ਭਾਰੀ ਗਰਮੀ ’ਚ ਵੀ ਮੈਡੀਕਲ ਅਤੇ ਆਰਥੋ ਵਾਰਡ ਦੇ ਮਰੀਜ਼ਾਂ ਨੂੰ ਨਹੀਂ ਨਸੀਬ ਹੋ ਰਿਹਾ ਸਾਫ ਪੀਣ ਵਾਲਾ ਪਾਣੀ

Friday, Aug 03, 2018 - 02:54 AM (IST)

ਭਾਰੀ ਗਰਮੀ ’ਚ ਵੀ ਮੈਡੀਕਲ ਅਤੇ ਆਰਥੋ ਵਾਰਡ ਦੇ ਮਰੀਜ਼ਾਂ ਨੂੰ ਨਹੀਂ ਨਸੀਬ ਹੋ ਰਿਹਾ ਸਾਫ ਪੀਣ ਵਾਲਾ ਪਾਣੀ

ਮੋਗਾ(ਸੰਦੀਪ ਸ਼ਰਮਾ)- ਸੂਬੇ ’ਚ ਵੱਖ-ਵੱਖ  ਪਾਰਟੀਆਂ ਨਾਲ ਸਬੰਧਤ ਰਾਜਨੀਤੀ ’ਤੇ ਕਾਬਿਜ਼ ਹੋਣ ਵਾਲੀਆਂ ਸਮੇਂ-ਸਮੇਂ ਦੀਆਂ ਸਰਕਾਰਾਂ  ਸੂਬੇ ਵਿਚ ਮੁੱਢਲੀਆਂ ਲੋਡ਼ਾਂ ਜਿਨ੍ਹਾਂ ’ਚ ਸਿਹਤ ਸਹੂਲਤਾਂ ਮੁੱਖ ਹਨ, ਲੋਕਾਂ ਤੱਕ ਪਹੁੰਚਾਉਣ ਦੇ ਵੱਡੇ-ਵੱਡੇ ਦਾਅਵੇ ਤਾਂ ਕਰਦੀਆਂ ਹਨ ਪਰ ਜੇ ਸੂਬੇ ਦੇ ਜ਼ਿਆਦਾਤਰ ਸਰਕਾਰੀ ਹਸਪਤਾਲਾਂ ’ਚ ਜ਼ਮੀਨੀ ਹਕੀਕਤ ਵੱਲ ਨਜ਼ਰ ਮਾਰੀ ਜਾਵੇ ਤਾਂ ਇਹ ਦਾਅਵੇ ਸਿਰੇ ਤੋਂ ਖੋਖਲੇ ਹੀ ਜਾਪਦੇ ਹਨ, ਜਿਸਦਾ ਉਦਾਹਰਨ ਜ਼ਿਲਾ ਪੱਧਰੀ ਸਿਵਲ ਹਸਪਤਾਲ ਵਿਚ ਦੇਖਿਆ ਜਾ ਸਕਦਾ ਹੈ, ਜਿੱਥੇ ਵੱਖ-ਵੱਖ ਵਾਰਡਾਂ ’ਚ ਦਾਖਲ ਮਰੀਜ਼ਾਂ ਨੂੰ ਮੁੱਢਲੀਆਂ ਸਹੂਲਤਾਂ ਹਾਸਲ ਕਰਨ ਲਈ ਵੀ ਤਰਲੋ-ਮੱਛੀ ਹੋਣਾ ਪੈ ਰਿਹਾ ਹੈ। ਪਰ ਇਸ ਦੇ ਬਾਵਜੂਦ ਵੀ ਉਹ ਮੁੱਢਲੀਆਂ ਸਹੂਲਤਾਂ ਹਾਸਲ ਕਰਨ ਵਿਚ ਅਸਫਲ ਦਿਸ ਰਹੇ ਹਨ। ਵਾਰਡਾਂ ਦੇ ਵਾਟਰ ਕੂਲਰ ਵੀ ਸ਼ੁੱਧ ਪੀਣ ਯੋਗ ਪਾਣੀ ਦੇਣ ’ਚ ਹੈ ਅਸਮਰਥ : ਹਸਪਤਾਲ ਦੇ ਆਰਥੋ ਵਾਰਡ ਅਤੇ ਤੀਸਰੀ ਮੰਜ਼ਿਲ ’ਤੇ ਸਥਿਤ ਮੈਡੀਕਲ ਵਾਰਡ ਦੇ ਪ੍ਰਬੰਧਨ ਲਈ ਲਾਏ ਗਏ ਵਾਟਰ ਕੂਲਰ ਵੀ ਇਨ੍ਹਾਂ ਵਾਰਡਾਂ ’ਚ  ਦਾਖਲ ਮਰੀਜ਼ਾਂ ਨੂੰ ਪੀਣ ਯੋਗ ਸ਼ੁੱਧ ਪਾਣੀ ਦੇਣ ਵਿਚ  ਅਸਮਰਥ ਹਨ, ਜਿਸ ਕਰ ਕੇ ਇਨ੍ਹਾਂ ਵਾਰਡਾਂ ’ਚ  ਗੰਭੀਰ ਹਾਲਤ ’ਚ  ਦਾਖਲ ਮਰੀਜ਼ਾਂ ਨੂੰ ਭਾਰੀ ਪਰੇਸ਼ਾਨੀ ਝੱਲਣੀ ਪੈ ਰਹੀ ਹੈ। ਕਿਸੇ ਮਰੀਜ਼ ਦੀ ਦੇਖਭਾਲ ਕਰਨ ਲਈ ਪਰਿਵਾਰ ਦੀ ਅੌਰਤ ਹੀ ਇੱਕਲੀ ਹਸਪਤਾਲ ਹੁੰਦੀ ਹੈ ਅਤੇ ਉਸਨੂੰ ਹੀ ਕਈ-ਕਈ ਵਾਰ ਦੇਰ ਰਾਤ ਨੂੰ ਹਸਪਤਾਲ ਦੀ ਤੀਸਰੀ ਮੰਜ਼ਿਲ ਤੋਂ ਸਭ ਤੋਂ ਹੇਠਲੀ ਮੰਜ਼ਿਲ ’ਤੇ ਆ ਕੇ ਅਾਪਣੇ ਬੀਮਾਰ ਰਿਸ਼ਤੇਦਾਰ ਲਈ ਪੀਣ ਵਾਲੇ ਪਾਣੀ ਦਾ ਜੁਗਾਡ਼ ਕਰਨਾ ਪੈਂਦਾ ਹੈ।
ਖਰਾਬ ਪੱਖੇ ਠੀਕ ਕਰਵਾਉਣ ਤੇ ਪੁਰਾਣੇ ਪੱਖਿਆਂ ਨੂੰ ਬਦਲਾਉਣ ਅਧਿਕਾਰੀ
ਇਨ੍ਹਾਂ ਵਾਰਡਾਂ ’ਚ ਦਾਖਲ ਮਰੀਜ਼ਾਂ ਨੂੰ ਪਾਣ ਵਾਲੇ ਪਾਣੀ ਦੀ ਸਮੱਸਿਆ ਦੇ ਨਾਲ-ਨਾਲ ਝੁਲਸਾਅ ਦੇਣ ਵਾਲੀ ਗਰਮੀ ਤੋਂ ਰਾਹਤ ਦੇਣ ਲਈ ਲਾਏ ਗਏ ਪੱਖੇ ਵੀ ਬਹੁਤ ਹੀ ਘੱਟ ਸਪੀਡ ਤੇ ਚੱਲਦੇ ਹਨ ਜੋ ਮਰੀਜ਼ਾਂ ਨੂੰ ਹੁੰਮਸ ਭਰੀ ਗਰਮੀ ਤੋਂ ਰਾਹਤ ਦਿਵਾਉਣ ਵਿਚ ਅਸਮਰਥ ਹਨ। ਆਰਥੋ ਵਾਰਡ ’ਚ ਕਮਰਿਆਂ ਦੇ ਦੋ ਪੱਖੇ ਖਰਾਬ ਹੋਣ ਕਰ ਕੇ ਮਰੀਜ਼ਾਂ ਨੂੰ ਅਾਪਣੇ ਬੈੱਡ ਹੀ ਆਸੇ-ਪਾਸੇ ਕਰ ਕੇ ਵਕਤ ਲੰਘਾਉਣਾ ਪੈ ਰਿਹਾ ਹੈ। ਇਹੀਂ ਨਹੀਂ ਮਰੀਜ਼ਾਂ ਨੂੰ ਅਾਪਣੇ ਘਰਾਂ ਤੋਂ ਨਿੱਜੀ ਤੌਰ ’ਤੇ ਪੱਖੇ ਮੰਗਵਾ ਕੇ ਗਰਮੀ ਤੋਂ ਰਾਹਤ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
 ਮਰੀਜ਼ਾਂ ਨੇ ਕੀਤੀ ਖਰਾਬ ਵਾਟਰ ਕੂਲਰ ਅਤੇ ਪੱਖੇ ਠੀਕ ਕਰਵਾਉਣ ਦੀ ਮੰਗ 
ਹਸਪਤਾਲ ਦੇ ਆਰਥੋ ਅਤੇ ਮੈਡੀਕਲ ਵਾਰਡ ’ਚ ਦਾਖਲ ਮਰੀਜ਼ਾਂ ਰੁਲਦੂ ਸਿੰਘ ਵਾਸੀ ਮੋਗਾ, ਜਸਵੀਰ ਸਿੰਘ, ਜੱਜ ਸਿੰਘ ਵਾਸੀ ਮੱਖੂ ਅਤੇ ਵਾਰਡਾਂ ਵਿਚ ਮੌਜੂਦ ਉਨ੍ਹਾਂ ਦੇ ਰਿਸ਼ਤੇਦਾਰਾਂ ਨੇ ਹਸਪਤਾਲ ਪ੍ਰਬੰਧਕਾਂ ਨੂੰ ਅੱਜ-ਕੱਲ ਪੈ ਰਹੀ ਭਾਰੀ ਗਰਮੀ ਨੂੰ ਵੇਖਦੇ ਹੋਏ ਇਨ੍ਹਾਂ ਵਾਰਡਾਂ ’ਚ ਖਰਾਬ ਪਏ ਅਤੇ ਪੂਰੀ ਸਪੀਡ ਨਾਲ ਨਾ ਚਲਣ ਵਾਲੇ ਪੱਖਿਆਂ ਦੀ ਜਲਦੀ ਤੋਂ ਜਲਦੀ ਮੁਰੰਮਤ ਕਰਵਾਉਣ ਦੀ ਮੰਗ  ਕੀਤੀ ਹੈ। ਉਨ੍ਹਾਂ ਕਿਹਾ ਕਿ ਉਹ ਤਾਂ ਸਰਕਾਰਾਂ ਦੇ ਸਰਕਾਰੀ ਹਸਪਤਾਲਾਂ ’ਚ ਸਹੂਲਤਾਂ ਸਬੰਧੀ  ਦਾਅਵੇ ਤੋਂ ਪ੍ਰਭਾਵਿਤ ਹੋ ਕੇ ਸਰਕਾਰੀ ਹਸਪਤਾਲ ਅਾਪਣੇ ਇਲਾਜ ਲਈ ਆਏ ਸਨ ਪਰ ਇੱਥੇ ਹਾਲਾਤ ਬਿਲਕੁਲ ਉਲਟ ਹਨ।
ਪਹਿਲ ਦੇ ਆਧਾਰ ’ਤੇ ਕਰਵਾਈ ਜਾਵੇਗੀ ਖਰਾਬ ਪੱਖੇ ਅਤੇ ਵਾਟਰ ਕੂਲਰਾਂ ਦੀ ਰੀਪੇਅਰ : ਡਾ. ਅੱਤਰੀ
ਮਰੀਜ਼ਾਂ ਦੀਆਂ ਸਮੱਸਿਆਵਾਂ ਬਾਰੇ ਜਦੋਂ ‘ਜਗ ਬਾਣੀ’  ਨੇ ਸਿਵਲ ਹਸਪਤਾਲ ਦੇ ਐੱਸ. ਐੱਮ. ਓ. ਡਾ. ਰਾਜੇਸ਼ ਅੱਤਰੀ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਉਹ ਮਰੀਜ਼ਾਂ ਦੀ ਸਹੂਲਤ ਨੂੰ ਵੇਖਦੇ ਹੋਏ ਤੁਰੰਤ ਪਹਿਲ ਦੇ ਆਧਾਰ ’ਤੇ ਵਾਟਰ ਕੂਲਰ ਅਤੇ ਖਰਾਬ ਪੱਖੇ ਠੀਕ ਕਰਵਾ ਕੇ ਲਵਾਉਣਗੇ। ਉਨ੍ਹਾਂ ਕਿਹਾ ਕਿ ਵੈਸੇ ਤਾਂ ਹਸਪਤਾਲ ’ਚ ਹਰ ਪਾਸੇ ਸਮਾਜ ਸੇਵੀ ਸੰਸਥਾਵਾਂ  ਵੱਲੋਂ ਮਰੀਜ਼ਾਂ ਦੀ ਸਹੂਲਤ ਲਈ ਵਾਟਰ ਕੂਲਰ ਲਵਾਏ ਗਏ ਹਨ। ਉਨ੍ਹਾਂ ਕਿਹਾ ਕਿ ਉਹ ਸਫਾਈ ਕਰਮਚਾਰੀਆਂ ਨੂੰ ਵੀ ਡਿਉਟੀ ਦੌਰਾਨ ਵਧੀਆ ਢੰਗ ਨਾਲ ਸਫਾਈ ਕਰਨ ਦੇ ਨਿਰਦੇਸ਼ ਜਾਰੀ ਕਰਨਗੇ।


Related News