ਲੁਧਿਆਣਾ : 7500 ਰੁਪਏ ਦੀ ਰਿਸ਼ਵਤ ਲੈਂਦਾ ਪਟਵਾਰੀ ਰੰਗੇ ਹੱਥੀਂ ਗ੍ਰਿਫਤਾਰ
Wednesday, Jun 10, 2020 - 03:22 PM (IST)
ਲੁਧਿਆਣਾ (ਮਹੇਸ਼) : ਵਿਜੀਲੈਂਸ ਮਹਿਕਮੇ ਦੀ ਟੀਮ ਨੇ ਇੱਕ ਪਟਵਾਰੀ ਨੂੰ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਹੈ। ਪਟਵਾਰੀ ਨੇ ਸਰਕਾਰੀ ਰਿਕਾਰਡ ਮੁਹੱਈਆ ਕਰਵਾਉਣ ਦੇ ਏਵਜ਼ 'ਚ ਇੱਕ ਸਥਾਨਕ ਨੌਜਵਾਨ ਕੋਲੋਂ 7500 ਰੁਪਏ ਦੀ ਰਿਸ਼ਵਤ ਮੰਗੀ ਸੀ। ਸੀਨੀਅਰ ਪੁਲਸ ਅਧਿਕਾਰੀ ਅਮਰਜੀਤ ਸਿੰਘ ਬਾਜਵਾ ਨੇ ਦੱਸਿਆ ਕਿ ਕੋਹਾੜਾ 'ਚ ਤਾਇਨਾਤ ਪਟਵਾਰੀ ਪਲਵਿੰਦਰ ਸਿੰਘ ਦੇ ਖਿਲਾਫ ਰਿਸ਼ਵਤ ਮੰਗਣ ਦੀ ਸ਼ਿਕਾਇਤ ਮਿਲੀ ਸੀ। ਮੁੱਢਲੀ ਜਾਂਚ 'ਚ ਸ਼ਿਕਾਇਤ ਠੀਕ ਪਾਈ ਗਈ। ਕਾਨੂੰਨੀ ਪ੍ਰਕਿਰਿਆ ਪੂਰੀ ਕਰਨ ਦੇ ਬਾਅਦ ਮਹਿਕਮੇ ਨੇ ਪਟਵਾਰੀ ਨੂੰ ਰੰਗੇ ਹੱਥ ਫੜ੍ਹਨ ਲਈ ਜਾਲ ਵਿਛਾਇਆ ਅਤੇ ਰਿਸ਼ਵਤ ਦੀ ਰਕਮ ਨੂੰ ਜ਼ਬਤ ਕਰ ਲਿਆ। ਦੋਸ਼ੀ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਉਸ ਦੀ ਚੱਲ-ਅਚਲ ਜਾਇਦਾਦ ਦੀ ਛਾਣਬੀਣ ਕੀਤੀ ਜਾ ਰਹੀ ਹੈ। ਦੋਸ਼ੀ ਪਿੰਡ ਸੱਜੂਮਾਜਰਾ ਦਾ ਰਹਿਣ ਵਾਲਾ ਹੈ ਅਤੇ ਉਸ ਦੇ ਘਰ ਦੀ ਤਲਾਸ਼ੀ ਲਈ ਇੱਕ ਟੀਮ ਨੂੰ ਕੰਮ 'ਤੇ ਲਗਾ ਦਿੱਤਾ ਗਿਆ ਹੈ। ਜੇਕਰ ਇਸ ਮਾਮਲੇ 'ਚ ਕਿਸੇ ਹੋਰ ਦੀ ਭੂਮਿਕਾ ਸਾਹਮਣੇ ਆਈ ਤਾਂ ਉਸ ਦੇ ਖਿਲਾਫ ਸਖ਼ਤ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ ।
31 ਗਜ਼ ਜ਼ਮੀਨ ਦੇ ਟੁਕੜੇ ਦਾ 30 ਸਾਲ ਦਾ ਰਿਕਾਰਡ ਚਾਹੀਦਾ ਸੀ
ਜਾਣਕਾਰੀ ਮੁਤਾਬਕ ਨੂਰਾਂਵਾਲ ਰੋਡ ਦੇ ਬਸੰਤ ਵਿਹਾਰ ਇਲਾਕੇ ਦੇ ਰਾਕੇਸ਼ ਕੁਮਾਰ ਨੇ ਪਾਲਮ ਵਿਹਾਰ ਇਲਾਕੇ 'ਚ ਆਪਣੀ ਪਤਨੀ ਰੇਨੂ ਬਾਲਾ ਦੇ ਨਾਂ 'ਤੇ 31 ਗਜ਼ ਜ਼ਮੀਨ ਦਾ ਇੱਕ ਟੁਕੜਾ ਲਿਆ ਸੀ। ਜਗ੍ਹਾ ਦਾ ਇੰਤਕਾਲ ਆਪਣੀ ਪਤਨੀ ਦੇ ਨਾਮ 'ਤੇ ਕਰਵਾਉਣ ਦੇ ਨਾਲ ਉਸ ਨੂੰ ਇਸ ਜਗ੍ਹਾ ਦਾ ਪਿਛਲਾ 30 ਸਾਲਾਂ ਦਾ ਰਿਕਾਰਡ ਚਾਹੀਦਾ ਸੀ ।
ਰਿਕਾਰਡ ਮੁਹੱਈਆ ਕਰਵਾਉਣ ਬਦਲੇ ਮੰਗੀ ਰਿਸ਼ਵਤ
ਬਾਜਵਾ ਨੇ ਦੱਸਿਆ ਕਿ ਸ਼ਿਕਾਇਤ ਕਰਤਾ ਨੇ ਪਟਵਾਰੀ ਪਲਵਿੰਦਰ ਸਿੰਘ ਨਾਲ ਸੰਪਰਕ ਕੀਤਾ। ਪਲਵਿੰਦਰ ਨੇ ਰਿਕਾਰਡ ਮੁਹੱਈਆ ਕਰਵਾਉਣ ਲਈ ਰਾਕੇਸ਼ ਨੂੰ ਉਸ ਦੇ ਕਰਿੰਦੇ ਅਨਿਲ ਭਾਟੀਆ ਨਾਲ ਮਿਲਣ ਨੂੰ ਕਿਹਾ। ਰਿਕਾਰਡ ਮੁਹੱਈਆ ਕਰਵਾਉਣ ਦੇ ਬਦਲੇ ਅਨਿਲ ਨੇ 8500 ਰੁਪਏ ਦੀ ਰਿਸ਼ਵਤ ਮੰਗੀ। ਬਾਅਦ 'ਚ 7500 ਰੁਪਏ 'ਚ ਸੌਦਾ ਤੈਅ ਹੋ ਗਿਆ। ਰਾਕੇਸ਼ ਰਿਸ਼ਵਤ ਨਹੀਂ ਦੇਣਾ ਚਾਹੁੰਦਾ ਸੀ। ਹਿੰਮਤ ਕਰਕੇ ਉਸਨੇ ਵਿਜੀਲੈਂਸ ਨਾਲ ਸੰਪਰਕ ਕੀਤਾ ਅਤੇ ਇਸ ਦੀ ਸ਼ਿਕਾਇਤ ਦਿੱਤੀ।