ਕੇਂਦਰ 3 ਦਾਲਾਂ ’ਤੇ MSP ਦੇਣ ਲਈ ਤਿਆਰ, ਕਿਸਾਨ ਕਾਨੂੰਨੀ ਗਾਰੰਟੀ ’ਤੇ ਅੜੇ
Saturday, Feb 22, 2025 - 11:22 PM (IST)

ਚੰਡੀਗੜ੍ਹ, (ਵਿਨੇ, ਅੰਕੁਰ)- ਕਿਸਾਨ ਆਗੂਆਂ ਦੀ ਤਿੰਨ ਕੇਂਦਰੀ ਮੰਤਰੀਆਂ ਨਾਲ ਸ਼ਨੀਵਾਰ ਦੂਜੇ ਦੌਰ ਦੀ ਹੋਈ ਮੀਟਿੰਗ ਦੌਰਾਨ ਕੋਈ ਠੋਸ ਫੈਸਲਾ ਨਹੀਂ ਲਿਆ ਜਾ ਸਕਿਆ। ਹਾਲਾਂਕਿ, ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਚੌਹਾਨ ਕਿਸਾਨਾਂ ਨੂੰ 3 ਦਾਲਾਂ ’ਤੇ ਘੱਟੋ-ਘੱਟ ਸਮਰਥਨ ਮੁੱਲ (ਐੱਮ. ਐੱਸ. ਪੀ.) ਦੇਣ ਲਈ ਸਹਿਮਤ ਹੋ ਗਏ ਪਰ ਕਿਸਾਨ ਆਗੂ ਐੱਮ. ਐੱਸ. ਪੀ. ਦੀ ਕਾਨੂੰਨੀ ਗਾਰੰਟੀ ਤੋਂ ਬਿਨਾਂ ਗੱਲਬਾਤ ਅੱਗੇ ਵਧਾਉਣ ਲਈ ਤਿਆਰ ਨਹੀਂ ਸਨ।
ਮੀਟਿੰਗ ਦਾ ਦੂਜਾ ਦੌਰ ਵੀ ਬੇਸਿੱਟਾ ਰਹਿਣ ਤੋਂ ਬਾਅਦ ਅਗਲੀ ਮੀਟਿੰਗ ਹੁਣ 19 ਮਾਰਚ ਨੂੰ ਹੋਵੇਗੀ। ਇਹ ਮੀਟਿੰਗ ਚੰਡੀਗੜ੍ਹ ਦੇ ਸੈਕਟਰ 26 ਸਥਿਤ ਮਹਾਤਮਾ ਗਾਂਧੀ ਇੰਸਟੀਚਿਊਟ ’ਚ ਹੋਵੇਗੀ।
ਮੀਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਚੌਹਾਨ ਦੇ ਨਾਲ ਹੀ ਪਿਊਸ਼ ਗੋਇਲ ਅਤੇ ਪ੍ਰਹਿਲਾਦ ਜੋਸ਼ੀ ਨੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਆਪਣੀ ਭੁੱਖ ਹੜਤਾਲ ਖਤਮ ਕਰਨ ਤੇ ਗੱਲਬਾਤ ਰਾਹੀਂ ਸਾਰੇ ਮੁੱਦਿਆਂ ਦਾ ਹੱਲ ਕੱਢਣ ਲਈ ਕਿਹਾ।
ਦੂਜੇ ਪਾਸੇ ਪੰਜਾਬ ਸਰਕਾਰ ਵੱਲੋਂ ਗੁਰਮੀਤ ਸਿੰਘ ਖੁੱਡੀਆਂ, ਲਾਲ ਚੰਦ ਕਟਾਰੂਚੱਕ ਤੇ ਹਰਪਾਲ ਚੀਮਾ ਕੇਂਦਰੀ ਟੀਮ ਦੇ ਸਾਹਮਣੇ ਕਿਸਾਨਾਂ ਦਾ ਪੱਖ ਪੇਸ਼ ਕਰਨ ਲਈ ਮੀਟਿੰਗ ’ਚ ਮੌਜੂਦ ਸਨ। ਤਿੰਨਾਂ ਮੰਤਰੀਆਂ ਨੇ ਕਿਸਾਨਾਂ ਦੇ ਹੱਕ ’ਚ ਕਈ ਅਹਿਮ ਮੁੱਦਿਆਂ 'ਤੇ ਚਰਚਾ ਕੀਤੀ।
ਸੰਯੁਕਤ ਕਿਸਾਨ ਮੋਰਚਾ ਤੇ ਕਿਸਾਨ ਮਜ਼ਦੂਰ ਮੋਰਚਾ ਦੇ ਕੁੱਲ 28 ਕਿਸਾਨ ਆਗੂਆਂ ਨੇ ਕੇਂਦਰੀ ਟੀਮ ਨੂੰ ਕਿਸਾਨਾਂ ਦੀਆਂ ਮੰਗਾਂ ਸਬੰਧੀ ਵਿਸਥਾ ਰ ਨਾਲ ਜਾਣਕਾਰੀ ਦਿੱਤੀ। ਕਿਸਾਨਾਂ ਲਈ ਐੱਮ. ਐੱਸ. ਪੀ. ਗਾਰੰਟੀ ਕਾਨੂੰਨ ਕਿਉਂ ਜ਼ਰੂਰੀ ਹੈ ਤੇ ਇਹ ਕਿਸਾਨਾਂ ਅਤੇ ਦੇਸ਼ ਦੀ ਆਰਥਿਕ ਸਥਿਤੀ ਨੂੰ ਕਿਵੇਂ ਮਜ਼ਬੂਤ ਕਰੇਗਾ, ਇਸ ਬਾਰੇ ਵਿਸਤ੍ਰਿਤ ਚਰਚਾ ਹੋਈ।
ਸਾਰੇ ਕਿਸਾਨ ਆਗੂਆਂ ਨੇ ਕੇਂਦਰੀ ਟੀਮ ਨੂੰ ਕਿਹਾ ਕਿ ਜੇ ਉਹ 3 ਦਾਲਾਂ ਲਈ ਐੱਮ. ਐੱਸ. ਪੀ. ਦੇਣ ਲਈ ਤਿਆਰ ਹਨ ਤਾਂ ਉਨ੍ਹਾਂ ਨੂੰ ਕਾਨੂੰਨੀ ਗਾਰੰਟੀ ਦੇਣ ’ਚ ਕੋਈ ਸਮੱਸਿਆ ਨਹੀਂ ਹੋਣੀ ਚਾਹੀਦੀ।
ਇਸ ਤੋਂ ਇਲਾਵਾ ਕਿਸਾਨ ਆਗੂਆਂ ਨੇ ਕੇਂਦਰੀ ਮੰਤਰੀਆਂ ਨੂੰ 19 ਮਾਰਚ ਨੂੰ ਹੋਣ ਵਾਲੀ ਮੀਟਿੰਗ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਗੱਲਬਾਤ ਕਰਨ ਲਈ ਕਿਹਾ ਤਾਂ ਜੋ ਕਿਸਾਨਾਂ ਦੀਆਂ ਮੰਗਾਂ ’ਤੇ ਜ਼ਰੂਰੀ ਫੈਸਲੇ ਲਏ ਜਾ ਸਕਣ ਤੇ ਕੇਂਦਰੀ ਟੀਮ ਨੂੰ ਕਿਸਾਨਾਂ ਦੀਆਂ ਮੰਗਾਂ ਨੂੰ ਮੰਨਣ ’ਚ ਮੁਸ਼ਕਲ ਪੇਸ਼ ਨਾ ਆਏ।
ਮੀਟਿੰਗ ’ਚ ਸੰਯੁਕਤ ਕਿਸਾਨ ਮੋਰਚਾ ਵੱਲੋਂ ਜਗਜੀਤ ਸਿੰਘ ਡੱਲੇਵਾਲ, ਅਭਿਮਨਿਊ ਕੋਹਾੜ, ਕਾਕਾ ਸਿੰਘ ਕੋਟੜਾ, ਸੁਖਜੀਤ ਸਿੰਘ, ਇੰਦਰਜੀਤ ਸਿੰਘ ਕੋਟਬੁੱਢਾ, ਸੁਖਜਿੰਦਰ ਸਿੰਘ ਖੋਸਾ, ਪੀ. ਆਰ. ਪਾਂਡੇ, ਕਰਨਰੂ ਸ਼ਾਂਤੀ ਕੁਮਾਰ, ਲਖਵਿੰਦਰ ਸਿੰਘ ਔਲਖ, ਸੁਖਦੇਵ ਸਿੰਘ ਭੋਜਰਾਜ, ਬਚਿੱਤਰ ਸਿੰਘ ਕੋਟਲਾ, ਅਰੁਣ ਸਿਨ੍ਹਾਂ, ਹਰਪਾਲ ਸਿੰਘ ਬਲਾੜੀ, ਇੰਦਰਜੀਤ ਸਿੰਘ ਪਾਣੀਵਾਲਾ; ਕਿਸਾਨ ਮਜ਼ਦੂਰ ਮੋਰਚਾ ਵੱਲੋਂ ਸਰਵਣ ਸਿੰਘ ਪੰਧੇਰ, ਜਸਵਿੰਦਰ ਸਿੰਘ ਲੌਂਗੋਵਾਲ, ਮਨਜੀਤ ਸਿੰਘ ਰਾਏ, ਬਲਵੰਤ ਸਿੰਘ ਬਹਿਰਾਮਕੇ, ਬੀਬੀ ਸੁਖਵਿੰਦਰ ਕੌਰ, ਦਿਲਬਾਗ ਸਿੰਘ ਗਿੱਲ, ਹਰਵਿੰਦਰ ਸਿੰਘ ਗਿੱਲ, ਓਂਕਾਰ ਸਿੰਘ ਭੰਗਾਲਾ, ਪਰਮਜੀਤ ਸਿੰਘ, ਮਲਕੀਤ ਸਿੰਘ ਗੁਲਾਮੀਵਾਲਾ, ਤੇਜਬੀਰ ਸਿੰਘ ਪੰਜੋਖਰਾ, ਜੰਗ ਸਿੰਘ ਭਟੇੜੀ ਤੇ ਸਤਨਾਮ ਸਿੰਘ ਮੌਜੂਦ ਸਨ।