ਪਟਿਆਲਾ ਪੁਲਸ ਨੇ 10.35 ਲੱਖ ਦੀ ਲੁੱਟ ਦੀ ਘਟਨਾ 6 ਘੰਟਿਆਂ ''ਚ ਕੀਤੀ ਹੱਲ, 4 ਵਿਅਕਤੀ ਗ੍ਰਿਫ਼ਤਾਰ
Friday, Dec 10, 2021 - 10:21 AM (IST)
![ਪਟਿਆਲਾ ਪੁਲਸ ਨੇ 10.35 ਲੱਖ ਦੀ ਲੁੱਟ ਦੀ ਘਟਨਾ 6 ਘੰਟਿਆਂ ''ਚ ਕੀਤੀ ਹੱਲ, 4 ਵਿਅਕਤੀ ਗ੍ਰਿਫ਼ਤਾਰ](https://static.jagbani.com/multimedia/2021_12image_10_20_408860058patiala.jpg)
ਪਟਿਆਲਾ/ਪਾਤੜਾਂ (ਬਲਜਿੰਦਰ, ਚੋਪੜਾ) : ਪਟਿਆਲਾ ਪੁਲਸ ਨੇ ਪਾਤੜਾਂ ਖੇਤਰ ’ਚ 8 ਦਸੰਬਰ ਨੂੰ ਹੋਈ ਫਾਈਨਾਂਸ ਕੰਪਨੀ ਦੇ ਏਜੰਟ ਤੋਂ 10 ਲੱਖ 35 ਹਜ਼ਾਰ ਰੁਪਏ ਦੀ ਲੁੱਟ-ਖੋਹ ਦੀ ਘਟਨਾ ਨੂੰ ਕੁੱਝ ਘੰਟਿਆਂ ’ਚ ਹੱਲ ਕਰ ਲਿਆ ਗਿਆ ਹੈ। ਇਸ ਵਾਰਦਾਤ ’ਚ ਸ਼ਾਮਲ 4 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਪਾਸੋਂ ਖੋਹ ਕੀਤੀ ਰਕਮ ਬਰਾਮਦ ਕਰਨ ’ਚ ਕਾਮਯਾਬੀ ਹਾਸਲ ਕੀਤੀ ਗਈ ਹੈ। ਜਾਣਕਾਰੀ ਦਿੰਦਿਆਂ ਐੱਸ. ਐੱਸ. ਪੀ. ਹਰਚਰਨ ਸਿੰਘ ਭੁੱਲਰ ਨੇ ਦੱਸਿਆ ਕਿ ਮਹੀਪਾਲ ਸਿੰਘ ਯਾਦਵ ਨੇ ਕੰਟਰੋਲ ਰੂਮ ਪਟਿਆਲਾ ਵਿਖੇ 8 ਦਸੰਬਰ 2021 ਨੂੰ ਮੋਬਾਇਲ ਫ਼ੋਨ ’ਤੇ ਇਤਲਾਹ ਦਿੱਤੀ ਸੀ ਕਿ ਉਹ ਭਾਰਤ ਫਾਈਨਾਂਸ ਇੰਨਕਲੂਜਨ ਲਿਮਟਿਡ ਕੰਪਨੀ ਦਾ ਬਤੌਰ ਡਿਪਟੀ ਡਵੀਜ਼ਨਲ ਮੈਨੇਜਰ ਹੈ।
ਉਹ ਮੋਹਿਤ ਸਮੇਤ ਪਿੰਡ ਦਾਤਾ ਸਿੰਘ ਵਾਲਾ ਥਾਣਾ ਗੜ੍ਹੀ ਜ਼ਿਲ੍ਹਾ ਹਰਿਆਣਾ ਵਾਲੀ ਬ੍ਰਾਂਚ ’ਚੋਂ 10 ਲੱਖ 35 ਹਜ਼ਾਰ ਰੁਪਏ ਲੈ ਕੇ ਮੋਟਰਸਾਈਕਲ ’ਤੇ ਉਕਤ ਕੈਸ਼ ਜਮ੍ਹਾ ਕਰਵਾਉਣ ਲਈ ਐਕਸਿਸ ਬੈਂਕ ਸ਼ੇਰਗੜ੍ਹ ਜਾ ਰਹੇ ਸੀ। ਜਦੋਂ ਉਹ ਪਿੰਡ ਢਾਬੀਂ ਗੁੱਜਰਾਂ ਤੋਂ ਪਿੰਡ ਸ਼ੇਰਗੜ੍ਹ ਵੱਲ ਨੂੰ ਕਰੀਬ 200 ਗਜ਼ ਅੱਗੇ ਪੁੱਜੇ ਤਾਂ ਉਨ੍ਹਾਂ ਦੇ ਮੋਟਰਸਾਈਕਲ ਦੇ ਅੱਗੇ 2 ਮੋਨੇ ਨੌਜਵਾਨ, ਜੋ ਬਿਨ੍ਹਾਂ ਨੰਬਰ ਸਪਲੈਂਡਰ ਮੋਟਰਸਾਈਕਲ ’ਤੇ ਸਵਾਰ ਸਨ, ਜਿਨ੍ਹਾਂ ਨੇ ਆਪਣੇ ਮੂੰਹ ਬੰਨ੍ਹੇ ਹੋਏ ਸਨ, ਨੇ ਤਲਵਾਰ ਦੀ ਨੋਕ ’ਤੇ ਜੋ ਕੈਸ਼ ਬੈਗ ਮੋਹਿਤ ਦੇ ਮੋਢਿਆਂ ’ਤੇ ਟੰਗਿਆ ਹੋਇਆ ਸੀ, ਨੂੰ ਖੋਹ ਕੇ ਫ਼ਰਾਰ ਹੋ ਗਏ ਸਨ। ਇਤਲਾਹ ਮਿਲਣ ’ਤੇ ਤੁਰੰਤ ਏਰੀਆ ਅੰਦਰ ਨਾਕੇਬੰਦੀਆਂ ਲਗਾਈਆਂ ਗਈਆਂ ਅਤੇ ਮੌਕੇ ’ਤੇ ਉਪ ਕਪਤਾਨ ਪੁਲਸ ਪਾਤੜਾਂ ਨੂੰ ਸਮੇਤ ਪੁਲਸ ਫੋਰਸ ਭੇਜਿਆ ਗਿਆ।
ਭੁੱਲਰ ਨੇ ਅੱਗੇ ਦੱਸਿਆ ਕਿ ਮਹੀਪਾਲ ਸਿੰਘ ਯਾਦਵ ਦੇ ਬਿਆਨ ’ਤੇ ਮੁਕੱਦਮਾ ਥਾਣਾ ਪਾਤੜਾਂ ਵਿਖੇ ਦਰਜ ਕੀਤਾ ਗਿਆ। ਉਕਤ ਮਾਮਲੇ ਨੂੰ ਟਰੇਸ ਕਰਨ ਲਈ ਡੀ. ਐੱਸ. ਪੀ. ਪਾਤੜਾਂ ਰਛਪਾਲ ਸਿੰਘ ਦੀ ਨਿਗਰਾਨੀ ਹੇਠ ਇੰਸਪੈਕਟਰ ਬਿਕਰਮਜੀਤ ਸਿੰਘ ਮੁੱਖ ਅਫ਼ਸਰ ਥਾਣਾ ਪਾਤੜਾਂ, ਇੰਸਪੈਕਟਰ ਰਾਹੁਲ ਕੌਸ਼ਲ, ਇੰਚਾਰਜ ਸੀ. ਟੀ. ਵਿੰਗ ਪਟਿਆਲਾ ਅਤੇ ਐੱਸ. ਆਈ. ਸ਼ਮਸ਼ੇਰ ਸਿੰਘ ਮੁੱਖ ਅਫ਼ਸਰ ਥਾਣਾ ਸ਼ੁਤਰਾਣਾ ਦੀ ਅਗਵਾਈ ਹੇਠ ਟੀਮ ਦਾ ਗਠਨ ਕੀਤਾ ਗਿਆ ਸੀ। ਪੁਲਸ ਨੇ ਤੁਰੰਤ ਹਰਕਤ ’ਚ ਆ ਕੇ 6 ਘੰਟਿਆਂ ’ਚ ਹੀ ਘਟਨਾ ਲਈ ਜ਼ਿੰਮੇਵਾਰ 4 ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ। ਐੱਸ. ਐੱਸ. ਪੀ. ਨੇ ਦੱਸਿਆ ਕਿ ਵਾਰਦਾਤ ’ਚ ਸ਼ਾਮਲ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਪਾਸੋਂ ਖੋਹ ਕੀਤੀ ਰਕਮ, ਤਲਵਾਰ ਅਤੇ ਮੋਟਰਸਾਈਕਲ ਬਰਾਮਦ ਕਰਵਾਏ ਗਏ ਹਨ।