਰਵਾਰ ਅਤੇ ਸ਼ੁੱਕਰਵਾਰ ਨੂੰ ਆਯੋਜਿਤ ਹੋਵੇਗਾ। ਇਸ ਤੋਂ ਬਾਅਦ 18 ਮਾਰਚ ਨੂੰ ਫਰੀਦਕੋਟ, 20 ਨੂੰ ਗੁਰਦਾਸਪੁਰ ਅਤੇ 22 ਨੂੰ ਪਟਿਆਲਾ ’ਚ ਕਿਸਾਨ ਮੇਲੇ ਆਯੋਜਿਤ ਕੀਤੇ ਜਾਣਗੇ। ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਵਿਸ਼ੇਸ਼ ਗੱਲਬਾਤ ਦੌਰਾਨ ਕਿਹਾ ਕਿ ਇਸ ਵਾਰ ਕਿਸਾਨ ਮੇਲਿਆਂ ਦਾ ਮਕਸਦ ਖੇਤੀ ਨਾਲ ਸਹਾਇਕ ਧੰਦਾ, ਪਰਿਵਾਰ ਸੁਖੀ ਮੁਨਾਫਾ ਚੰਗਾ ਰੱਖਿਆ ਗਿਆ ਹੈ।

ਇਨ੍ਹਾਂ ਮੇਲਿਆਂ ਦਾ ਮੰਤਵ ਖੇਤੀਬਾੜੀ ਪਰਿਵਾਰਾਂ ਦੀ ਸਹਾਇਕ ਧੰਦਿਆਂ ਤੋਂ ਆਮਦਨ ਵਧਾਉਣ ਲਈ ਕਿਸਾਨਾਂ ਨੂੰ ਲੋੜੀਂਦੀ ਜਾਗਰੂਕਤਾ ਦਾ ਪਸਾਰ ਕਰਨਾ ਹੈ। ਉਨ੍ਹਾਂ ਕਿਹਾ ਕਿ ਮੇਲਿਆਂ ’ਚ ਅਗਾਂਹਵਧੂ ਕਿਸਾਨਾਂ, ਖੇਤੀ ਮਾਹਿਰਾਂ, ਨੌਜਵਾਨਾਂ, ਕਿਸਾਨ ਬੀਬੀਆਂ ਅਤੇ ਉਦਯੋਗਿਕ ਇਕਾਈਆਂ ਨੂੰ ਸਾਂਝੇ ਮੰਚ ’ਤੇ ਆ ਕੇ ਇਕ-ਦੂਜੇ ਨਾਲ ਵਿਚਾਰ-ਵਟਾਂਦਰਾ ਕਰਨ ਦਾ ਮੌਕਾ ਮਿਲ ਜਾਂਦਾ ਹੈ। ਇਸ ਮੇਲੇ ਦੌਰਾਨ ਖੇਤ ਪ੍ਰਦਰਸ਼ਨਾਂ, ਖੇਤੀ ਪ੍ਰਦਰਸ਼ਨੀਆਂ ਅਤੇ ਵੱਖ-ਵੱਖ ਔਜ਼ਾਰਾਂ ਦੀਆਂ ਦੁਕਾਨਾਂ ਤੋਂ ਇਲਾਵਾ ਸਾਉਣੀ ਦੀਆਂ ਫਸਲਾਂ ਲਈ ਬੀਜਾਂ ਦੀ ਵਿਕਰੀ, ਖੇਤੀ ਸਾਹਿਤ, ਫਲਦਾਰ ਬੂਟਿਆਂ, ਸਬਜ਼ੀਆਂ ਦੇ ਬੀਜਾਂ ਨੂੰ ਖਰੀਦਣ ਦਾ ਮੌਕਾ ਮੁਹੱਈਆ ਹੋਵੇਗਾ। ਇਸ ਤੋਂ ਇਲਾਵਾ ਵੱਖ-ਵੱਖ ਖੇਤਰਾਂ ’ਚ ਉੱਘਾ ਯੋਗਦਾਨ ਪਾਉਣ ਵਾਲੇ ਅਗਾਂਹਵਧੂ ਕਿਸਾਨਾਂ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ।
 


Babita

Content Editor

Related News