ਘਰੇਲੂ ਇਕਾਂਤਵਾਸ ''ਚ ਤਕਰੀਬਨ 47,502 ਮਰੀਜ਼ ਸਿਹਤਯਾਬ ਹੋਏ : ਬਲਬੀਰ ਸਿੱਧੂ

Wednesday, Sep 30, 2020 - 03:46 PM (IST)

ਚੰਡੀਗੜ੍ਹ (ਸ਼ਰਮਾ) : ਲੋਕਾਂ ਨੂੰ ਕੋਰੋਨਾ ਟੈਸਟ ਲਈ ਅੱਗੇ ਆਉਣ ਅਤੇ ਘਰੇਲੂ ਇਕਾਂਤਵਾਸ 'ਚ ਕੋਵਿਡ-19 ਸਬੰਧੀ ਇਲਾਜ ਕਰਵਾਉਣ ਲਈ ਉਤਸ਼ਾਹਿਤ ਕਰਦਿਆਂ ਪੰਜਾਬ ਸਰਕਾਰ ਨੇ ਬਜ਼ੁਰਗਾਂ ਅਤੇ ਸਹਿ-ਰੋਗ ਵਾਲੇ ਵਿਅਕਤੀਆਂ ਨੂੰ ਮੈਡੀਕਲ ਪ੍ਰੋਟੋਕੋਲ ਦੇ ਅਨੁਸਾਰ ਘਰੇਲੂ ਇਕਾਂਤਵਾਸ ਦੀ ਚੋਣ ਕਰਨ ਦੀ ਇਜਾਜ਼ਤ ਦੇ ਕੇ ਘਰੇਲੂ ਇਕਾਂਤਵਾਸ ਨੂੰ ਕਾਫ਼ੀ ਸੁਖਾਲਾ ਬਣਾ ਦਿੱਤਾ ਹੈ। ਸੂਬੇ 'ਚ ਹੁਣ ਤਕ ਤਕਰੀਬਨ 47, 502 ਮਰੀਜ਼ ਸਿਹਤਯਾਬ ਹੋਏ ਹਨ ਅਤੇ 10,006 ਘਰੇਲੂ ਇਕਾਂਤਵਾਸ ਅਧੀਨ ਹਨ। ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਸੂਬਾ ਕੋਰੋਨਾ ਵਾਇਰਸ ਦੇ ਫੈਲਾਅ 'ਤੇ ਕਾਬੂ ਪਾਉਣ ਲਈ ਵਧੀਆ ਕੰਮ ਕਰ ਰਿਹਾ ਹੈ ਅਤੇ ਮਰੀਜ਼ਾਂ ਦੇ ਠੀਕ ਹੋਣ ਦੀ ਦਰ 81 ਫੀਸਦੀ ਤਕ ਪਹੁੰਚ ਗਈ ਹੈ। ਕੋਵਿਡ-19 ਦੇ ਮਾਮਲਿਆਂ 'ਚ 19 ਸਤੰਬਰ ਤੋਂ ਨਿਰੰਤਰ ਗਿਰਾਵਟ ਦਰਜ ਕੀਤੀ ਗਈ ਹੈ ਜੋ 2696 ਤੋਂ ਘਟ ਕੇ 21 ਸਤੰਬਰ ਨੂੰ 1411, 24 ਸਤੰਬਰ ਨੂੰ 1711, 28 ਸਤੰਬਰ ਨੂੰ 1269 ਅਤੇ 29 ਸਤੰਬਰ ਨੂੰ 1100 ਰਹਿ ਗਏ।
ਸਿੱਧੂ ਨੇ ਕਿਹਾ ਕਿ ਨਮੂਨੇ ਲੈਣ ਦੀ ਪ੍ਰਕਿਰਿਆ ਨੂੰ ਆਸਾਨ ਅਤੇ ਮੁਸ਼ਕਿਲ ਰਹਿਤ ਬਣਾਉਣ ਲਈ ਸਾਰੀਆਂ ਸਰਕਾਰੀ ਸਿਹਤ ਸੰਸਥਾਵਾਂ ਵਿਚ ਵਾਕ-ਇਨ ਟੈਸਟਿੰਗ ਕਾਰਨਰ ਸਥਾਪਤ ਕੀਤੇ ਗਏ ਹਨ ਅਤੇ ਇਹ ਹਦਾਇਤ ਕੀਤੀ ਗਈ ਹੈ ਕਿ ਟੈਸਟਿੰਗ ਲਈ ਆਉਣ ਵਾਲੇ ਕਿਸੇ ਵੀ ਵਿਅਕਤੀ ਲਈ ਉਡੀਕ ਦਾ ਸਮਾਂ 15 ਮਿੰਟ ਤੋਂ ਵੱਧ ਨਹੀਂ ਹੋਣਾ ਚਾਹੀਦਾ। ਉਨ੍ਹਾਂ ਦੱਸਿਆ ਕਿ ਸੂਬੇ 'ਚ ਹੁਣ ਤਕ 18,10,086 ਕੋਰੋਨਾ ਟੈਸਟ ਕੀਤੇ ਗਏ ਹਨ ਅਤੇ ਮੌਜੂਦਾ ਸਮੇਂ ਸਿਰਫ਼ 16,824 ਐਕਟਿਵ ਕੇਸ ਹਨ।    

ਇਹ ਵੀ ਪੜ੍ਹੋ : ਕੈਪਟਨ ਦਾ ਖੇਤੀ ਬਿੱਲਾਂ ਨੂੰ ਕੋਰਟ 'ਚ ਲਿਜਾਣ ਦਾ ਐਲਾਨ ਕਿਸਾਨਾਂ ਨਾਲ ਇੱਕ ਵੱਡਾ ਧੋਖਾ : ਚੀਮਾ

ਹੁਣ ਤੱਕ 158 ਦੀ ਹੋ ਚੁੱਕੀ ਮੌਤ
ਚੰਡੀਗੜ੍ਹ 'ਚ ਬੀਤੇ ਦਿਨੀਂ 5 ਪਾਜ਼ੇਟਿਵ ਮਰੀਜ਼ਾਂ ਦੀ ਮੌਤ ਵੀ ਹੋਈ ਹੈ। ਇਨ੍ਹਾਂ 'ਚ 4 ਪੁਰਸ਼ ਅਤੇ 1 ਔਰਤ ਸ਼ਾਮਲ ਹੈ। ਸੈਕਟਰ-18 ਤੋਂ 92 ਸਾਲਾ ਬਜ਼ੁਰਗ ਦੀ ਮੌਤ ਹੋਈ ਹੈ। ਮਰੀਜ਼ ਟਾਈਪ-2 ਡਾਇਬਿਟੀਜ਼ ਅਤੇ ਹਾਈਪ੍ਰਟੈਂਸ਼ਨ ਦਾ ਸ਼ਿਕਾਰ ਸੀ। ਨਾਲ ਹੀ ਉਸ ਨੂੰ ਦਿਲ ਦੀ ਬੀਮਾਰੀ ਵੀ ਸੀ। ਸੈਕਟਰ-40 ਤੋਂ 80 ਸਾਲਾ ਬਜ਼ੁਰਗ ਔਰਤ ਦੀ ਮੌਤ ਹੋਈ ਹੈ। ਔਰਤ ਨੂੰ ਵੀ ਟਾਈਪ-2 ਡਾਇਬਿਟੀਜ਼ ਅਤੇ ਹਾਈਪ੍ਰਟੈਂਸ਼ਨ ਸੀ। ਕਜੇਹੜੀ ਤੋਂ 43 ਸਾਲਾ ਵਿਅਕਤੀ ਨੂੰ ਵੀ ਟਾਈਪ-2 ਡਾਇਬਿਟੀਜ਼ ਅਤੇ ਹਾਈਪ੍ਰਟੈਂਸ਼ਨ ਦੇ ਨਾਲ-ਨਾਲ ਕਿਡਨੀ 'ਚ ਪ੍ਰੇਸ਼ਾਨੀ ਸੀ। ਬਾਪੂਧਾਮ ਤੋਂਂ 75 ਸਾਲਾ ਬਜ਼ੁਰਗ ਨੂੰ ਡਾਇਬਿਟੀਜ਼ ਅਤੇ ਹਾਈਪ੍ਰਟੈਂਸ਼ਨ ਸੀ। ਰਾਮਦਰਬਾਰ ਤੋਂ 45 ਸਾਲਾ ਵਿਅਕਤੀ ਨੂੰ ਡਾਇਬਿਟੀਜ਼ ਸੀ। ਸ਼ਹਿਰ ਵਿਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ ਹੁਣ 158 ਹੋ ਗਈ ਹੈ।

ਇਹ ਵੀ ਪੜ੍ਹੋ : ਦਰੱਖਤ ਨਾਲ ਫਾਹ ਲੈ ਕੇ ਵਿਅਕਤੀ ਨੇ ਦਿੱਤੀ ਜਾਨ, ਨਹੀਂ ਹੋ ਸਕੀ ਪਛਾਣ


Anuradha

Content Editor

Related News