ਹੁਣ ਕੋਈ ਵੀ ਪਟਵਾਰੀ ਨਹੀਂ ਰੱਖੇਗਾ ਪ੍ਰਾਈਵੇਟ ਕਰਿੰਦਾ, ਡੀ. ਸੀ. ਨੇ ਦਿੱਤੇ ਕਾਰਵਾਈ ਦੇ ਹੁਕਮ
Wednesday, Nov 08, 2017 - 02:51 PM (IST)

ਨਵਾਂਸ਼ਹਿਰ (ਮਨੋਰੰਜਨ)— ਜ਼ਿਲੇ ਦੇ ਪਟਵਾਰਖਾਨਿਆਂ 'ਚ ਲੰਬੇ ਸਮੇਂ ਤੋਂ ਪ੍ਰਾਈਵੇਟ ਲੋਕਾਂ ਦਾ ਕਬਜ਼ਾ ਵਧਦਾ ਜਾ ਰਿਹਾ ਸੀ ਜੋ ਪ੍ਰਸ਼ਾਸਨ ਲਈ ਸਮੱਸਿਆ ਦਾ ਕਾਰਨ ਬਣ ਰਹੇ ਸੀ। ਜ਼ਮੀਨੀ ਰਿਕਾਰਡ ਪ੍ਰਾਈਵੇਟ ਲੋਕਾਂ ਦੇ ਹੱਥਾਂ 'ਚ ਹੋਣ ਨਾਲ ਪ੍ਰਸ਼ਾਸਨ ਲਈ ਖਤਰੇ ਦੀ ਘੰਟੀ ਬਣੇ ਹੋਏ ਸੀ। ਉਕਤ ਪ੍ਰਾਈਵੇਟ ਲੋਕਾਂ ਦੇ ਕਾਰਨ ਪਟਵਾਰਖਾਨੇ 'ਚ ਰਿਸ਼ਵਤ ਦਾ ਵੀ ਬੋਲਬਾਲਾ ਸੀ। ਇਸ ਨੂੰ ਦੇਖਦੇ ਹੋਏ ਵਿਜੀਲੈਂਸ ਬਿਊਰੋ ਦੇ ਡਾਇਰੈਕਟਰ ਨੇ ਸੂਬੇ ਦੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਚਿੱਠੀ ਲਿਖ ਕੇ ਅਜਿਹੇ ਪ੍ਰਾਈਵੇਟ ਲੋਕਾਂ ਦੇ ਖਿਲਾਫ ਕਾਰਵਾਈ ਦੇ ਹੁਕਮ ਦਿੱਤੇ। ਚਿੱਠੀ ਮਿਲਦੇ ਹੀ ਸਾਰੇ ਪ੍ਰਾਈਵੇਟ ਕਰਿੰਦਿਆਂ ਨੂੰ ਪਟਵਾਰਖਾਨਿਆਂ ਦੇ ਅੰਦਰ ਆਉਣ ਤੋਂ ਮਨ੍ਹਾ ਕਰ ਦਿੱਤਾ ਗਿਆ ਹੈ, ਜਿੱਥੋਂ ਤੱਕ ਕਿ ਚਾਹ-ਪਾਣੀ ਪਿਲਾਉਣ ਦੇ ਨਾਂ 'ਤੇ ਵੀ ਬਾਹਰੀ ਆਦਮੀ ਨੂੰ ਨਾ ਰੱਖਣ ਦੇ ਹੁਕਮ ਦਿੱਤੇ ਗਏ ਹਨ। ਵਿਜੀਲੈਂਸ ਡਾਇਰੈਕਟਰ ਦੀ ਇਸ ਚਿੱਠੀ 'ਚ ਡੀ. ਸੀ. ਨੂੰ ਸਪੱਸ਼ਟ ਲਿਖਿਆ ਗਿਆ ਹੈ ਕਿ ਜੇਕਰ ਕੋਈ ਪਟਵਾਰੀ ਪ੍ਰਾਈਵੇਟ ਆਦਮੀ ਤੋਂ ਕੰਮ ਕਰਵਾਉਂਦਾ ਪਾਇਆ ਜਾਂਦਾ ਹੈ ਤਾਂ ਉਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਡੀ. ਸੀ. ਨੂੰ ਪੂਰੇ ਮਾਮਲੇ ਦੀ ਪੜਤਾਲ ਕਰ ਕੇ ਪੱਤਰ ਮਿਲਣ ਦੇ ਦਸ ਦਿਨ ਦੇ ਅੰਦਰ ਰਿਪਰੋਟ ਦੇਣ ਨੂੰ ਵੀ ਕਿਹਾ ਗਿਆ ਹੈ।
ਵਿਜੀਲੈਂਸ ਬਿਊਰੋ ਵੱਲੋਂ ਭੇਜੇ ਗਏ ਲੈਟਰ 'ਚ ਸਾਫ ਲਿਖਿਆ ਗਿਆ ਹੈ ਕਿ ਪਟਵਾਰੀ ਤੋਂ ਕੰਮ ਕਰਵਾਉਣ ਦੇ ਬਦਲੇ ਇਹ ਕਰਿੰਦੇ ਕਥਿਤ ਤੌਰ 'ਤੇ ਲੋਕਾਂ ਤੋਂ ਰਿਸ਼ਵਤ ਮੰਗਦੇ ਹਨ। ਇਨ੍ਹਾਂ ਪ੍ਰਾਈਵੇਟ ਲੋਕਾਂ ਨਾਲ ਮਿਲ ਕੇ ਕੁਝ ਪਟਵਾਰੀ ਕਥਿਤ ਤੌਰ 'ਤੇ ਰਿਸ਼ਵਤਖੋਰੀ ਦਾ ਗੋਰਖਧੰਦਾ ਵੀ ਚਲਾਉਂਦੇ ਹਨ। ਉਨ੍ਹਾਂ ਸਾਰੇ ਡੀ. ਸੀਜ਼. ਨੂੰ ਆਪਣੇ-ਆਪਣੇ ਜ਼ਿਲੇ ਦੇ ਪਟਵਾਰ ਸਰਕਲਾਂ ਦੀ ਚੈਕਿੰਗ ਕਰਨ ਨੂੰ ਵੀ ਕਿਹਾ ਗਿਆ ਹੈ। ਅਗਰ ਕਿਸੇ ਪਟਵਾਰੀ ਨੇ ਅਜਿਹੇ ਕਰਿੰਦੇ ਰੱਖੇ ਤਾਂ ਉਸ ਦੇ ਖਿਲਾਫ ਸਖਤ ਐਕਸ਼ਨ ਲੈਣ ਲਈ ਕਿਹਾ ਗਿਆ ਹੈ ਤਾਂ ਕਿ ਜਨਤਾ ਦੀ ਲੁੱਟ ਬੰਦ ਹੋ ਸਕੇ।
ਵਿਜੀਲੈਂਸ ਬਿਊਰੋ ਦੇ ਡਾਇਰੈਕਟਰ ਨੇ ਚੌਕਸੀ ਮਹਿਕਮੇ ਦੇ ਸੈਕਟਰੀ ਨੂੰ ਲਿਖਿਆ ਕਿ ਕਈ ਵਿਜੀਲੈਂਸ ਇਨਕੁਆਰੀ ਅਤੇ ਮੁਕੱਦਮਿਆਂ ਨੂੰ ਦੇਖਣ ਨੂੰ ਮਿਲਿਆ ਹੈ ਕਿ ਪਟਵਾਰੀਆਂ ਨੇ ਆਪਣੇ ਦਫਤਰੀ ਕੰਮ ਲਈ 5 ਤੋਂ 7 ਹਜ਼ਾਰ ਰੁਪਏ ਮਹੀਨੇ 'ਚ ਪ੍ਰਾਈਵੇਟ ਕਰਿੰਦੇ ਰੱਖੇ ਹੋਏ ਹਨ। ਇਨ੍ਹਾਂ ਹੀ ਪ੍ਰਾਈਵੇਟ ਕਰਿੰਦਿਆਂ ਦੇ ਜ਼ਰੀਏ ਉਹ ਰਿਸ਼ਵਤਖੋਰੀ ਕਰਦੇ ਹਨ। ਮਾਲ ਮਹਿਕਮੇ ਦੇ ਕੰਮ ਦੀ ਪੂਰੀ ਜਾਣਕਾਰੀ ਨਾ ਹੋਣ ਨਾਲ ਇਹ ਰਿਕਾਰਡ 'ਚ ਵੀ ਗਲਤੀਆਂ ਕਰਦੇ ਹਨ। ਇਸ ਨਾਲ ਆਮ ਲੋਕਾਂ ਨੂੰ ਪ੍ਰੇਸ਼ਾਨੀ ਹੁੰਦੀ ਹੈ। ਫਿਰ ਰਿਕਾਰਡ ਠੀਕ ਕਰਵਾਉਣ ਦੇ ਸਮੇਂ ਰਿਸ਼ਵਤਖੋਰੀ ਦਾ ਖੇਡ ਖੇਡਿਆ ਜਾਂਦਾ ਹੈ। ਜਦੋਂ ਇਹ ਕਰਿੰਦੇ ਰਿਸ਼ਵਤ ਲੈਂਦੇ ਫੜੇ ਜਾਂਦੇ ਹਨ ਤਾਂ ਆਦਲਤ 'ਚ ਸਾਬਤ ਕਰਨ 'ਚ ਬਹੁਤ ਮੁਸ਼ਕਲ ਹੁੰਦੀ ਹੈ। ਰਿਸ਼ਵਤ ਇਕ ਪ੍ਰਾਈਵੇਟ ਆਦਮੀ ਤੋਂ ਬਰਾਮਦ ਹੁੰਦੀ ਹੈ ਜਿਸ ਨੂੰ ਸਰਕਾਰੀ ਕੰਮ ਦਾ ਕੋਈ ਅਧਿਕਾਰ ਨਹੀਂ ਹੈ। ਅਜਿਹੇ 'ਚ ਕਰਿੰਦੇ ਤੇ ਪਟਵਾਰੀ ਦੀ ਮਿਲੀਭੁਗਤ ਨਾਲ ਮੁਕਰਨ ਦਾ ਡਰ ਰਹਿੰਦਾ ਹੈ ਕਿਉਂਕਿ ਰਿਸ਼ਵਤ ਪਟਵਾਰੀ ਤੋਂ ਬਰਾਮਦ ਨਹੀਂ ਹੁੰਦੀ। ਉਨ੍ਹਾਂ ਇਸ ਪ੍ਰੈਕਟਿਸ ਨੂੰ ਤੁਰੰਤ ਬੰਦ ਕਰਵਾਉਣ ਦੀ ਮੰਗ ਕੀਤੀ।