ਕੈਪਟਨ ਪਰਿਵਾਰ ਹੱਥੋਂ ਖੁੰਝੀ ਪਟਿਆਲਾ ਸੀਟ, ਡਾ. ਧਰਮਵੀਰ ਗਾਂਧੀ ਨੇ ਮੁੜ ਹਾਸਲ ਕੀਤੀ ਵੱਡੀ ਜਿੱਤ
Tuesday, Jun 04, 2024 - 07:45 PM (IST)
ਪਟਿਆਲਾ : ਲੋਕ ਸਭਾ ਸੀਟ ਪਟਿਆਲਾ ਕੈਪਟਨ ਅਮਰਿੰਦਰ ਸਿੰਘ ਦੇ ਹੱਥੋਂ ਨਿਕਲ ਗਈ ਹੈ। ਇਥੇ ਕਾਂਗਰਸ ਦੇ ਡਾ. ਧਰਮਵੀਰ ਗਾਂਧੀ ਨੇ ਵੱਡੀ ਜਿੱਤ ਹਾਸਲ ਕੀਤੀ ਹੈ। ਆਲਮ ਇਹ ਹੈ ਕਿ ਇਸ ਸੀਟ 'ਤੇ 1999, 2004, 2009 ਅਤੇ 2019 ਵਿਚ ਇਸ ਸੀਟ 'ਤੇ ਜਿੱਤ ਹਾਸਲ ਕਰਨ ਲਈ ਪਰਨੀਤ ਕੌਰ ਤੀਜੇ ਨੰਬਰ 'ਤੇ ਆ ਗਏ ਹਨ ਜਦਕਿ ਆਮ ਆਦਮੀ ਪਾਰਟੀ ਦੇ ਡਾ. ਬਲਬੀਰ ਸਿੰਘ ਦੂਜੇ ਨੰਬਰ 'ਤੇ ਰਹੇ ਹਨ। ਕਾਂਗਰਸ ਦੇ ਡਾ. ਧਰਮਵੀਰ ਗਾਂਧੀ ਨੂੰ 305616 ਵੋਟਾਂ, ਆਮ ਆਦਮੀ ਪਾਰਟੀ ਦੇ ਡਾਕਟਰ ਬਲਬੀਰ ਸਿੰਘ 290785, ਭਾਜਪਾ ਦੀ ਪਰਨੀਤ ਕੌਰ ਨੂੰ 288998 ਹਾਸਲ ਹੋਈਆਂ ਹਨ। ਇਸ ਤੋਂ ਇਲਾਵਾ ਅਕਾਲੀ ਦਲ ਦੇ ਐੱਨ. ਕੇ. ਸ਼ਰਮਾ 153978 ਨਾਲ ਚੌਥੇ ਨੰਬਰ ਰਹੇ ਹਨ ਜਦਕਿ ਅਕਾਲੀ ਦਲ ਅੰਮ੍ਰਿਤਸਰ ਦੇ ਮੋਹਿੰਦਰ ਪਾਲ ਸਿੰਘ 47274 ਵੋਟਾਂ ਨਾਲ ਪੰਜਵੇਂ ਨੰਬਰ 'ਤੇ ਰਹੇ ਹਨ। ਡਾ. ਧਰਮਵੀਰ ਗਾਂਧੀ ਨੇ 14831 ਦੇ ਮਾਰਜਨ ਨਾਲ ਇਸ ਸੀਟ 'ਤੇ ਜਿੱਤ ਹਾਸਲ ਕੀਤੀ ਹੈ।
ਇਹ ਵੀ ਪੜ੍ਹੋ : ਪੰਜਾਬ ਭਰ ਵਿਚ ਇਸ ਦਿਨ ਸਰਕਾਰੀ ਛੁੱਟੀ ਦਾ ਐਲਾਨ
ਕੀ ਹੈ ਪਟਿਆਲਾ ਸੀਟ ਦਾ ਇਤੇਹਾਸਲ
ਜੇਕਰ ਪਟਿਆਲਾ ਲੋਕ ਸਭਾ ਦੇ ਹੁਣ ਤੱਕ ਦੇ ਇਤਿਹਾਸ 'ਤੇ ਝਾਤ ਮਾਰੀਏ ਤਾਂ 1971 ਤੋਂ 2019 ਤੱਕ 13 ਵਾਰ ਹੋਈਆਂ ਚੋਣਾਂ 'ਚ ਕਾਂਗਰਸ ਨੇ ਸਭ ਤੋਂ ਵੱਧ 7 ਵਾਰ ਚੋਣ ਜਿੱਤੀ ਹੈ, ਜਦਕਿ ਸ਼੍ਰੋਮਣੀ ਅਕਾਲੀ ਦਲ ਨੇ 4 ਵਾਰ ਇਹ ਸੀਟ ਜਿੱਤੀ। ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਨੇ ਇਕ ਵਾਰ ਅਤੇ ਇਕ ਵਾਰ ਆਜ਼ਾਦ ਉਮੀਦਵਾਰ ਚੋਣ ਜਿੱਤਣ 'ਚ ਸਫ਼ਲ ਰਿਹਾ ਹੈ। 1971 'ਚ ਹੋਈ ਚੋਣ ਦੌਰਾਨ ਕਾਂਗਰਸੀ ਉਮੀਦਵਾਰ ਸਤਪਾਲ ਕਪੂਰ ਨੇ ਪਟਿਆਲਾ ਸੀਟ ਜਿੱਤੀ ਸੀ, ਜਿਨ੍ਹਾਂ ਨੂੰ ਕੁੱਲ 47.87 ਫ਼ੀਸਦੀ ਵੋਟਾਂ ਹਾਸਲ ਹੋਈਆਂ ਸਨ। ਸਾਲ 1977 'ਚ ਸੀਨੀਅਰ ਅਕਾਲੀ ਆਗੂ ਅਤੇ ਪੰਥ ਰਤਨ ਗੁਰਚਰਨ ਸਿੰਘ ਟੌਹੜਾ ਨੇ ਪਹਿਲੀ ਵਾਰ ਪਟਿਆਲਾ ਸੀਟ ਜਿੱਤ ਕੇ ਅਕਾਲੀ ਦਲ ਦਾ ਝੰਡਾ ਬੁਲੰਦ ਕੀਤਾ ਸੀ। 1980 'ਚ ਇਥੋਂ ਕੈਪਟਨ ਅਰਮਿੰਦਰ ਸਿੰਘ ਨੇ ਕਾਂਗਰਸ ਦੀ ਟਿਕਟ ’ਤੇ ਚੋਣ ਜਿੱਤੀ, ਜਿਸ ਦੌਰਾਨ ਉਨ੍ਹਾਂ ਨੂੰ 56 ਫ਼ੀਸਦੀ ਤੋਂ ਵੱਧ ਵੋਟਾਂ ਹਾਸਲ ਹੋਈਆਂ ਸਨ।
ਸਾਲ 1985 'ਚ ਹੋਈਆਂ ਚੋਣਾਂ ਵਿਚ ਵੀ ਅਕਾਲੀ ਦਲ ਦੇ ਉਮੀਦਵਾਰ ਚਰਨਜੀਤ ਸਿੰਘ ਜੇਤੂ ਰਹੇ। 1992 'ਚ ਕਾਂਗਰਸ ਦੇ ਉਮੀਦਵਾਰ ਸੰਤ ਰਾਮ ਸਿੰਗਲਾ ਪਟਿਆਲਾ ਤੋਂ ਲੋਕ ਸਭਾ ਮੈਂਬਰ ਬਣੇ। ਫਿਰ 1996 ਅਤੇ 1998 'ਚ ਪਟਿਆਲਾ ਤੋਂ ਅਕਾਲੀ ਦਲ ਦੇ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਜਿੱਤ ਹਾਸਲ ਕੀਤੀ ਸੀ। ਇਸ ਤੋਂ ਬਾਅਦ 1999, 2004 ਅਤੇ 2009 ਦੌਰਾਨ ਕਾਂਗਰਸ ਵਿਚ ਰਹੇ ਪ੍ਰਨੀਤ ਕੌਰ ਲਗਾਤਾਰ ਇਸ ਸੀਟ 'ਤੇ ਜਿੱਤ ਪ੍ਰਾਪਤ ਕਰਦੇ ਰਹੇ। ਪਰਨੀਤ ਕੌਰ ਨੇ ਲਗਾਤਾਰ ਤਿੰਨ ਵਾਰ ਸੀਟ ਜਿੱਤੇ ਪਰ 2014 'ਚ ਆਮ ਆਦਮੀ ਪਾਰਟੀ 'ਚ ਰਹੇ ਡਾ. ਧਰਮਵੀਰ ਗਾਂਧੀ ਨੇ ਜਿੱਤ ਹਾਸਲ ਕਰਕੇ ਇਸ ਰੁਝਾਨ ਨੂੰ ਠੱਲ੍ਹ ਪਾਈ ਸੀ। ਡਾ. ਗਾਂਧੀ ਨੇ ਪਰਨੀਤ ਕੌਰ ਨੂੰ 20 ਹਜ਼ਾਰ 942 ਵੋਟਾਂ ਨਾਲ ਹਰਾਇਆ। ਹਾਲਾਂਕਿ 2019 ਲੋਕ ਸਭਾ ਚੋਣਾਂ 'ਚ ਪਰਨੀਤ ਕੌਰ ਮੁੜ ਲੋਕ ਸਭਾ ਮੈਂਬਰ ਚੁਣੇ ਗਏ।