ਪੁਲਸ ਵਲੋਂ ਕੇ.ਐੱਲ.ਐੱਫ.ਦੇ ਅੱਤਵਾਦੀ ਮਡਿਊਲ ਦਾ ਪਰਦਾਫਾਸ਼, ਜਾਂਚ ''ਚ ਸਾਹਮਣੇ ਆਈਆਂ ਇਹ ਗੱਲਾਂ

07/01/2020 6:07:33 PM

ਪਟਿਆਲਾ (ਬਲਜਿੰਦਰ): ਪੰਜਾਬ ਪੁਲਸ ਨੇ ਖ਼ਾਲਿਸਤਾਨ ਲਿਬਰੇਸ਼ਨ ਫਰੰਟ (ਕੇ. ਐੱਲ. ਐੱਫ.) ਦੇ 3 ਮੈਂਬਰਾਂ ਨੂੰ ਗ੍ਰਿਫਤਾਰ ਕਰਨ ਦਾ ਦਾਆਵਾ ਕੀਤਾ ਹੈ। ਜਿਹੜੇ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਉਨ੍ਹਾਂ ਵਿਚ ਸੁਖਚੈਨ ਸਿੰਘ ਵਾਸੀ ਪਿੰਡ ਸੇਹਰਾ ਪੁਲਸ ਥਾਣਾ ਗੰਡਾ ਖੇੜੀ ਜ਼ਿਲ੍ਹਾ ਪਟਿਆਲਾ, ਅੰਮ੍ਰਿਤਪਾਲ ਸਿੰਘ ਵਾਸੀ ਪਿੰਡ ਅਚਾਨਕ ਪੁਲਸ ਥਾਣਾ ਬੋਹਾ ਜ਼ਿਲਾ ਮਾਨਸਾ ਅਤੇ ਜਸਪ੍ਰੀਤ ਸਿੰਘ ਵਾਸੀ ਬੋਰੇਵਾਲ ਸੋਹਣ ਥਾਣਾ ਮਜੀਠਾ ਸ਼ਾਮਲ ਹਨ।

ਇਹ ਵੀ ਪੜ੍ਹੋ: ਕੀ 2022 'ਚ 'ਨਸ਼ਾ' ਮੁੜ ਬਣੇਗਾ ਸੱਤਾ 'ਤੇ ਕਾਬਜ਼ ਹੋਣ ਦਾ ਮੁੱਖ ਮੁੱਦਾ ਜਾਂ ਫਿਰ.....?

ਇਸ ਦੀ ਪੁਸ਼ਟੀ ਕਰਦਿਆਂ ਡੀ. ਜੀ. ਪੀ. ਪੰਜਾਬ ਦਿਨਕਰ ਗੁਪਤਾ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਤੋਂ 32 ਬੋਰ ਪਿਸਤੌਲ ਅਤੇ 7 ਕਾਰਤੂਸ ਬਰਾਮਦ ਕੀਤੇ ਗਏ। ਉਨ੍ਹਾਂ ਦੱਸਿਆ ਕਿ ਉਕਤ ਵਿਅਕਤੀਆਂ ਦੀ ਗ੍ਰਿਫਤਾਰੀ ਦੇ ਨਾਲ ਪੰਜਾਬ ਪੁਲਸ ਨੇ ਸਮਾਜ-ਧਾਰਮਿਕ ਆਗੂਆਂ ਨੂੰ ਨਿਸ਼ਾਨਾ ਬਣਾਉਣ ਅਤੇ ਸੂਬੇ ਦੀ ਫ਼ਿਰਕੂ ਸਦਭਾਵਨਾ ਨੂੰ ਭੰਗ ਕਰਨ ਦੀ ਪਾਕਿਸਤਾਨ ਤੋਂ ਸਮਰਥਨ ਪ੍ਰਾਪਤ ਅੱਤਵਾਦੀਆਂ ਦੀ ਇਕ ਵੱਡੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਅੱਤਵਾਦੀ ਮਡਿਊਲ, ਜਿਸ ਦਾ ਐਤਵਾਰ ਨੂੰ ਪਰਦਾਫਾਸ਼ ਕੀਤਾ ਗਿਆ ਸੀ, ਪਾਕਿਸਤਾਨ, ਸਾਊਦੀ ਅਰਬ ਅਤੇ ਯੂ. ਕੇ. ਅਧਾਰਤ ਖਾਲਿਸਤਾਨੀ ਪੱਖੀ ਅਨਸਰਾਂ ਦੇ ਇਸ਼ਾਰੇ 'ਤੇ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿਚ ਚੱਲ ਰਿਹਾ ਸੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦੇ ਇਕ ਹੋਰ ਸਾਥੀ ਲਵਪ੍ਰੀਤ ਸਿੰਘ ਵਾਸੀ ਕੈਥਲ ਨੂੰ ਹਾਲ ਹੀ ਵਿਚ ਦਿੱਲੀ ਪੁਲਸ ਨੇ ਕੇ. ਐੱਲ. ਐੱਫ. ਦੇ ਹੋਰ ਮੈਂਬਰਾਂ ਸਮੇਤ ਪਹਿਲਾਂ ਹੀ ਗ੍ਰਿਫਤਾਰ ਕਰ ਲਿਆ ਹੈ।

ਇਹ ਵੀ ਪੜ੍ਹੋ: ਹੁਣ ਕੋਰੋਨਾ ਮਰੀਜ਼ਾਂ ਨੂੰ ਘਰ 'ਚ ਇਲਾਜ ਕਰਾਉਣ ਦੀ ਹੋਵੇਗੀ ਇਜਾਜ਼ਤ: ਸਿਵਲ ਸਰਜਨ

ਡੀ. ਜੀ. ਪੀ. ਨੇ ਦੱਸਿਆ ਕਿ ਤਿੰਨੋਂ ਵਿਅਕਤੀ ਸੋਸ਼ਲ ਮੀਡੀਆ ਰਾਹੀਂ ਇਕ-ਦੂਜੇ ਦੇ ਸੰਪਰਕ ਵਿਚ ਆਏ ਸਨ। ਇਹ ਫਿਰ ਪਾਕਿਸਤਾਨ ਆਧਾਰਤ ਸੰਚਾਲਕਾਂ ਦੇ ਸੰਪਰਕ ਵਿਚ ਆਏ, ਜਿਨ੍ਹਾਂ ਨੇ ਉਕਤ ਵਿਅਕਤੀਆਂ ਨੂੰ ਸਮਾਜਿਕ-ਧਾਰਮਿਕ ਆਗੂਆਂ ਨੂੰ ਨਿਸ਼ਾਨਾ ਬਣਾਉਣ ਅਤੇ ਪੰਜਾਬ ਦੀ ਅਮਨ-ਸ਼ਾਂਤੀ ਅਤੇ ਕਾਨੂੰਨ ਵਿਵਸਥਾ ਨੂੰ ਭੰਗ ਕਰਨ ਲਈ ਭੜਕਾਇਆ। ਅੰਮ੍ਰਿਤਪਾਲ ਸਿੰਘ ਨੇ ਸੁਖਚੈਨ ਅਤੇ ਲਵਪ੍ਰੀਤ ਸਿੰਘ ਨੂੰ ਮਿਲਾਉਣ ਅਤੇ ਖਤਰਨਾਕ ਏਜੰਡੇ ਨੂੰ ਅੱਗੇ ਵਧਾਉਣ ਸਬੰਧੀ ਪ੍ਰੇਰਿਤ ਕਰਨ ਵਿਚ ਮੋਹਰੀ ਭੂਮਿਕਾ ਨਿਭਾਈ। ਮੁੱਢਲੀ ਪੜਤਾਲ ਤੋਂ ਪਤਾ ਲੱਗਦਾ ਹੈ ਕਿ ਇਨ੍ਹਾਂ ਵਿਅਕਤੀਆਂ ਦੇ ਪਾਕਿਸਤਾਨ ਆਧਾਰਤ ਸੰਚਾਲਕਾਂ ਨੇ ਇਨ੍ਹਾਂ ਨੂੰ ਭਵਿੱਖ ਦੀ ਕਾਰਵਾਈ ਯੋਜਨਾ ਉਲੀਕਣ ਲਈ ਪਾਕਿਸਤਾਨ ਆਉਣ ਦਾ ਸੱਦਾ ਵੀ ਦਿੱਤਾ ਸੀ। ਸਾਊਦੀ ਅਰਬ ਆਧਾਰਤ ਇਕ ਵਿਦੇਸ਼ੀ ਸੰਚਾਲਕ ਨੇ ਕਾਰਵਾਈਆਂ ਨੂੰ ਅੰਜ਼ਾਮ ਦੇਣ ਤੋਂ ਬਾਅਦ ਇਨ੍ਹਾਂ ਵਿਅਕਤੀਆਂ ਨੂੰ ਪਨਾਹ ਦੇਣ ਦਾ ਵਾਅਦਾ ਕੀਤਾ ਸੀ। ਡੀ. ਜੀ. ਪੀ. ਨੇ ਦੱਸਿਆ ਕਿ ਉਕਤ ਵਿਅਕਤੀਆਂ ਖਿਲਾਫ਼ ਥਾਣਾ ਸਦਰ ਸਮਾਣਾ ਵਿਖੇ ਮਾਮਲਾ ਦਰਜ ਕਰ ਕੇ ਅੱਗੇ ਜਾਂਚ ਕੀਤੀ ਜਾ ਰਹੀ ਹੈ। ਡੀ. ਜੀ. ਪੀ. ਦਿਨਕਰ ਗੁਪਤਾ ਨੇ ਕਿਹਾ ਕਿ ਇਸ ਕਾਰਵਾਈ ਦੇ ਨਾਲ ਪੰਜਾਬ ਪੁਲਸ ਨੇ ਇਸ ਸਾਲ ਦੇ ਪਹਿਲੇ ਛੇ ਮਹੀਨਿਆਂ ਵਿਚ ਹੀ 9 ਅੱਤਵਾਦੀ ਮਡਿਊਲਾਂ ਦਾ ਪਰਦਾਫਾਸ਼ ਕੀਤਾ ਹੈ।


Shyna

Content Editor

Related News