ਪਟਿਆਲਾ ਰੈਲੀ ਦੀਆਂ ਤਿਆਰੀਆਂ ''ਚ ਅੜਿੱਕੇ ਪਾ ਰਹੀ ਸਰਕਾਰ: ਢੀਂਡਸਾ
Saturday, Sep 29, 2018 - 12:05 PM (IST)

ਚੰਡੀਗੜ੍ਹ/ਪਟਿਆਲਾ, (ਅਸ਼ਵਨੀ)—ਸ਼੍ਰੋਮਣੀ ਅਕਾਲੀ ਦਲ ਨੇ ਕਿਹਾ ਹੈ ਕਿ ਪਾਰਟੀ ਦੀ 7 ਅਕਤੂਬਰ ਨੂੰ ਪਟਿਆਲਾ ਵਿਖੇ ਕੀਤੀ ਜਾਣ ਵਾਲੀ 'ਜਬਰ ਵਿਰੋਧੀ ਰੈਲੀ' ਨੇ ਕਾਂਗਰਸ ਸਰਕਾਰ ਨੂੰ ਤਾਪ ਚੜ੍ਹਾ ਦਿੱਤਾ ਹੈ, ਜਿਸ ਕਰਕੇ ਸਰਕਾਰ ਨੇ ਜ਼ਿਲਾ ਪ੍ਰਸ਼ਾਸਨ ਦੇ ਜ਼ਰੀਏ ਰੈਲੀ ਦੀਆਂ ਤਿਆਰੀਆਂ ਵਿਚ ਅੜਿੱਕੇ ਪਾਉਣ ਲਈ ਪੂਰਾ ਜ਼ੋਰ ਲਾ ਦਿੱਤਾ ਹੈ।
ਇੱਥੇ ਇਕ ਪ੍ਰੈੱਸ ਬਿਆਨ ਜਾਰੀ ਕਰਦਿਆਂ ਪਾਰਟੀ ਦੇ ਸਕੱਤਰ ਜਨਰਲ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਰੈਲੀ ਦੀ ਜਗਾ ਵਾਸਤੇ ਆਗਿਆ ਦੇਣ ਵਿਚ ਕੀਤੀ ਜਾ ਰਹੀ ਟਾਲ ਮਟੋਲ ਤੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਦੀ ਘਬਰਾਹਟ ਅਤੇ ਚਿੰਤਾ ਸਾਫ ਝਲਕਦੀ ਸੀ। ਕੈਪਟਨ ਆਪਣੇ ਜੱਦੀ ਜ਼ਿਲੇ ਵਿਚ ਵੀ ਤੇਜ਼ੀ ਨਾਲ ਲੋਕਾਂ ਦਾ ਵਿਸ਼ਵਾਸ ਗੁਆ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਰੈਲੀ ਦੀ ਕਾਮਯਾਬੀ ਕੈਪਟਨ ਦੇ ਸਿਆਸੀ ਕਰੀਅਰ ਲਈ ਮੌਤ ਦੀ ਘੰਟੀ ਸਾਬਿਤ ਹੋਵੇਗੀ।
ਢੀਂਡਸਾ ਨੇ ਕਿਹਾ ਕਿ ਜ਼ਿਲਾ ਪ੍ਰਸ਼ਾਸਨ ਨੇ ਰੈਲੀ ਲਈ ਪ੍ਰਸਤਾਵਿਤ ਤਿੰਨੇ ਥਾਵਾਂ-ਪੋਲੋ ਗਰਾਊਂਡ, ਸ਼ਹਿਰ ਦੀ ਦਾਣਾ ਮੰਡੀ ਅਤੇ ਏਵੀਏਸ਼ਨ ਕਲੱਬ ਦੇ ਪਿਛਲੇ ਹਿੱਸੇ ਵਿਚ ਰੈਲੀ ਕਰਨ ਦੀ ਆਗਿਆ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਇਹ ਉਹ ਸਾਰੀਆਂ ਥਾਵਾਂ ਹਨ, ਜਿੱਥੇ ਪਿਛਲੇ ਸਮੇਂ ਵਿਚ ਰੈਲੀਆਂ ਹੁੰਦੀਆਂ ਆਈਆਂ ਹਨ। ਉਨ੍ਹਾਂ ਕਿਹਾ ਕਿ ਅਖੀਰ ਵਿਚ ਜਦੋਂ ਇਹ ਜਾਪਣ ਲੱਗਿਆ ਕਿ ਪ੍ਰਸ਼ਾਸਨ ਦੀ ਧੱਕੇਸ਼ਾਹੀ ਖ਼ਿਲਾਫ ਅਕਾਲੀ ਦਲ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਪਹੁੰਚ ਕਰੇਗਾ ਤਾਂ ਸ਼ਹਿਰ ਤੋਂ 10 ਕਿਲੋਮੀਟਰ ਦੂਰ ਮਹਿਮਦਪੁਰ ਦੀ ਦਾਣਾ ਮੰਡੀ ਵਿਚ ਰੈਲੀ ਕਰਨ ਦੀ ਆਗਿਆ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਕਿੰਨੀ ਅਜੀਬ ਗੱਲ ਹੈ ਕਿ ਪਟਿਆਲਾ ਦੀ ਦਾਣਾ ਮੰਡੀ ਵਿਚ ਰੈਲੀ ਕਰਨ ਦੀ ਆਗਿਆ ਨਾ ਦੇਣ ਲਈ ਇਹ ਬਹਾਨਾ ਘੜਿਆ ਗਿਆ ਕਿ ਇਕ ਅਕਤੂਬਰ ਤੋਂ ਝੋਨੇ ਦੀ ਖਰੀਦ ਸ਼ੁਰੂ ਹੋ ਜਾਵੇਗੀ, ਜਦਕਿ ਕਾਂਗਰਸ ਖੁਦ ਉਸੇ ਦਿਨ ਆਪਣੀ ਰੈਲੀ ਲੰਬੀ ਹਲਕੇ ਵਿਚ ਪੈਂਦੇ ਪਿੰਡ ਕਿੱਲਿਆਂਵਾਲੀ ਦੀ ਅਨਾਜ ਮੰਡੀ ਵਿਚ ਕਰ ਰਹੀ ਹੈ।