ਅਹਿਮ ਫੈਸਲਾ : ਪਟਿਆਲਾ 'ਚ ਹੁਣ ਸਵੇਰੇ 7 ਤੋਂ ਸ਼ਾਮ 6 ਵਜੇ ਤੱਕ ਖੁੱਲ੍ਹਣਗੀਆਂ ਦੁਕਾਨਾਂ

Saturday, May 16, 2020 - 11:45 AM (IST)

ਅਹਿਮ ਫੈਸਲਾ : ਪਟਿਆਲਾ 'ਚ ਹੁਣ ਸਵੇਰੇ 7 ਤੋਂ ਸ਼ਾਮ 6 ਵਜੇ ਤੱਕ ਖੁੱਲ੍ਹਣਗੀਆਂ ਦੁਕਾਨਾਂ

ਪਟਿਆਲਾ/ਸਨੌਰ (ਜੋਸਨ, ਰਾਜੇਸ਼): ਜ਼ਿਲਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਪਟਿਆਲਾ ਕੁਮਾਰ ਅਮਿਤ ਨੇ ਪਟਿਆਲਾ ਜ਼ਿਲੇ ਦੀ ਹਦੂਦ ਅੰਦਰ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਲਾਗੂ ਕਰਫਿਊ 'ਚ ਛੋਟਾਂ ਦੇਣ ਦੇ 11 ਮਈ ਅਤੇ 13 ਮਈ ਦੇ ਹੁਕਮਾਂ ਵਿਚ ਸੋਧ ਕਰਦਿਆਂ ਜ਼ਰੂਰੀ ਕਰਾਰ ਦਿੱਤੀਆਂ ਦਰਜਨ ਦੇ ਕਰੀਬ ਵਸਤਾਂ ਅਤੇ ਸੇਵਾਵਾਂ ਦੀਆਂ ਦੁਕਾਨਾਂ ਨੂੰ ਖੋਲ੍ਹਣ ਦੇ ਸਮੇਂ 'ਚ ਵਾਧਾ ਕੀਤਾ ਹੈ। ਬਾਜ਼ਾਰਾਂ ਵਿਚ ਹੁਣ ਇਹ ਦੁਕਾਨਾਂ ਸਵੇਰੇ 7 ਤੋਂ ਸ਼ਾਮ 6 ਵਜੇ ਤੱਕ ਖੁੱਲ੍ਹੀਆਂ ਰਹਿਣਗੀਆਂ, ਜਦੋਂਕਿ ਘਰ-ਘਰ ਸਪਲਾਈ ਦੇ ਹੁਕਮ ਪਹਿਲਾਂ ਵਾਂਗ ਹੀ ਜਾਰੀ ਰਹਿਣਗੇ ਪਰ ਇਹ ਹੁਕਮ ਹਾਟ ਸਪਾਟ ਅਤੇ ਕਨਟੋਨਮੈਂਟ ਜ਼ੋਨ ਵਿਚ ਲਾਗੂ ਨਹੀਂ ਹੋਣਗੇ। ਜਦੋਂਕਿ ਸ਼ਰਾਬ ਦੇ ਠੇਕਿਆਂ 'ਤੇ ਵਿਕਰੀ ਦਾ ਸਮਾਂ ਵੀ ਬਦਲ ਕੇ ਸਵੇਰੇ 10 ਤੋਂ ਸ਼ਾਮ 8 ਵਜੇ ਤਕ ਕੀਤਾ ਗਿਆ ਹੈ।

ਇਹ ਵੀ ਪੜ੍ਹੋ: ਪਟਿਆਲਾ: ਕੋਰੋਨਾ 'ਤੇ ਢਾਈ ਸਾਲਾ ਬੱਚੀ ਸਮੇਤ 34 ਵਿਅਕਤੀਆਂ ਨੇ ਕੀਤੀ ਫਤਿਹ ਹਾਸਲ

ਇਨ੍ਹਾਂ ਹੁਕਮਾਂ ਵਿਚ ਰੈਸਟੋਰੈਂਟਸ, ਖਾਣ ਵਾਲੀਆਂ ਵਸਤਾਂ ਦੀਆਂ ਦੁਕਾਨਾਂ, ਹਲਵਾਈਆਂ, ਆਈਸ ਕਰੀਮ ਅਤੇ ਜੂਸ ਦੀਆਂ ਦੁਕਾਨਾਂ ਨੂੰ ਵੀ ਖਾਣ-ਪੀਣ ਦਾ ਸਮਾਨ ਘਰ-ਘਰ ਪਹੁੰਚਾਉਣ ਲਈ ਸਵੇਰੇ 7 ਤੋਂ ਸ਼ਾਮ 6 ਵਜੇ ਤਕ ਖੋਲ੍ਹਣ ਦੀ ਇਜਾਜ਼ਤ ਦਿੱਤੀ ਹੈ ਪਰ ਇਨ੍ਹਾਂ ਥਾਵਾਂ 'ਤੇ ਬੈਠ ਕੇ ਖਾਣ-ਪੀਣ ਦੀ ਇਜਾਜ਼ਤ ਨਹੀਂ ਅਤੇ ਇਨ੍ਹਾਂ ਵੱਲੋਂ ਸਵੱਛਤਾ ਬਣਾਈ ਰੱਖਣ ਸਮੇਤ ਆਪਣੇ ਕਾਰੀਗਰਾਂ ਤੇ ਹੋਰ ਕਰਮਚਾਰੀਆਂ ਦੇ ਸਰੀਰ ਦਾ ਤਾਪਮਾਨ ਮਾਪਣਾ ਅਤੇ ਇਸ ਦਾ ਰਿਕਾਰਡ ਰੱਖਣਾ ਯਕੀਨੀ ਹੋਵੇਗਾ। ਆਪਣੀਆਂ ਦੁਕਾਨਾਂ, ਦਰਵਾਜਿਆਂ ਦੇ ਹੈਂਡਲਾਂ, ਕੰਮ ਦੀਆਂ ਥਾਵਾਂ ਆਦਿ ਨੂੰ ਡਿਸ-ਇਨਫੈਕਟ ਕਰਨਾ, ਕਰਮਚਾਰੀਆਂ ਲਈ ਫੇਸ ਮਾਸਕ, ਸਮਾਜਿਕ ਦੂਰੀ, ਸੈਨੇਟਾਈਜੇਸ਼ਨ, ਵਾਰ-ਵਾਰ ਹੱਥ ਧੋਣ ਸਮੇਤ ਕੋਵਿਡ-19 ਪ੍ਰੋਟੋਕਾਲ ਦੀ ਪਾਲਣਾ ਕਰਨੀ ਯਕੀਨੀ ਹੋਵੇਗੀ।

ਇਹ ਵੀ ਪੜ੍ਹੋ: ਟੁੱਟੀ ਪਾਸ਼ ਤੇ ਦਾਸ ਦੀ ਜੋੜੀ, ਪੰਜ ਦਹਾਕੇ ਪ੍ਰਕਾਸ਼ ਸਿੰਘ ਬਾਦਲ ਦੇ ਸਾਰਥੀ ਰਹੇ ਗੁਰਦਾਸ ਬਾਦਲ

ਇਸ ਤੋਂ ਬਿਨਾਂ ਖਾਣ-ਪੀਣ ਦੀਆਂ ਵਸਤਾਂ ਦੀ ਹੋਮ ਡਲਿਵਰੀ ਦੌਰਾਨ ਭੋਜਨ ਸਵੱਛਤਾ ਨਾਲ ਪੈਕ ਹੋਵੇ, ਜਿਸ ਸਾਧਨ ਰਾਹੀਂ ਡਲਿਵਰੀ ਹੋਣੀ ਹੈ, ਉਹ ਬਿਲਕੁਲ ਸਾਫ਼-ਸੁਥਰਾ ਹੋਵੇ, ਅਜਿਹੇ ਭੋਜਨ ਪਦਾਰਥਾਂ ਅਤੇ ਕਰਮਚਾਰੀਆਂ ਦੀ ਹੋਰ ਵਸਤਾਂ ਜਾਂ ਥਾਵਾਂ ਨਾਲ ਛੋਹ ਬਿਲਕੁਲ ਨਾ ਹੋਵੇ ਅਤੇ ਕਰਮਚਾਰੀ ਫੇਸ ਮਾਸਕ ਅਤੇ ਦਸਤਾਨਿਆਂ ਦੀ ਵਰਤੋਂ ਵੀ ਕਰਨਗੇ।
ਜ਼ਿਲਾ ਮੈਜਿਸਟਰੇਟ ਨੇ ਕੁਝ ਹੋਰ ਸੇਵਾਵਾਂ ਅਤੇ ਵਸਤਾਂ ਨੂੰ ਵੀ ਜ਼ਰੂਰੀ ਵਸਤਾਂ ਦੀ ਸੂਚੀ ਵਿਚ ਸ਼ਾਮਲ ਕੀਤਾ ਸੀ, ਜਿਸ 'ਚ ਕਿਤਾਬਾਂ ਅਤੇ ਸਟੇਸ਼ਨਰੀ ਦੀਆਂ ਦੁਕਾਨਾਂ, ਪੱਖੇ, ਕੂਲਰ, ਏ. ਸੀ. ਮੁਰੰਮਤ, ਵਾਹਨ ਮੁਰੰਮਤ ਤੇ ਸਪੇਅਰ ਪਾਰਟਸ, ਇਲੈਕਟ੍ਰੀਕਲ ਸਰਵਿਸ, ਇਲੈਕਟ੍ਰੀਕਲ ਅਤੇ ਸੈਨੇਟਰੀ ਵਸਤਾਂ ਦੀ ਸਪਲਾਈ, ਉਸਾਰੀ ਕਾਰਜਾਂ ਵਾਲੀਆਂ ਵਸਤਾਂ, ਸੀਮੇਂਟ, ਇੱਟਾਂ, ਰੇਤਾ, ਪਲਾਈਵੁੱਡ, ਲੱਕੜ ਤੇ ਸ਼ੀਸ਼ਾ ਆਦਿ ਤੋਂ ਇਲਾਵਾ ਆਈ. ਟੀ. ਰਿਪੇਅਰ, ਇਨਵਰਟਰ ਸਪਲਾਈ, ਪਲੰਬਰ ਸੇਵਾਵਾਂ, ਕਾਰਪੇਂਟਰ ਅਤੇ ਹਾਰਡਵੇਅਰ ਤੇ ਪੇਂਟ ਦੀ ਸਪਲਾਈ ਸ਼ਾਮਲ ਸਨ। ਇਨ੍ਹਾਂ ਦੁਕਾਨਾਂ ਨੂੰ ਖੋਲ੍ਹਣ ਦੇ ਹੁਕਮਾਂ ਦੇ ਨਾਲ-ਨਾਲ ਜ਼ਿਲਾ ਮੈਜਿਸਟਰੇਟ ਨੇ ਬਾਜ਼ਾਰਾਂ ਅੰਦਰ ਏਅਰ ਕੰਡੀਸ਼ਨਰ, ਕੂਲਰ ਅਤੇ ਪੱਖੇ ਆਦਿ ਵੇਚਣ ਦੀਆਂ ਦੁਕਾਨਾਂ ਵੀ ਖੋਲ੍ਹਣ ਦੀ ਇਜਾਜ਼ਤ ਦਿੱਤੀ ਹੈ।


author

Shyna

Content Editor

Related News