ਲੋਕ ਸਭਾ ਹਲਕਾ ਪਟਿਆਲਾ 'ਚ 1971 ਤੋਂ ਲੈ ਕੇ ਹੁਣ ਤੱਕ 7 ਵਾਰ ਜਿੱਤੀ ਕਾਂਗਰਸ, ਜਾਣੋ ਹੌਟ ਸੀਟ ਦਾ ਇਤਿਹਾਸ

05/26/2024 6:49:55 PM

ਜਲੰਧਰ/ਪਟਿਆਲਾ (ਵੈੱਬ ਡੈਸਕ)- ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਵਿਚ ਪਟਿਆਲਾ ਸ਼ਹਿਰ ਆਪਣਾ ਵਿਸ਼ੇਸ਼ ਮਹੱਤਵ ਰੱਖਦਾ ਹੈ। ਇਹ ਹਲਕਾ ਪੰਜਾਬ ਦੇ ਸਾਰੇ ਲੋਕ ਸਭਾ ਹਲਕਿਆਂ ਨਾਲੋਂ ਵੱਧ ਵੋਟਰਾਂ ਵਾਲਾ ਹਲਕਾ ਹੈ। ਇਸ ਵਾਰ ਪਟਿਆਲਾ ਹੌਟ ਸੀਟ ਵੀ ਬਣੀ ਹੋਈ ਹੈ, ਕਿਉਂਕਿ ਭਾਜਪਾ ਵੱਲੋਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਅਤੇ ਸੰਸਦ ਮੈਂਬਰ ਪ੍ਰਨੀਤ ਕੌਰ 'ਤੇ ਦਾਅ ਖੇਡਿਆ ਗਿਆ ਹੈ, ਜਦਕਿ ਆਮ ਆਦਮੀ ਪਾਰਟੀ ਵੱਲੋਂ ਕੈਬਨਿਟ ਮੰਤਰੀ ਡਾ. ਬਲਬੀਰ ਸਿੰਘ ਨੂੰ ਚੋਣ ਮੈਦਾਨ 'ਚ ਉਤਾਰਿਆ ਗਿਆ ਹੈ। 

ਸਭ ਤੋਂ ਵੱਧ ਵੋਟਰਾਂ ਵਾਲਾ ਹਲਕਾ
ਜੇਕਰ ਵੋਟਰਾਂ ਦੇ ਹਿਸਾਬ ਨਾਲ ਗੱਲ ਕੀਤੀ ਜਾਵੇ ਤਾਂ ਪਟਿਆਲਾ ਸਾਰੀਆਂ 13 ਲੋਕ ਸਭਾ ਸੀਟਾਂ 'ਚੋਂ ਵੱਡਾ ਹਲਕਾ ਹੈ। ਪਿਛਲੇ ਪੰਜ ਸਾਲਾਂ 'ਚ ਇਥੇ ਵੋਟਰਾਂ ਦੀ ਗਿਣਤੀ ਪੌਣੇ ਦੋ ਲੱਖ ਤੋਂ ਵੀ ਪਾਰ ਕਰ ਗਈ। ਸਾਲ 2019 ਦੀ ਲੋਕ ਸਭਾ ਚੋਣ ਦੌਰਾਨ ਇਥੇ 16 ਲੱਖ ਦੇ ਕਰੀਬ ਵੋਟਰ ਸਨ, ਜਦਕਿ ਹੁਣ ਇਥੇ ਵੋਟਰਾਂ ਦੀ ਗਿਣਤੀ 17 ਲੱਖ 83 ਹਜ਼ਾਰ 681 ਹੈ।

ਇਹ ਵੀ ਪੜ੍ਹੋ- ਪੰਜਾਬ ਪੁਲਸ ਵੱਲੋਂ ਨਸ਼ਾ ਤਸਕਰੀ ਦੇ ਮਾਡਿਊਲ ਦਾ ਪਰਦਾਫ਼ਾਸ਼, 7 ਮੁਲਜ਼ਮ ਗ੍ਰਿਫ਼ਤਾਰ, ਪਾਕਿ ਨਾਲ ਜੁੜੇ ਤਾਰ

ਇਨ੍ਹਾਂ ਉਮੀਦਵਾਰਾਂ ਵਿਚਕਾਰ ਹੋਵੇਗਾ ਜ਼ਬਰਦਸਤ ਮੁਕਾਬਲਾ
ਦੱਸ ਦੇਈਏ ਕਿ 2024 ਲੋਕ ਸਭਾ ਚੋਣਾਂ ਲਈ ਉਮੀਦਵਾਰਾਂ 'ਚ 'ਆਪ' ਨੇ ਕੈਬਨਿਟ ਮੰਤਰੀ ਕੈਬਨਿਟ ਮੰਤਰੀ ਡਾ. ਬਲਬੀਰ ਨੂੰ ਚੋਣ ਮੈਦਾਨ 'ਚ ਉਤਾਰਿਆ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਨੇ ਐੱਨ. ਕੇ. ਸ਼ਰਮਾ 'ਤੇ ਦਾਅ ਖੇਡਿਆ ਹੈ। ਉਥੇ ਹੀ ਕਾਂਗਰਸ ਵੱਲੋਂ ਡਾ. ਧਰਮਵੀਰ ਗਾਂਧੀ ਨੂੰ ਟਿਕਟ ਦਿੱਤੀ ਗਈ ਹੈ, ਜਦਕਿ ਭਾਜਪਾ ਵੱਲੋਂ ਪਰਨੀਤ ਕੌਰ ਨੂੰ ਇਥੋਂ ਚੋਣ ਮੈਦਾਨ ਵਿਚ ਉਤਾਰਿਆ ਗਿਆ ਹੈ। ਪਰਨੀਤ ਕੌਰ ਨੇ ਹਾਲ ਹੀ 'ਚ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਕੇ ਭਾਜਪਾ ਪਾਰਟੀ ਜੁਆਇਨ ਕੀਤੀ ਹੈ। ਇਸ ਤੋਂ ਇਲਾਵਾ ਬਸਪਾ ਨੇ ਜਗਜੀਤ ਸਿੰਘ ਛੜਬੜ ਨੂੰ ਟਿਕਟ ਦਿੱਤੀ ਹੈ। ਪਟਿਆਲਾ ਹੌਟ ਸੀਟ 'ਤੇ ਇਨ੍ਹਾਂ ਪੰਜ ਉਮੀਦਵਾਰਾਂ ਵਿਚਾਲੇ ਜ਼ਬਰਦਸਤ ਮੁਕਾਬਲਾ ਵੇਖਣ ਨੂੰ ਮਿਲੇਗਾ। 

1971 ਤੋਂ ਲੈ ਕੇ ਹੁਣ ਤੱਕ ਕਾਂਗਰਸ ਨੇ 7 ਵਾਰ ਜਿੱਤੀ ਪਟਿਆਲਾ ਸੀਟ
ਜੇਕਰ ਪਟਿਆਲਾ ਲੋਕ ਸਭਾ ਦੇ ਹੁਣ ਤੱਕ ਦੇ ਇਤਿਹਾਸ 'ਤੇ ਝਾਤ ਮਾਰੀਏ ਤਾਂ 1971 ਤੋਂ 2019 ਤੱਕ 13 ਵਾਰ ਹੋਈਆਂ ਚੋਣਾਂ 'ਚ ਕਾਂਗਰਸ ਨੇ ਸਭ ਤੋਂ ਵੱਧ 7 ਵਾਰ ਚੋਣ ਜਿੱਤੀ ਹੈ, ਜਦਕਿ ਸ਼੍ਰੋਮਣੀ ਅਕਾਲੀ ਦਲ ਨੇ 4 ਵਾਰ ਇਹ ਸੀਟ ਜਿੱਤੀ। ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਨੇ ਇਕ ਵਾਰ ਅਤੇ ਇਕ ਵਾਰ ਆਜ਼ਾਦ ਉਮੀਦਵਾਰ ਚੋਣ ਜਿੱਤਣ 'ਚ ਸਫ਼ਲ ਰਿਹਾ ਹੈ।

ਇਹ ਵੀ ਪੜ੍ਹੋ- ਪੰਜਾਬ ’ਚ ਆਪ੍ਰੇਸ਼ਨ ਬਲੂ ਸਟਾਰ ਨੂੰ ਲੈ ਕੇ ਰਾਹੁਲ ਗਾਂਧੀ ਮੁਆਫ਼ੀ ਕਿਉਂ ਨਹੀਂ ਮੰਗ ਰਹੇ : ਤਰੁਣ ਚੁੱਘ

1971 'ਚ ਹੋਈ ਚੋਣ ਦੌਰਾਨ ਕਾਂਗਰਸੀ ਉਮੀਦਵਾਰ ਸਤਪਾਲ ਕਪੂਰ ਨੇ ਪਟਿਆਲਾ ਸੀਟ ਜਿੱਤੀ ਸੀ, ਜਿਨ੍ਹਾਂ ਨੂੰ ਕੁੱਲ 47.87 ਫ਼ੀਸਦੀ ਵੋਟਾਂ ਹਾਸਲ ਹੋਈਆਂ ਸਨ।  ਸਾਲ 1977 'ਚ ਸੀਨੀਅਰ ਅਕਾਲੀ ਆਗੂ ਅਤੇ ਪੰਥ ਰਤਨ ਗੁਰਚਰਨ ਸਿੰਘ ਟੌਹੜਾ ਨੇ ਪਹਿਲੀ ਵਾਰ ਪਟਿਆਲਾ ਸੀਟ ਜਿੱਤ ਕੇ ਅਕਾਲੀ ਦਲ ਦਾ ਝੰਡਾ ਬੁਲੰਦ ਕੀਤਾ ਸੀ।  1980 'ਚ ਇਥੋਂ ਕੈਪਟਨ ਅਰਮਿੰਦਰ ਸਿੰਘ ਨੇ ਕਾਂਗਰਸ ਦੀ ਟਿਕਟ ’ਤੇ ਚੋਣ ਜਿੱਤੀ, ਜਿਸ ਦੌਰਾਨ ਉਨ੍ਹਾਂ ਨੂੰ 56 ਫ਼ੀਸਦੀ ਤੋਂ ਵੱਧ ਵੋਟਾਂ ਹਾਸਲ ਹੋਈਆਂ ਸਨ। ਸਾਲ 1985 'ਚ ਹੋਈਆਂ ਚੋਣਾਂ ਵਿਚ ਵੀ ਅਕਾਲੀ ਦਲ ਦੇ ਉਮੀਦਵਾਰ ਚਰਨਜੀਤ ਸਿੰਘ ਜੇਤੂ ਰਹੇ। 

1992 'ਚ ਕਾਂਗਰਸ ਦੇ ਉਮੀਦਵਾਰ ਸੰਤ ਰਾਮ ਸਿੰਗਲਾ ਪਟਿਆਲਾ ਤੋਂ ਲੋਕ ਸਭਾ ਮੈਂਬਰ ਬਣੇ। ਫਿਰ 1996 ਅਤੇ 1998 'ਚ ਪਟਿਆਲਾ ਤੋਂ ਅਕਾਲੀ ਦਲ ਦੇ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਜਿੱਤ ਹਾਸਲ ਕੀਤੀ ਸੀ। ਇਸ ਤੋਂ ਬਾਅਦ 1999, 2004 ਅਤੇ 2009 ਦੌਰਾਨ ਕਾਂਗਰਸ ਵਿਚ ਰਹੇ ਪ੍ਰਨੀਤ ਕੌਰ ਲਗਾਤਾਰ ਇਸ ਸੀਟ 'ਤੇ ਜਿੱਤ ਪ੍ਰਾਪਤ ਕਰਦੇ ਰਹੇ। ਪਰਨੀਤ ਕੌਰ ਨੇ ਲਗਾਤਾਰ ਤਿੰਨ ਵਾਰ ਸੀਟ ਜਿੱਤੇ ਪਰ 2014 'ਚ ਆਮ ਆਦਮੀ ਪਾਰਟੀ 'ਚ ਰਹੇ ਡਾ. ਧਰਮਵੀਰ ਗਾਂਧੀ ਨੇ ਜਿੱਤ ਹਾਸਲ ਕਰਕੇ ਇਸ ਰੁਝਾਨ ਨੂੰ ਠੱਲ੍ਹ ਪਾਈ ਸੀ। ਡਾ. ਗਾਂਧੀ ਨੇ ਪਰਨੀਤ ਕੌਰ ਨੂੰ 20 ਹਜ਼ਾਰ 942 ਵੋਟਾਂ ਨਾਲ ਹਰਾਇਆ। ਹਾਲਾਂਕਿ 2019 ਲੋਕ ਸਭਾ ਚੋਣਾਂ 'ਚ ਪਰਨੀਤ ਕੌਰ ਮੁੜ ਲੋਕ ਸਭਾ ਮੈਂਬਰ ਚੁਣੇ ਗਏ।

ਇਹ ਵੀ ਪੜ੍ਹੋ- ਫਤਿਹਗੜ੍ਹ ਸਾਹਿਬ 'ਚ ਪੁੱਜੇ ਪ੍ਰਿਯੰਕਾ ਗਾਂਧੀ ਨੇ ਪੰਜਾਬ ਵਾਸੀਆਂ ਨੂੰ ਦਿੱਤੀਆਂ ਵੱਡੀਆਂ ਗਾਰੰਟੀਆਂ

ਭਾਜਪਾ 32 ਸਾਲ ਬਾਅਦ ਇਕੱਲੇ ਲੜ ਰਹੀ ਚੋਣ 
ਪਟਿਆਲਾ ਲੋਕ ਸਭਾ ਚੋਣ ਭਾਜਪਾ ਲਈ ਇਤਿਹਾਸਕ ਹੋਵੇਗੀ ਕਿਉਂਕਿ ਉਸ ਨੇ 32 ਸਾਲ ਬਾਅਦ ਆਪਣਾ ਉਮੀਦਵਾਰ ਉਤਾਰਿਆ ਹੈ। ਇਸ ਤੋਂ ਪਹਿਲਾਂ 1992 ਵਿੱਚ ਭਾਜਪਾ ਨੇ ਦੀਵਾਨ ਚੰਦ ਸਿੰਗਲਾ ਨੂੰ ਆਪਣੇ ਦਮ 'ਤੇ ਚੋਣ ਲੜਾਈ ਸੀ ਪਰ ਉਹ ਤੀਜੇ ਸਥਾਨ 'ਤੇ ਰਹੇ ਸਨ। ਉਪਰੰਤ 1996 ਤੋਂ 2021 ਤੱਕ ਭਾਜਪਾ ਅਤੇ ਅਕਾਲੀ ਦਲ ਗਠਜੋੜ ਤਹਿਤ ਚੋਣਾਂ ਲੜਦੇ ਰਹੇ ਹਨ।

ਵੱਡੀ ਖ਼ਬਰ: ਪੰਜਾਬ 'ਚ ਇਸ ਦਿਨ ਰਹੇਗੀ ਸਰਕਾਰੀ ਛੁੱਟੀ, ਠੇਕੇ ਬੰਦ ਰੱਖਣ ਦਾ ਵੀ ਕੀਤਾ ਐਲਾਨ

ਇਹ ਹਲਕੇ ਆਉਂਦੇ ਨੇ ਪਟਿਆਲਾ ਲੋਕ ਸਭਾ ਸੀਟ ਦੇ ਅੰਦਰ 
ਪਟਿਆਲਾ ਲੋਕ ਸਭਾ ਹਲਕੇ ’ਚ ਪਟਿਆਲਾ ਸ਼ਹਿਰੀ, ਸਨੌਰ, ਘਨੌਰ, ਰਾਜਪੁਰਾ, ਸਮਾਣਾ, ਪਟਿਆਲਾ ਦਿਹਾਤੀ, ਸ਼ੁਤਰਾਣਾ ਅਤੇ ਨਾਭਾ ’ਤੇ ਆਧਾਰਿਤ ਅੱਠ ਹਲਕੇ ਪਟਿਆਲਾ ਜ਼ਿਲ੍ਹੇ ਦੇ ਅਧੀਨ ਆਉਂਦੇ ਹਨ, ਜਦਕਿ ਡੇਰਾਬੱਸੀ ਹਲਕਾ ਮੋਹਾਲੀ ਜ਼ਿਲ੍ਹੇ ਦਾ ਹਿੱਸਾ ਹੈ। ਡੇਰਾਬੱਸੀ ਹਲਕੇ 'ਚ ਸਭ ਤੋਂ ਵੱਧ 2,86,217 ਵੋਟਰ ਹਨ, ਜਦਕਿ ਸਨੌਰ ਦੂਜੇ ਨੰਬਰ ’ਤੇ ਆਉਂਦਾ ਹੈ ਜਿੱਥੇ 22,5,752 ਵੋਟਰ ਹਨ।


ਜਾਣੋ 1999 ਤੋਂ ਲੈ ਕੇ ਹੁਣ ਤੱਕ ਕਿਹੜੀ ਪਾਰਟੀ ਦੇ ਉਮੀਦਵਾਰ ਨੂੰ ਕਿੰਨੀਆਂ ਵੋਟਾਂ ਮਿਲੀਆਂ 

ਸਾਲ ਜੇਤੂ ਪਾਰਟੀ ਵੋਟਾਂ 
2019 ਪਰਨੀਤ ਕੌਰ ਕਾਂਗਰਸ   5,32,027 
2014  ਧਰਮਵੀਰ ਗਾਂਧੀ 'ਆਪ' 3,65,671 
2009 ਪਰਨੀਤ ਕੌਰ ਕਾਂਗਰਸ 4,74,188
2004 ਪਰਨੀਤ ਕੌਰ ਕਾਂਗਰਸ 4,09,917
1999 ਪਰਨੀਤ ਕੌਰ ਕਾਂਗਰਸ 3,60,125

ਇਹ ਵੀ ਪੜ੍ਹੋ- ਅਕਾਲੀ ਦਲ ਨੂੰ ਕੰਪਨੀ ਵਾਂਗ ਚਲਾਉਂਦੇ ਨੇ ਸੁਖਬੀਰ ਬਾਦਲ, ਚੰਨੀ ਰਹੇ ਫੇਲ੍ਹ ਮੁੱਖ ਮੰਤਰੀ : ਪਵਨ ਕੁਮਾਰ ਟੀਨੂੰ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


shivani attri

Content Editor

Related News