ICAR ਨੇ ਪੀ. ਏ. ਯੂ ਨੂੰ ''ਸਰਦਾਰ ਪਟੇਲ ਐਵਾਰਡ'' ਨਾਲ ਨਿਵਾਜ਼ਿਆ
Thursday, Mar 07, 2019 - 04:41 PM (IST)

ਲੁਧਿਆਣਾ-ਭਾਰਤੀ ਖੇਤੀ ਖੋਜ ਕੌਂਸਲ ਨੇ ਕੌਮੀ ਪੱਧਰ ਦਾ ਸਰਦਾਰ ਪਟੇਲ ਐਵਾਰਡ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਨੂੰ ਪ੍ਰਦਾਨ ਕੀਤਾ ਹੈ। ਪੀ. ਏ. ਯੂ ਵੱਲੋਂ ਇਹ ਵੱਕਾਰੀ ਪੁਰਸਕਾਰ ਇੰਡੀਅਨ ਕੌਂਸਲ ਆਫ਼ ਐਗਰੀਕਲਚਰਲ ਰਿਸਰਚ (ICAR) ਦੇ ਵਿਸ਼ੇਸ਼ ਸਮਾਗਮ ਨਵੀਂ ਦਿੱਲੀ 'ਚ ਡਾ. ਬਲਦੇਵ ਸਿੰਘ ਢਿੱਲੋਂ ਵਾਈਸ ਚਾਂਸਲਰ ਪੀ. ਏ. ਯੂ ਨੇ ਭਾਰਤੀ ਖੇਤੀ ਖੋਜ ਪ੍ਰੀਸ਼ਦ ਦੇ ਨਿਰਦੇਸ਼ਕ ਜਨਰਲ ਡਾ. ਤਰਲੋਚਨ ਮੋਹਪਾਤਰਾ ਤੋਂ ਹਾਸਲ ਕੀਤਾ। ਇਹ ਮੌਕਾ ਇਸ ਕਰਕੇ ਵੀ ਇਤਿਹਾਸਕ ਮਹੱਤਵ ਵਾਲਾ ਹੈ, ਕਿਉਂਕਿ ਪੀ. ਏ. ਯੂ ਨੂੰ 1995 ਤੋਂ ਬਾਅਦ ਦੁਬਾਰਾ ਇਹ ਐਵਾਰਡ ਪ੍ਰਾਪਤ ਹੋਇਆ ਹੈ।1995 ਵਿੱਚ ਪੀ. ਏ. ਯੂ ਨੂੰ 'ਸਰਵੋਤਮ ਸੰਸਥਾ ਐਵਾਰਡ' ਮਿਲਆ ਸੀ। ਇੱਥੇ ਵਰਣਨਯੋਗ ਹੈ ਕਿ ਬਾਅਦ 'ਚ ਇਸ ਦਾ ਨਾਂ 'ਸਰਦਾਰ ਪਟੇਲ ਆਊਟਸਟੈਡਿੰਗ ਆਈ. ਸੀ. ਏ. ਆਰ. ਇੰਸਟੀਟਿਊਸ਼ਨ ਐਵਾਰਡ' ਕਰ ਦਿੱਤਾ ਗਿਆ ।
ਪੀ. ਏ. ਯੂ ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਨੇ ਇਸ ਮੌਕੇ ਪੀ. ਏ. ਯੂ ਦੇ ਸਮੁੱਚੇ ਅਮਲੇ ਦੀ ਮਿਹਨਤ, ਲਗਨ ਅਤੇ ਸਮਰਪਨ ਨੂੰ ਇਸ ਸ਼ਾਨਦਾਰ ਪ੍ਰਾਪਤੀ ਦੀ ਊਰਜਾ ਕਹਿੰਦਿਆਂ ਵਧਾਈ ਪੇਸ਼ ਕੀਤੀ । ਭਾਰਤੀ ਖੇਤੀ ਖੋਜ ਕੌਂਸਲ ਹਰ ਸਾਲ ਕਿਸੇ ਇੱਕ ਸੰਸਥਾ ਨੂੰ ਉਸਦੇ ਪਿਛਲੇ ਪੰਜ ਸਾਲ 'ਚ ਖੋਜ, ਪਸਾਰ ਅਤੇ ਅਧਿਆਪਨ 'ਚ ਕੀਤੇ ਕੰਮਾਂ ਦੇ ਮਿਆਰ ਅਤੇ ਯੋਗਦਾਨ ਦੇ ਅਧਾਰ ਤੇ ਇਹ ਐਵਾਰਡ ਪ੍ਰਦਾਨ ਕਰਦੀ ਹੈ । ਭਾਰਤੀ ਖੇਤੀ ਖੋਜ ਕੌਂਸਲ ਸਾਰੇ ਰਾਜਾਂ ਦੀਆਂ ਖੇਤੀ ਯੂਨੀਵਰਸਿਟੀਆਂ 'ਚ ਹੋ ਰਹੇ ਵਿੱਦਿਅਕ, ਖੋਜ ਅਤੇ ਪਸਾਰ ਕਾਰਜਾਂ ਨੂੰ ਅਧਾਰ ਬਣਾ ਕੇ ਸਰਵੋਤਮ ਯੂਨੀਵਰਸਿਟੀ ਦੀ ਚੋਣ ਕਰਦੀ ਹੈ ਅਤੇ ਉਸ ਯੂਨੀਵਰਸਿਟੀ ਨੂੰ ਸਰਦਾਰ ਪਟੇਲ ਸਰਵੋਤਮ ਸੰਸਥਾਨ ਪੁਰਸਕਾਰ ਨਾਲ ਨਿਵਾਜ਼ਿਆ ਜਾਂਦਾ ਹੈ।
ਇਹ ਪੁਰਸਕਾਰ ਖੇਤੀ ਨਾਲ ਸੰਬੰਧਤ ਰਾਜਾਂ ਦੀਆਂ ਯੂਨੀਵਰਸਿਟੀਆਂ ਲਈ ਵਿਸ਼ੇਸ਼ ਵੱਕਾਰ ਵਾਲਾ ਹੈ । ਭਾਰਤੀ ਖੇਤੀ ਖੋਜ ਕੌਂਸਲ ਦਾ ਇਹ ਐਵਾਰਡ ਯੂਨੀਵਰਸਿਟੀ ਨੂੰ ਮਿਲਣਾ ਇਸ ਗੱਲ ਦਾ ਪ੍ਰਮਾਣ ਹੈ ਕਿ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਰਾਜ ਪੱਧਰ ਤੇ ਹੀ ਨਹੀਂ ਸਗੋਂ ਰਾਸ਼ਟਰੀ ਪੱਧਰ ਤੇ ਭਾਰਤ ਦੇ ਸਿਖਰਲੇ ਖੇਤੀ ਸੰਸਥਾਨਾਂ 'ਚੋਂ ਇੱਕ ਹੈ ।ਪੀ. ਏ. ਯੂ ਨੇ ਹਰੀ ਕ੍ਰਾਂਤੀ ਰਾਹੀਂ ਦੇਸ਼ ਨੂੰ ਅਨਾਜ ਪੱਖੋਂ ਸਵੈ-ਨਿਰਭਰ ਬਨਾਉਣ 'ਚ ਮਹੱਤਵਪੂਰਨ ਭੂਮਿਕਾ ਨਿਭਾਈ ।ਇਨ੍ਹਾਂ ਪੰਜ ਸਾਲਾਂ ਦੌਰਾਨ ਪੀ. ਏ. ਯੂ ਨੇ ਖੇਤ ਅਤੇ ਬਾਗਬਾਨੀ ਫ਼ਸਲਾਂ ਦੀਆਂ ਤਕਰੀਬਨ 153 ਕਿਸਮਾਂ ਜਾਰੀ ਕੀਤੀਆਂ ਹਨ, ਜਿਨਾਂ 'ਚੋਂ 39 ਰਾਸ਼ਟਰ ਪੱਧਰ ਤੇ ਸਵੀਕਾਰ ਕੀਤੀਆਂ ਗਈਆਂ ਹਨ। ਛੋਟੀ ਮਿਆਦ ਵਾਲੀਆਂ ਝੋਨੇ ਦੀਆਂ ਕਿਸਮਾਂ, ਕੁੰਗੀ ਤੋਂ ਸੁਰੱਖਿਅਤ ਕਣਕ, ਕਨੌਲਾ ਗੋਭੀ ਸਰੋਂ, ਘੱਟ ਬੀਜਾਂ ਵਾਲਾ ਕਿੰਨੂ ਅਤੇ ਮਿਰਚਾਂ ਦੀ ਹਾਈਬ੍ਰਿਡ ਕਿਸਮ ਨੂੰ ਕਿਸਾਨਾਂ ਨੇ ਵਿਆਪਕ ਪੱਧਰ ਤੇ ਸਵੀਕਾਰ ਕੀਤਾ ਹੈ ।
ਇਸ ਤੋਂ ਬਿਨਾਂ ਬੀ. ਟੀ. ਕਾਟਨ ਕਿਸਮ, ਜ਼ਿੰਕ ਯੁਕਤ ਕਣਕ, ਮੌਲੀਕਿਊਲਰ ਮਾਰਕਰ ਕਣਕ ਅਤੇ ਉਤਪਾਦਨ ਅਤੇ ਸੁਰੱਖਿਆ ਤਕਨੀਕਾਂ ਦੇ ਨਾਲ-ਨਾਲ ਕੁਦਰਤੀ ਸੋਮਿਆਂ ਦੀ ਸਾਂਭ-ਸੰਭਾਲ ਲਈ ਪੀ. ਏ. ਯੂ ਵੱਲੋਂ ਕੀਤਾ ਗਿਆ ਕਾਰਜ ਬੇਮਿਸਾਲ ਹੈ। ਪੀ. ਏ. ਯੂ ਨੇ ਕੁਦਰਤੀ ਸਾਧਨਾਂ ਦੀ ਢੁੱਕਵੀਂ ਵਰਤੋਂ ਦੇ ਨਾਲ-ਨਾਲ ਪਾਣੀ ਬਚਾਉਣ ਦੀਆਂ ਕਈ ਤਕਨੀਕਾਂ ਈਜਾਦ ਕਰਕੇ ਕਿਸਾਨਾਂ ਤੱਕ ਪਸਾਰੀਆਂ ਹਨ ਜਿਨਾਂ 'ਚੋਂ ਸੁਪਰ ਐਸ. ਐਮ. ਐਸ, ਸਟਰਾਅ ਕਟਰ-ਕਮ-ਸਪਰੈਡਰ, ਸੁਧਰਿਆ ਹੋਇਆ ਹੈ ਪੀਸੀਡਰ ਪ੍ਰਮੁੱਖ ਹਨ। ਇਹਨਾਂ ਤਕਨੀਕਾਂ ਨੂੰ ਆਧਾਰ ਬਣਾ ਕੇ ਪਰਾਲੀ ਦੀ ਸਾਂਭ-ਸੰਭਾਲ ਦੀ ਚੁਣੌਤੀ ਨਾਲ ਨਜਿੱਠਿਆ ਜਾ ਰਿਹਾ ਹੈ ।ਜੈਵਿਕ ਖਾਦਾਂ ਦੀ ਵਰਤੋਂ ਨੂੰ ਕਿਸਾਨਾਂ ਤੱਕ ਪਹੁੰਚਾ ਕੇ ਪੀ. ਏ. ਯੂ ਨੇ ਸੰਯੁਕਤ ਪੋਸ਼ਕ ਪ੍ਰਬੰਧਨ ਦੇ ਖੇਤਰ 'ਚ ਵੱਡਾ ਹੰਭਲਾ ਮਾਰਿਆ ਹੈ । ਸੰਯੁਕਤ ਕੀਟ ਪ੍ਰਬੰਧ ਅਤੇ ਛਿੜਕਾਅ ਤਕਨੀਕਾਂ ਜੋ ਪੀ. ਏ. ਯੂ ਨੇ ਈਜਾਦ ਕੀਤੀਆਂ ਉਹਨਾਂ ਸਦਕਾ ਭੋਜਨ ਪਦਾਰਥਾਂ 'ਚ ਰਸਾਇਣਕ ਰਹਿੰਦ-ਖੂੰਹਦ ਖਤਮ ਹੋਣ ਦੇ ਕੰਢੇ ਆ ਗਈ ਹੈ। ਨਰਮੇ ਦੀ ਚਿੱਟੀ ਮੱਖੀ ਦੀ ਰੋਕਥਾਮ ਲਈ ਪੀ. ਏ. ਯੂ ਦੀ ਸਿਫ਼ਾਰਸ਼ਾਂ ਤੇ ਕਿਸਾਨਾਂ ਵੱਲੋਂ ਅਮਲ ਕਰਨ ਸਦਕਾ ਹੀ ਨਾ ਸਿਰਫ ਨਰਮੇ ਦਾ ਰਿਕਾਰਡ ਤੋੜ ਉਤਪਾਦਨ ਸੰਭਵ ਹੋਇਆ ਬਲਕਿ 2016-17 ਦੌਰਾਨ ਕੀਟ ਨਾਸ਼ਕਾਂ ਤੇ ਹੋਣ ਵਾਲੇ ਖਰਚੇ ਨੂੰ ਵੀ ਘਟਾਇਆ ਜਾ ਸਕਿਆ। ਕਿਸਾਨਾਂ ਨਾਲ ਨੇੜਲੇ ਸੰਬੰਧਾਂ ਲਈ ਕ੍ਰਿਸ਼ੀ ਵਿਗਆਨ ਕੇਂਦਰ, ਕਿਸਾਨ ਸਲਾਹਕਾਰ ਸੇਵਾ ਕੇਂਦਰ, ਸਕਿੱਲ ਡਿਵੈਲਪਮੈਂਟ ਸੈਂਟਰ, ਕਿਸਾਨ ਮੇਲੇ ਅਤੇ ਪੀ. ਏ. ਯੂ ਕਿਸਾਨ ਕਲੱਬ, ਤਕਨੀਕ ਪ੍ਰਦਰਸ਼ਨੀਆਂ, ਖੇਤੀ ਪ੍ਰਕਾਸ਼ਨਾਵਾਂ ਆਦਿ ਨੇ ਪੀ. ਏ. ਯੂ ਦੀਆਂ ਪਸਾਰ ਗਤੀਵਿਧੀਆਂ 'ਚ ਅਹਿਮ ਹਿੱਸਾ ਪਾਇਆ ਹੈ ।