ਸਿਵਲ ਹਸਪਤਾਲ ''ਚ ਮਰੀਜ਼ਾਂ ਦਾ ਹੋਵੇਗਾ ਮੁਫਤ ਡਾਇਲਸਿਸ : ਡਾ. ਗੋਇਲ

Sunday, Aug 04, 2024 - 06:13 PM (IST)

ਜੈਤੋ (ਰਘੂਨੰਦਨ ਪਰਾਸ਼ਰ) : ਡਾਇਰੈਕਟਰ ਪੀਐੱਚਡੀ ਐੱਸਸੀ ਡਾ: ਅਨਿਲ ਗੋਇਲ ਨੇ ਸ਼ਨੀਵਾਰ ਸ਼ਾਮ ਸਿਵਲ ਹਸਪਤਾਲ ਫ਼ਰੀਦਕੋਟ ਦਾ ਦੌਰਾ ਕੀਤਾ, ਇਸ ਦੌਰਾਨ ਉਨ੍ਹਾਂ ਨੇ ਵਾਰਡਾਂ ਤੋਂ ਇਲਾਵਾ ਡਾਇਲਸਿਸ ਯੂਨਿਟ ਦਾ ਵਿਸ਼ੇਸ਼ ਨਿਰੀਖਣ ਕੀਤਾ | ਉਨ੍ਹਾਂ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਹੰਸ ਫਾਊਂਡੇਸ਼ਨ ਦੇ ਸਹਿਯੋਗ ਨਾਲ ਸਿਵਲ ਹਸਪਤਾਲ ਫਰੀਦਕੋਟ ਦੇ ਡਾਇਲਸਿਸ ਯੂਨਿਟ ਨੂੰ 3 ਹੋਰ ਮਸ਼ੀਨਾਂ ਮਿਲੀਆਂ ਹਨ ਜੋ ਪਹਿਲਾਂ ਸਿਰਫ ਇਕ ਮਸ਼ੀਨ ਸੀ। ਉਨ੍ਹਾਂ ਦੱਸਿਆ ਕਿ ਇਸ ਬਿਮਾਰੀ ਤੋਂ ਪੀੜਤ ਲੋੜਵੰਦ ਮਰੀਜ਼ਾਂ ਦਾ ਡਾਇਲਸਿਸ ਬਿਲਕੁਲ ਮੁਫ਼ਤ ਕੀਤਾ ਜਾਵੇਗਾ। ਇਹ ਸਹੂਲਤ ਮਿਲਣ ਨਾਲ ਇਲਾਕੇ ਦੇ ਲੋਕਾਂ ਨੂੰ ਕਾਫੀ ਫਾਇਦਾ ਹੋਵੇਗਾ। ਉਨ੍ਹਾਂ ਇਹ ਵੀ ਭਰੋਸਾ ਦਿੱਤਾ ਕਿ ਭਵਿੱਖ ਵਿੱਚ ਵੀ ਮਰੀਜ਼ਾਂ ਦੀ ਸਹੂਲਤ ਲਈ ਹਰ ਤਰ੍ਹਾਂ ਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ। 

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਦੇ ਨੇੜੇ ਮਿਆਰੀ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਹਰ ਸੰਭਵ ਯਤਨ ਕਰ ਰਹੀ ਹੈ। ਸਿਵਲ ਹਸਪਤਾਲ ਵਿੱਚ ਇਲਾਜ ਅਤੇ ਸਾਫ਼-ਸਫ਼ਾਈ ਦੇ ਪ੍ਰਬੰਧਾਂ ’ਤੇ ਤਸੱਲੀ ਦਾ ਪ੍ਰਗਟਾਵਾ ਕਰਦਿਆਂ ਐੱਸਐੱਮਓ ਡਾ.ਵਿਸ਼ਵਦੀਪ ਗੋਇਲ ਸਮੇਤ ਸਮੂਹ ਡਾਕਟਰਾਂ ਤੇ ਸਟਾਫ਼ ਨੇ ਵੀ ਉਤਸ਼ਾਹ ਜ਼ਾਹਰ ਕੀਤਾ। ਦੌਰੇ ਤੋਂ ਬਾਅਦ ਡਾਇਰੈਕਟਰ ਡਾ: ਅਨਿਲ ਗੋਇਲ ਨੇ ਜ਼ਿਲ੍ਹੇ ਦੇ ਡੀਐੱਮਸੀ ਡਾ: ਜੋਤੀ, ਐਪੀਡੀਮੋਲੋਜਿਸਟ ਡਾ. ਹਿਮਾਸ਼ੂ ਗੁਪਤਾ ਨੇ ਡਾ: ਸਿਵਲ ਸਰਜਨ ਫ਼ਰੀਦਕੋਟ ਦੇ ਦਫ਼ਤਰ ਵਿਖੇ ਪਾਣੀ ਤੋਂ ਪੈਦਾ ਹੋਣ ਵਾਲੀਆਂ ਅਤੇ ਵੈਕਟਰ ਬੋਰਨ ਬਿਮਾਰੀਆਂ ਸਬੰਧੀ ਦੀਪਤੀ ਅਰੋੜਾ ਅਤੇ ਸਮੂਹ ਐੱਸ.ਐੱਮ.ਓ ਨਾਲ ਮੀਟਿੰਗ ਵੀ ਕੀਤੀ ਅਤੇ ਮੀਟਿੰਗ ਦੌਰਾਨ ਇਨ੍ਹਾਂ ਬਿਮਾਰੀਆਂ ਦੀ ਰੋਕਥਾਮ ਲਈ ਹੁਣ ਤੱਕ ਕੀਤੇ ਗਏ ਉਪਰਾਲਿਆਂ ਅਤੇ ਪ੍ਰਬੰਧਾਂ ਬਾਰੇ ਜਾਣਕਾਰੀ ਦਿੱਤੀ | ਗਰਮੀ ਅਤੇ ਬਰਸਾਤ ਦੇ ਮੌਸਮ ਕਾਰਨ ਦੂਸ਼ਿਤ ਪਾਣੀ ਅਤੇ ਮੱਖੀਆਂ ਅਤੇ ਮੱਛਰਾਂ ਕਾਰਨ ਬਿਮਾਰੀਆਂ ਦਾ ਡਰ ਵੱਧ ਜਾਂਦਾ ਹੈ। ਇਸ ਲਈ ਆਮ ਲੋਕਾਂ ਨੂੰ ਡਾਇਰੀਆ, ਹੈਜ਼ਾ, ਪੀਲੀਆ, ਡੇਂਗੂ ਅਤੇ ਮਲੇਰੀਆ ਬੁਖਾਰ ਵਰਗੀਆਂ ਬਿਮਾਰੀਆਂ ਤੋਂ ਬਚਾਉਣ ਲਈ ਜਾਗਰੂਕਤਾ ਗਤੀਵਿਧੀਆਂ, ਘਰ-ਘਰ ਜਾ ਕੇ ਸਰਵੇਖਣ, ਲਾਰਵੀਸਾਈਡ ਦਾ ਛਿੜਕਾਅ ਅਤੇ ਪਾਣੀ ਦੇ ਸੈਂਪਲ ਟੈਸਟ ਲਈ ਭੇਜਣਾ ਵੀ ਯਕੀਨੀ ਬਣਾਉਣਾ ਚਾਹੀਦਾ ਹੈ। ਇਹ ਵੀ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ ਕਿ ਕਿਸੇ ਵੀ ਵਿਅਕਤੀ ਨੂੰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਿਲ ਦਰਪੇਸ਼ ਨਾ ਆਵੇ। 

ਮੀਡੀਆ ਰਾਹੀਂ ਸਮੂਹ ਪੰਜਾਬੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਸਾਵਧਾਨੀਆਂ ਵਰਤ ਕੇ ਇਨ੍ਹਾਂ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ, ਇਸ ਲਈ ਗਰਮੀਆਂ ਦੀ ਬਰਸਾਤ ਦੇ ਮੌਸਮ ਵਿੱਚ ਪਾਣੀ ਨੂੰ ਉਬਾਲ ਕੇ ਪੀਣਾ ਚਾਹੀਦਾ ਹੈ। ਦਸਤ, ਹੈਜ਼ਾ, ਪੀਲੀਆ, ਡੇਂਗੂ ਅਤੇ ਮਲੇਰੀਆ ਬੁਖਾਰ ਤੋਂ ਬਚਣ ਲਈ ਫਲਾਂ ਅਤੇ ਸਬਜ਼ੀਆਂ ਨੂੰ ਵਰਤੋਂ ਤੋਂ ਪਹਿਲਾਂ ਸਾਫ਼ ਕਰਨ ਲਈ ਪਾਣੀ ਵਿਚ ਭਿਉਂ ਕੇ ਰੱਖਣਾ ਚਾਹੀਦਾ ਹੈ, ਭੋਜਨ ਢੱਕ ਕੇ ਰੱਖਣਾ ਚਾਹੀਦਾ ਹੈ, ਬਿਹੇ ਭੋਜਨ ਦੀ ਵਰਤੋਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਘਰ ਅਤੇ ਆਲੇ-ਦੁਆਲੇ ਨੂੰ ਸਾਫ਼-ਸੁਥਰਾ ਰੱਖਣ ਦੇ ਨਾਲ-ਨਾਲ ਹਰ ਹਫ਼ਤੇ ਡਰਾਈ ਡੇਅ ਮਨਾਇਆ ਜਾਣਾ ਚਾਹੀਦਾ ਹੈ ਤਾਂ ਜੋ ਮਲੇਰੀਆ ਅਤੇ ਡੇਂਗੂ ਦੇ ਲਾਰਵੇ ਨੂੰ ਪੂਰੀ ਤਰ੍ਹਾਂ ਮੱਛਰਾਂ ਦੇ ਪੈਦਾ ਹੋਣ ਤੋਂ ਪਹਿਲਾਂ ਹੀ ਖ਼ਤਮ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਨਰੋਏ ਸਮਾਜ ਦੀ ਸਿਰਜਣਾ ਵਿੱਚ ਸਰਕਾਰ ਦਾ ਸਾਥ ਦੇਣਾ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ।


Baljit Singh

Content Editor

Related News