353ਵਾਂ ਪ੍ਰਕਾਸ਼ ਪੁਰਬ : ਗੰਗਾ ਕੰਢੇ ਫਿਰ ਤੋਂ ਖਿੱਚ ਦਾ ਕੇਂਦਰ ਬਣੀ ''ਟੈਂਟ ਸਿਟੀ''

Wednesday, Jan 01, 2020 - 06:11 PM (IST)

353ਵਾਂ ਪ੍ਰਕਾਸ਼ ਪੁਰਬ : ਗੰਗਾ ਕੰਢੇ ਫਿਰ ਤੋਂ ਖਿੱਚ ਦਾ ਕੇਂਦਰ ਬਣੀ ''ਟੈਂਟ ਸਿਟੀ''

ਪਟਨਾ ਸਾਹਿਬ (ਹਰਪ੍ਰੀਤ ਸਿੰਘ ਕਾਹਲੋਂ, ਸੰਦੀਪ ਸਿੰਘ) : ਫਿਰ ਤੋਂ ਮੁਹੱਬਤ, ਰੂਹਾਨੀਅਤ ਅਤੇ ਸੇਵਾ ਦੀ ਕਹਾਣੀ ਹਰ ਸਾਲ ਵਾਂਗ ਸ਼ੁਰੂ ਹੋ ਗਈ ਹੈ। ਸੰਗਤਾਂ ਦੇ ਜ਼ਿਕਰ 'ਚ ਫਿਰ ਤੋਂ ਬਿਹਾਰ ਦੀ ਪ੍ਰਾਹੁਣਾਚਾਰੀ ਅਤੇ ਗੁਰੂ ਗੋਬਿੰਦ ਸਿੰਘ ਜੀ ਲਈ ਸ਼ਰਧਾ, ਸੇਵਾ ਸਮਰਪਣ ਦੀਆਂ ਗੱਲਾਂ ਜ਼ੁਬਾਨ 'ਤੇ ਹਨ। ਰਾਤ ਨੂੰ ਗੰਗਾ ਦੇ ਕੰਢੇ ਅਤੇ ਤਖ਼ਤ ਸ੍ਰੀ ਹਰਿਮੰਦਰ ਸਾਹਿਬ ਪਟਨਾ ਵਿਖੇ ਬਹੁਤ ਸਾਰੀਆਂ ਸੰਗਤਾਂ ਨਵੇਂ ਸਾਲ ਦੀ ਆਮਦ ਮੌਕੇ ਸਿਜਦਾ ਕਰਨ ਪਹੁੰਚੀਆਂ ਹਨ। ਕੀਰਤਨ ਦਾ ਪ੍ਰਵਾਹ ਹੈ। ਰੌਣਕ ਬਾਜ਼ਾਰ ਵਿਚ ਸੰਗਤਾਂ ਦਾ ਸੈਲਾਬ ਹੈ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸੰਗਤਾਂ ਪਾਲ਼ੇ ਦੇ ਜ਼ੋਰ ਵਿਚ ਵੀ ਰੂਹਾਨੀਅਤ ਦਾ ਨਿੱਘ ਮਾਣ ਰਹੀਆਂ ਹਨ। ਇਨ੍ਹਾਂ ਤਿੰਨ ਦਿਨਾਂ ਵਿਚ ਪਟਨਾ ਸਾਹਿਬ ਸੌਣ ਵਾਲਾ ਨਹੀਂ ਹੈ।

PunjabKesari

ਗੰਗਾ ਕੰਢੇ ਫਿਰ ਤੋਂ ਖਿੱਚ ਦਾ ਕੇਂਦਰ ਬਣੀ 'ਟੈਂਟ ਸਿਟੀ'
ਟੈਂਟ ਸਿਟੀ ਨੂੰ ਬਣਾਉਣ ਵਾਲੇ ਦਿੱਲੀ ਦੇ ਸ਼ਬਾਬ ਅਹਿਮਦ ਦੀ ਜਾਣਕਾਰੀ ਮੁਤਾਬਕ 4550 ਦੀ ਗਿਣਤੀ ਵਿਚ ਸੰਗਤਾਂ ਟੈਂਟ ਸਿਟੀ ਵਿਖੇ ਪਹੁੰਚ ਗਈਆਂ ਹਨ। ਉਨ੍ਹਾਂ ਮੁਤਾਬਕ ਇਹ ਸੰਭਾਵਨਾ ਹੈ ਕਿ ਕੱਲ ਦੇ ਦਿਨ ਸੰਗਤ ਹੋਰ ਵਧ ਸਕਦੀ ਹੈ ਪਰ ਇਸ ਵਾਰ 5 ਹਜ਼ਾਰ ਦੀ ਸਮਰੱਥਾ ਵਾਲੀ ਟੈਂਟ ਸਿਟੀ ਵਿਚ 1 ਹਜ਼ਾਰ ਦੀ ਸਮਰੱਥਾ ਰੱਖਦੀ ਟੈਂਟ ਸਿਟੀ ਦਾ ਵਧੇਰੇ ਪ੍ਰਬੰਧ ਵੀ ਕੀਤਾ ਗਿਆ ਹੈ ਜੋ ਮੌਕੇ ਮੁਤਾਬਕ ਬਣਾਇਆ ਜਾਵੇਗਾ। ਹਿਤਕਾਰੀ ਪ੍ਰੋਡਕਸ਼ਨ ਐਂਡ ਕ੍ਰਿਏਸ਼ਨ ਵੱਲੋਂ ਬਣਾਈ ਗਈ ਟੈਂਟ ਸਿਟੀ ਵਿਚ 200 ਲੋਕਾਂ ਦੀ ਸਮਰੱਥਾ ਰੱਖਦੀਆਂ 24 ਡੋਰਮੈਟਰੀਆਂ, 15 ਜਣਿਆਂ ਦੀ ਸਮਰੱਥਾ ਵਾਲੇ 8 ਤੰਬੂ, 10 ਜਣਿਆਂ ਦੀ ਸਮਰੱਥਾ ਵਾਲੇ 12 ਤੰਬੂ ਅਤੇ 4 ਜਣਿਆਂ ਦੀ ਸਮਰੱਥਾ ਵਾਲੇ 5 ਤੰਬੂ ਬਣਾਏ ਗਏ ਹਨ। ਟੈਂਟ ਸਿਟੀ ਵਿਚ ਤਿੰਨ ਵੱਡੇ ਲੰਗਰਾਂ ਦਾ ਪ੍ਰਬੰਧ ਵੀ ਹੈ। ਇਸ ਤੋਂ ਇਲਾਵਾ ਸੰਗਤਾਂ ਦੇ ਸਵਾਗਤ ਲਈ ਅਤੇ ਉਨ੍ਹਾਂ ਨੂੰ ਤੰਬੂ ਅਲਾਟ ਕਰਨ ਲਈ ਰਿਸੈਪਸ਼ਨ ਦਾ ਵੱਡਾ ਸੈਂਟਰ ਬਣਾਇਆ ਗਿਆ ਹੈ।

PunjabKesari

ਟੈਂਟ ਸਿਟੀ ਵਿਚ ਫਾਇਰ ਬ੍ਰਿਗੇਡ ਵਿਭਾਗ ਤੋਂ ਲੈ ਕੇ ਸੁਰੱਖਿਆ ਲਈ ਪੁਲਸ ਅਤੇ ਬਾਕੀ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਵੀ ਪੁਖ਼ਤਾ ਇੰਤਜ਼ਾਮ ਕੀਤਾ ਗਿਆ ਹੈ। ਸ਼ਬਾਬ ਅਹਿਮਦ ਮੁਤਾਬਕ ਸੰਗਤਾਂ ਤੋਂ ਇਲਾਵਾ 1000 ਸੇਵਾਦਾਰਾਂ ਲਈ ਡੋਰਮੈਟਰੀ ਅਤੇ ਪੁਲਸ, ਫਾਇਰ ਬ੍ਰਿਗੇਡ ਅਤੇ ਹੋਰ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਰਹਿਣ ਦਾ ਪ੍ਰਬੰਧ ਵੀ ਕੀਤਾ ਗਿਆ ਹੈ। ਟੈਂਟ ਸਿਟੀ ਤੋਂ ਗੁਰਦੁਆਰੇ ਅਤੇ ਹੋਰ ਬਾਹਰੀ ਥਾਵਾਂ 'ਤੇ ਪਹੁੰਚਣ ਲਈ 100 ਈ-ਰਿਕਸ਼ਿਆਂ ਦਾ ਪ੍ਰਬੰਧ ਵੀ ਕੀਤਾ ਗਿਆ ਹੈ ਅਤੇ ਇਸ ਤੋਂ ਇਲਾਵਾ ਟੈਂਟ ਸਿਟੀ ਦੇ ਅੰਦਰ ਹੀ ਇਕ ਥਾਂ ਤੋਂ ਦੂਜੀ ਥਾਂ ਜਾਣ ਲਈ 20 ਈ-ਰਿਕਸ਼ਿਆਂ ਦਾ ਪ੍ਰਬੰਧ ਰੱਖਿਆ ਗਿਆ ਹੈ।

PunjabKesari


author

Anuradha

Content Editor

Related News