ਰੂਹਾਨੀ ਜਲੌਅ ਵਿਚ ਮਨੁੱਖੀ ਸਾਂਝਾਂ ਦੀ ਉਮੀਦ ਭਰਿਆ ਪਟਨਾ ਸਾਹਿਬ ਦਾ ਨਗਰ ਕੀਰਤਨ

Thursday, Jan 02, 2020 - 10:40 AM (IST)

ਰੂਹਾਨੀ ਜਲੌਅ ਵਿਚ ਮਨੁੱਖੀ ਸਾਂਝਾਂ ਦੀ ਉਮੀਦ ਭਰਿਆ ਪਟਨਾ ਸਾਹਿਬ ਦਾ ਨਗਰ ਕੀਰਤਨ

ਪਟਨਾ ਸਾਹਿਬ (ਹਰਪ੍ਰੀਤ ਸਿੰਘ ਕਾਹਲੋਂ ਅਤੇ ਸੰਦੀਪ ਸਿੰਘ)- ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ’ਚ ਪੰਜ ਪਿਆਰਿਆਂ ਦੇ ਸੰਗ ਫੁੱਲਾਂ ਦੀ ਵਰਖਾ ’ਚ ਨਗਰ ਕੀਰਤਨ ਪਟਨਾ ਸਾਹਿਬ ਵਿਖੇ ਗੁਰੂ ਉਸਤਤਿ, ਮੁਹੱਬਤੀ ਸਾਂਝ ਵੰਡਦਾ ਸ਼ਾਮਲ ਹੋਈਆਂ ਸੰਗਤਾਂ ਵਿਚ ਰੂਹਾਨੀ ਛਾਪ ਛੱਡ ਗਿਆ। ਇਸ ਮੌਕੇ ਪ੍ਰਕਾਸ਼ ਪੁਰਬ ਦਾ ਪਟਨਾ ਸ਼ਹਿਰ ਦੀਆਂ ਗਲੀਆਂ ’ਚ ਰੂਹਾਨੀਅਤ ਦਾ ਜਲੌਅ ਵੇਖਣ ਨੂੰ ਮਿਲਿਆ। ਬਿਹਾਰ ਸੈਰ ਸਪਾਟਾ ਮਹਿਕਮੇ ਦੇ ਅਫ਼ਸਰ ਬੀ.ਕੇ. ਸਿੰਘ ਮੁਤਾਬਕ ਸ੍ਰੀ ਗੁਰੂ ਗੋਬਿੰਦ ਸਿੰਘ ਦੇ 350ਵੇਂ ਪ੍ਰਕਾਸ਼ ਪੁਰਬ ਤੋਂ ਬਾਅਦ ਬਿਹਾਰ ਬਦਲਿਆ ਬਦਲਿਆ ਨਜ਼ਰ ਆਉਂਦਾ ਹੈ। ਇਸ ਦਾ ਅੰਦਾਜ਼ਾ ਸੈਰ ਸਪਾਟੇ ਦੀ ਇਸ ਰਿਪੋਰਟ ਤੋਂ ਹੀ ਲੱਗਦਾ ਹੈ ਕਿ ਇਕੱਲੇ ਜ਼ਿਲਾ ਨਾਲੰਦਾ ਦੇ ਰਾਜਗੀਰ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਪੁਰਬ ਮੌਕੇ ਇਤਿਹਾਸਕ ਸਥਾਨ ਦੇ ਦਰਸ਼ਨਾਂ ਨੂੰ 2019 ਦੇ ਅੰਕੜੇ ਮੁਤਾਬਕ 3821761 ਸੰਗਤਾਂ ਨੇ ਦਰਸ਼ਨ ਕੀਤੇ ਹਨ। ਸਾਲ 2019 ਦੀ ਫਾਈਨਲ ਰਿਪੋਰਟ ਆਉਣੀ ਅਜੇ ਬਾਕੀ ਹੈ। ਬੀ.ਕੇ. ਸਿੰਘ ਮੁਤਾਬਕ ਬਿਹਾਰ ਇਤਿਹਾਸ ਅਤੇ ਧਰਮ ਦੀ ਅਹਿਮੀਅਤ ਨੂੰ ਸਮਝਦਿਆਂ ਇਸ ’ਤੇ ਵਿਸ਼ੇਸ਼ ਧਿਆਨ ਦੇ ਰਿਹਾ ਹੈ।

ਪਟਨਾ ਸ਼ਹਿਰ ਦੇ ਲੋਕ ਵੀ ਆਈਆਂ ਸੰਗਤਾਂ ਦੇ ਸਵਾਗਤ ਵਿਚ ਗੁਰੂ ਗੋਬਿੰਦ ਸਿੰਘ ਜੀ ਲਈ ਅਥਾਹ ਸ਼ਰਧਾ ਰੱਖਦੇ ਹਨ। ਗੁਰਦੁਆਰਾ ਗਊਘਾਟ ਸਾਹਿਬ ਤੋਂ ਤਖ਼ਤ ਸ੍ਰੀ ਹਰਿਮੰਦਰ ਪਟਨਾ ਸਾਹਿਬ ਪਹੁੰਚੇ ਨਗਰ ਕੀਰਤਨ ਅੰਦਰ ਇਸੇ ਮੁਹੱਬਤ ਦਾ ਪ੍ਰਗਟਾਵਾ ਸੀ। ਗੁਰਦੁਆਰਾ ਗਊਘਾਟ ਤੋਂ ਤਖ਼ਤ ਪਟਨਾ ਸਾਹਿਬ ਨੂੰ ਆਉਂਦੀ ਸੜਕ ਦਾ ਨਾਮ ‘ਹਰਿਮੰਦਰ ਗਲੀ’ ਹੈ। ਇਸ ਸੜਕੇ ’ਤੇ ਰਿਹਾਇਸ਼ੀ ਕਾਲੋਨੀਆਂ ਅਤੇ ਬਾਜ਼ਾਰ ਹਨ। ਹਰ ਮੁਹੱਲੇ ਦੀ ਆਪਣੀ ਸਥਾਨਕ ਕਮੇਟੀ ਹੈ, ਜੋ ਇਸ ਸੜਕ ਤੋਂ ਗੁਜ਼ਰ ਰਹੇ ਨਗਰ ਕੀਰਤਨ ਦਾ ਸਵਾਗਤ ਕਰਦੀ ਹੈ। ਇਸ ਦੌਰਾਨ ਸੰਗਤਾਂ ਲਈ ਜਲ ਦੀ ਸੇਵਾ ਅਤੇ ਗਰਮ ਚਾਹ ਦੀ ਸੇਵਾ ਵੀ ਮੋੜ-ਮੋੜ ’ਤੇ ਸੀ।

PunjabKesari

ਨਗਰ ਕੀਰਤਨ ਵਿਚ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਗੌਹਰ ਸਮੇਤ ਸਮੂਹ ਪ੍ਰਬੰਧਕ ਕਮੇਟੀ ਅਤੇ ਸੰਤ ਸਮਾਜ ਵੀ ਸ਼ਾਮਲ ਸੀ। ਸੁਰ ਸਿੰਘ ਵਾਲਾ ਤੋਂ ਬਾਬਾ ਅਵਤਾਰ ਸਿੰਘ ਜਥਾ ਬਿਧੀ ਚੰਦ ਵੀ ਆਪਣੇ ਸੇਵਾਦਾਰਾਂ ਨਾਲ ਸ਼ਾਮਲ ਹੋਏ। ਇਸ ਮੌਕੇ ਭਾਜਪਾ ਆਗੂ ਐੱਸ.ਐੱਸ. ਆਹਲੂਵਾਲੀਆ ਨੇ ਨਗਰ ਕੀਰਤਨ ਦੀ ਸ਼ੁਰੂਆਤੀ ਤਕਰੀਰ ਕਰਦਿਆਂ ਬਿਹਾਰ ਦੀ ਧਰਤੀ ’ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਮੁਹੱਬਤੀ ਸਾਂਝ ਦੀ ਉਸਤਤਿ ਕੀਤੀ। ਪ੍ਰਕਾਸ਼ ਪੁਰਬ ਮੌਕੇ ਦੂਰ-ਦੁਰਾਡਿਓਂ ਆਈਆਂ ਸੰਗਤਾਂ ਅਤੇ ਸਥਾਨਕ ਵਾਸੀਆਂ ਨੇ ਨਗਰ ਕੀਰਤਨ ਵਿਚ ਗੁਰੂ ਜਸ ਗਾਉਂਦਿਆਂ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ।

PunjabKesari

ਇੰਝ ਸਜਿਆ ਨਗਰ ਕੀਰਤਨ ਦਾ ਰੂਹਾਨੀ ਕਾਫ਼ਲਾ

ਨਗਰ ਕੀਰਤਨ ਵਿਚ ਪਟਨਾ ਸਾਹਿਬ, ਰਾਂਚੀ, ਨੇਪਾਲ, ਸਚਖੰਡ ਹਜ਼ੂਰ ਸਾਹਿਬ ਨਾਂਦੇੜ, ਸਾਸਾਰਾਮ ਅਤੇ ਮੁੰਬਈ ਤੋਂ 1900 ਦੇ ਲੱਗਭਗ ਗਿਣਤੀ ਦੇ ਕੀਰਤਨ ਜਥੇ ਸ਼ਾਮਲ ਹੋਏ ਸਨ। ਇਨ੍ਹਾਂ ਥਾਵਾਂ ਤੋਂ ਆਏ ਜਥਿਆਂ ਵਿਚ 100 ਦੇ ਲੱਗਭਗ ਸੰਗਤ ਸੀ ਅਤੇ ਤਖ਼ਤ ਪਟਨਾ ਸਾਹਿਬ ਦੇ ਜਥੇ ਵਿਚ 1000 ਸੰਗਤਾਂ ਬਤੌਰ ਕੀਰਤਨੀ ਜਥੇ ਦੇ ਰੂਪ ’ਚ ਸ਼ਾਮਲ ਸਨ। ਨਗਰ ਕੀਰਤਨ ਦੇ ਇੰਚਾਰਜ ਇੰਦਰਜੀਤ ਸਿੰਘ ਬੱਗਾ ਮੁਤਾਬਕ ਹਰ ਸਾਲ ਇਸ ਲਈ ਜਥੇ, ਬੈਂਡ, ਸਕੂਲ ਅਤੇ ਸੰਗਤਾਂ ਨਗਰ ਕੀਰਤਨ ’ਚ ਸ਼ਾਮਲ ਹੋਣ ਲਈ ਵੱਧ ਤੋਂ ਵੱਧ ਉਤਸ਼ਾਹ ਵਿਖਾਉਂਦੀਆਂ ਹਨ।

ਇਸ ਦੌਰਾਨ ਕਿਸੇ ਵੀ ਅਣਸੁਖਾਵੀਂ ਘਟਨਾ ਨਾਲ ਨਜਿੱਠਣ ਲਈ 500 ਦੇ ਲੱਗਭਗ ਪੁਲਸ ਪ੍ਰਸ਼ਾਸਨ ਵੱਲੋਂ ਕਰਮਚਾਰੀ ਸੁਰੱਖਿਆ ਦੇ ਲਿਹਾਜ ਨਾਲ ਤਾਇਨਾਤ ਕੀਤੇ ਗਏ ਸਨ। ਸਿਹਤ ਮਹਿਕਮੇ ਵੱਲੋਂ ਇਸ ਦੌਰਾਨ ਨਗਰ ਕੀਰਤਨ ਦੀ ਲੰਬਾਈ ਦੇ ਹਿਸਾਬ ਨਾਲ 4 ਐਂਬੂਲੈਂਸਾਂ ਵੀ ਸ਼ਾਮਲ ਕੀਤੀਆਂ ਗਈਆਂ ਸਨ। ਨਗਰ ਕੀਰਤਨ ਦੇ ਸੁਹੱਪਣ ਨੂੰ ਵਧਾਉਣ ਲਈ 10 ਘੋੜੇ,5 ਹਾਥੀ ਅਤੇ 13 ਊਠ ਵੀ ਸ਼ਾਮਲ ਸਨ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਖੁਸ਼ੀਆਂ ਪ੍ਰਾਪਤ ਕਰਦੀ ਸੰਗਤ ਇਨ੍ਹਾਂ ਹਾਥੀ, ਘੋੜੇ ਅਤੇ ਊਠਾਂ ਦੀ ਸਵਾਰੀ ਵੀ ਮਾਣ ਰਹੀ ਸੀ। ਇਸ ਤੋਂ ਇਲਾਵਾ ਗੁਰੂ ਉਸਸਤਿ 'ਚ 19 ਬੈਂਡ ਅਤੇ 9 ਆਰਕੈਸਟਰਾ ਗਰੁੱਪ ਵੀ ਉਚੇਚੇ ਸ਼ਾਮਲ ਹੋਏ।

PunjabKesari

ਸਿੱਖ ਜੰਗਜੂ ਰਵਾਇਤ ਦਾ ਝਲਕਾਰਾ ਵਿਖਾਉਂਦੀਆਂ ਗਤਕਾ ਟੀਮਾਂ ਵੀ ਵੱਖ-ਵੱਖ ਥਾਵਾਂ ਤੋਂ ਸ਼ਾਮਲ ਹੋਈਆਂ। ਨਗਰ ਕੀਰਤਨ ’ਚ ਸ਼ਰਧਾਲੂ ਗਤਕੇ ਦੇ ਜੌਹਰ ਵੇਖ ਨਿਹਾਲ ਹੁੰਦੇ ਰਹੇ। ਇਨ੍ਹਾਂ ਟੀਮਾਂ ’ਚੋਂ ਬਹੁਤੀਆਂ ਪੰਜਾਬ ਤੋਂ ਪਟਨਾ ਸਾਹਿਬ ਪਹੁੰਚੀਆਂ ਸਨ। ਇਸ ਮੌਕੇ ਖ਼ਾਲਸਾ ਗਤਕਾ ਅਖਾੜਾ ਅੰਮ੍ਰਿਤਸਰ, ਸਿੱਖ ਮਾਰਸ਼ਲ ਆਰਟ ਫੈੱਡਰੇਸ਼ਨ ਟੀਮ ਸਮੇਤ 4 ਗਤਕਾ ਟੀਮਾਂ ਸ਼ਾਮਲ ਹੋਈਆਂ ਸਨ।

100 ਸਾਲ ਦੀ ਬਿਹਾਰੀ ਜ਼ਿੰਦਗੀ ਚਰਨ ਸਿੰਘ ਦੀ

ਚਰਨ ਸਿੰਘ ਹਰ ਸਾਲ ਆਪਣੇ ਪਰਿਵਾਰ ਨਾਲ ਪ੍ਰਕਾਸ਼ ਪੁਰਬ ਮੌਕੇ ਨਗਰ ਕੀਰਤਨ ’ਚ ਸ਼ਾਮਲ ਹੁੰਦੇ ਹਨ। ਉਨ੍ਹਾਂ ਮੁਤਾਬਕ ਉਹ ਬਿਹਾਰੀ ਸਿੱਖ ਹਨ ਅਤੇ ਇਸ ’ਤੇ ਉਨ੍ਹਾਂ ਨੂੰ ਮਾਣ ਹੈ। ਚਰਨ ਸਿੰਘ ਦੱਸਦੇ ਹਨ ਕਿ ਉਨ੍ਹਾਂ ਦਾ ਪਿਛੋਕੜ ਜਲੰਧਰ ਦੇ ਕਰਤਾਰਪੁਰ ਦਾ ਹੈ। ਉਨ੍ਹਾਂ ਦੇ ਬਜ਼ੁਰਗ ਜਲਿਆਂਵਾਲਾ ਬਾਗ਼ ਦੇ ਸਾਕੇ ਤੋਂ ਬਾਅਦ 1919 'ਚ ਪੰਜਾਬ ਛੱਡ ਬਿਹਾਰ ਵਸੇ ਸਨ। ਭਾਵੇਂਕਿ ਉਨ੍ਹਾਂ ਦਾ ਸਬੰਧ ਸਾਕਾ 1919 ਨਾਲ ਨਹੀਂ ਹੈ ਪਰ ਸਾਕੇ ਕਰ ਕੇ ਉਨ੍ਹਾਂ ਦੇ ਬਜ਼ੁਰਗਾਂ ਨੂੰ ਪੰਜਾਬ ਤੋਂ ਬਿਹਾਰ ਆਉਣ ਦੀ ਤਾਰੀਖ਼ ਯਾਦ ਰਹਿ ਗਈ। ਚਰਨ ਸਿੰਘ 1919 ਤੋਂ ਬਾਅਦ ਤੀਜੀ ਪੀੜ੍ਹੀ ਹੈ ਅਤੇ ਇੰਝ ਚਰਨ ਸਿੰਘ ਪਟਨਾ ਵਾਸੀ ਹੁੰਦਿਆਂ ਆਪਣੀ 100 ਸਾਲ ਦੀ ਬਿਹਾਰੀ ਜ਼ਿੰਦਗੀ ਨੂੰ ਵੇਖਦੇ ਹਨ।

 

20 ਥਾਨ ਕੱਪੜਾ ਬਣ ਗਿਆ ਸਿਰਾਂ ਦੀ ਦਸਤਾਰ

ਗੁਰਮੀਤ ਸਿੰਘ ਸ਼ਾਹਪੁਰੀਆ ਅਤੇ ਰਮਜੀਤ ਸਿੰਘ ਸ਼ਾਹਪੁਰੀਆ ਇਹ 2 ਮੁੰਡੇ ਗੁਰਦਾਸਪੁਰ ਪੰਜਾਬ ਤੋਂ ਪਟਨਾ ਸਾਹਿਬ 20 ਥਾਨ ਪੱਗਾਂ ਸਜਾਉਣ ਲਈ ਕੱਪੜੇ ਲੈ ਕੇ ਪੁੱਜੇ ਹਨ। 1 ਥਾਨ 'ਚ 52 ਮੀਟਰ ਕੱਪੜਾ ਹੁੰਦਾ ਹੈ। ਇੰਝ ਪਿਛਲੇ 2 ਦਿਨਾਂ ਤੋਂ ਦੋਵੇਂ ਨੌਜਵਾਨ ਮੁੰਡੇ 1040 ਮੀਟਰ ਦਸਤਾਰਾਂ ਸੰਗਤ ’ਚ ਆਏ ਚਾਹਵਾਨ ਸ਼ਰਧਾਲੂਆਂ ਨੂੰ ਸਜਾ ਚੁੱਕੇ ਹਨ। ਰਮਜੀਤ ਸਿੰਘ 353ਵੇਂ ਪ੍ਰਕਾਸ਼ ਪੁਰਬ ਮੌਕੇ ਨਿਊਜ਼ੀਲੈਂਡ ਤੋਂ ਆਇਆ ਹੈ। ਦੋਵੇਂ ਨੌਜਵਾਨ ਮਾਣ ਨਾਲ ਦੱਸਦੇ ਹਨ ਕਿ ਉਨ੍ਹਾਂ ਦੀ ਇਸ ਸੇਵਾ ਸਦ ਕੇ ਪਿਛਲੇ 2 ਸਾਲਾਂ 'ਚ 342 ਨੌਜਵਾਨ ਸਾਬਤ ਸੂਰਤ ਹੋਏ ਹਨ।

PunjabKesari

ਵਧਾਈਆਂ ਗੁਰਾਂ ਦੇ ਜਨਮ ਦਿਨ ਦੀਆਂ

‘‘ਦਸਮ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਦੀ ਸਮੂਹ ਸੰਗਤ ਨੂੰ ਲੱਖ-ਲੱਖ ਵਧਾਈ ਹੋਵੇ। ਸਰਬੰਸਦਾਨੀ ਦਸਮ ਪਾਤਸ਼ਾਹ ਦੀ ਪੰਥ ਤੇ ਕੌਮ ਨੂੰ ਦੇਣ ਭੁਲਾਈ ਨਹੀਂ ਜਾ ਸਕਦੀ। ਉਨ੍ਹਾਂ ਨੇ ਜਬਰ ਅਤੇ ਜ਼ੁਲਮ ਖਿਲਾਫ 14 ਜੰਗਾਂ ਲੜੀਆਂ ਤੇ ਜਿੱਤ ਹਾਸਲ ਕੀਤੀ। ਉਨ੍ਹਾਂ ਵੱਲੋਂ ਲੜੀਆਂ ਗਈਆਂ ਜੰਗਾਂ ਕਿਸੇ ਵੀ ਮਜ਼੍ਹਬ ਤੇ ਧਰਮ ਖਿਲਾਫ ਨਹੀਂ ਸਨ। ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ’ਤੇ ਖ਼ਾਲਸੇ ਦੀ ਸਿਰਜਨਾ ਕ੍ਰਾਂਤੀਕਾਰੀ ਕਦਮ ਸੀ। ਉਨ੍ਹਾਂ ਨੇ ਅਮਨ ਭਾਈਚਾਰੇ ਤੇ ਏਕਤਾ ਦਾ ਉਪਦੇਸ਼ ਦਿੱਤਾ।’’:- ਜਥੇਦਾਰ ਸਿੰਘ ਸਾਹਿਬ ਹਰਪ੍ਰੀਤ ਸਿੰਘ,

PunjabKesari

ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ, ਤਖ਼ਤ ਸ੍ਰੀ ਦਮਦਮਾ ਸਾਹਿਬ

‘‘ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸਮੂਹ ਸੰਗਤਾਂ ਨੂੰ ਲੱਖ-ਲੱਖ ਵਧਾਈਆਂ। ਆਓ ਨਿੱਕੇ ਬੱਚਿਆਂ ’ਚ ਉੱਚੀਆਂ ਕਦਰਾਂ ਕੀਮਤਾਂ ਦਾ ਪਸਾਰ ਕਰੀਏ ਅਤੇ ਉਨ੍ਹਾਂ ਨੂੰ ਵੱਡਿਆਂ ਦੇ ਸੰਗ ਕਰਨ ਨੂੰ ਪ੍ਰੇਰਿਤ ਕਰੀਏ। ਕੌਮ ਆਪਣੀਆਂ ਇਤਿਹਾਸਕ ਗਾਥਾਵਾਂ ਨਾਲ ਅੱਗੇ ਵਧਦੀ ਹੈ।’’- ਜਥੇਦਾਰ ਰਣਜੀਤ ਸਿੰਘ ਗੌਹਰ, ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ

‘‘ਹਮ ਇਹ ਕਾਜ ਜਗਤ ਮੇ ਆਏ, ਧਰਮ ਹੇਤ ਗੁਰਦੇਵ ਪਠਾਏ। ਐਸੇ ਦੀਨ ਦਿਆਲ ਸਤਿਗੁਰੂ ਦਸਮੇਸ਼ ਪਿਤਾ ਸਾਹਿਬ-ਏ-ਕਮਾਲ ਸਰਬੰਸਦਾਨੀ ਅੰਮ੍ਰਿਤ ਕੇ ਦਾਤੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਮੁੱਚੇ ਸੰਸਾਰ ਭਰ ਵਿਚ ਵੱਸਦੀਆਂ ਸਮੂਹ ਗੁਰ ਨਾਨਕ ਨਾਮ ਲੇਵਾ ਸੰਗਤਾਂ ਨੂੰ ਬਹੁਤ ਬਹੁਤ ਮੁਬਾਰਕਾਂ। ਸਤਿਗੁਰੂ ਕਲਗੀਧਰ ਪਾਤਸ਼ਾਹ ਰਹਿਮਤ ਕਰਨ, ਸਮੁੱਚੇ ਖ਼ਾਲਸਾ ਪੰਥ ਅੰਦਰ ਏਕਤਾ ਇਤਫ਼ਾਕ ਦੀ ਦਾਤ ਬਖਸ਼ਿਸ਼ ਕਰਨ ਅਤੇ ਆਪਣੇ ਸਾਜੇ ਹੋਏ ਖ਼ਾਲਸਾ ਪੰਥ ਦੀ ਸਦਾ ਚੜ੍ਹਦੀ ਕਲਾ ਕਰਨ। ਸਮੁੱਚੀ ਲੋਕਾਈ ਦੇ ਸਿਰ ’ਤੇ ਸਤਿਗੁਰੂ ਜੀ ਆਪਣਾ ਰਹਿਮਤਾਂ ਭਰਿਆ ਹੱਥ ਰੱਖਣ। ’’:- ਜਥੇਦਾਰ ਰਘਬੀਰ ਸਿੰਘ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ

"ਗੁਰੂ ਸਾਹਿਬ ਦੇ ਦੱਸੇ ਰਸਤੇ ’ਤੇ ਆਓ ਸਭ ਮਿਲ ਕੇ ਚੱਲੀਏ ਅਤੇ ਕੌਮ ਨੂੰ ਵੱਡੇ ਜਜ਼ਬੇ ਤਹਿਤ ਇੱਕਜੁਟ ਕਰੀਏ। ਬਿਹਾਰ ਸਰਕਾਰ ਨੇ ਸਿੱਖ ਭਾਵਨਾਵਾਂ ਨੂੰ ਜੋ ਇੱਜ਼ਤ ਦਿੱਤੀ ਹੈ ਇਹ ਮੌਜੂਦਾ ਸਿਆਸਤ ਵਿਚ ਪਿਆਰੀ ਗੱਲ ਹੈ। ਆਉਣ ਵਾਲੇ ਸਮੇਂ ਵਿਚ ਸ਼੍ਰੋਮਣੀ ਕਮੇਟੀ ਵੀ 100 ਸਾਲ ਦੀ ਹੋ ਰਹੀ ਹੈ। ਇੰਝ ਇਸ ਮੌਕੇ ਸੰਗਤ ਲਈ ਅਜਿਹੇ ਕਾਰਜ ਵਿੱਢੇ ਜਾਣਗੇ, ਜਿਸ ਨਾਲ ਕੌਮ ਹੋਰ ਚੜ੍ਹਦੀਕਲਾ ਵੱਲ ਜਾਵੇ। ਸਾਡੀ ਸਿਰਮੌਰ ਸੰਸਥਾ ਤਖ਼ਤ ਅਕਾਲ ਤਖ਼ਤ ਸਾਹਿਬ ਹੈ ਅਤੇ ਤਖ਼ਤ ਸਾਹਿਬ ਦੀ ਅਗਵਾਈ 'ਚ ਸਿੱਖ ਕੌਮ ਦੇ ਸਾਰੇ ਮਸਲੇ ਸੁਲਝਣ ਅਤੇ ਕੌਮ ’ਚ ਪਿਆਰ ਆਪਸੀ ਮੇਲਜੋਲ ਹੋਰ ਦੂਣਾ ਹੋਏ।’’:- ਭਾਈ ਗੋਬਿੰਦ ਸਿੰਘ ਲੌਗੋਂਵਾਲ, ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ


Related News