ਪਟਿਆਲਾ ਦੇ ਨਸ਼ਾ ਛੁਡਾਊ ਕੇਂਦਰ 'ਚੋਂ ਭੱਜੇ ਕਈ ਨੌਜਵਾਨ
Monday, Apr 01, 2019 - 04:15 PM (IST)
ਪਟਿਆਲਾ (ਬਲਜਿੰਦਰ)—ਪਟਿਆਲਾ ਦੇ ਸੰਕੇਤ ਨਸ਼ਾ ਛੁਡਾਊ ਕੇਂਦਰ 'ਚੋਂ ਨਸ਼ਾ ਛੁਡਾਉਣ ਲਈ ਦਾਖ਼ਲ ਹੋਏ ਕੁਝ ਨੌਜਵਾਨਾਂ ਦੇ ਫ਼ਰਾਰ ਹੋਣ ਦੀ ਖ਼ਬਰ ਮਿਲੀ ਹੈ। ਜਾਣਕਾਰੀ ਮੁਤਾਬਕ ਲੰਘੀ ਰਾਤ ਲਗਭਗ ਦੋ ਵਜੇ ਦੇ ਕਰੀਬ ਇਨ੍ਹਾਂ ਨੌਜਵਾਨਾਂ ਵਲੋਂ ਕੇਂਦਰ ਦੇ ਏ. ਸੀ. ਨੂੰ ਤੋੜ ਲਾਂਘਾ ਬਣਾਇਆ ਗਿਆ। ਇਸ ਮਗਰੋਂ ਇਸ ਰਾਹੀਂ ਉਹ ਕੇਂਦਰ ਦੀ ਚਾਰ ਦੀਵਾਰੀ ਟੱਪ ਕੇ ਫ਼ਰਾਰ ਹੋ ਗਏ। ਫਰਾਰ ਹੋਏ ਨੌਜਵਾਨਾਂ ਦੀ ਗਿਣਤੀ 10-12 ਦੱਸੀ ਜਾ ਰਹੀ ਹੈ। ਇਸ ਸਬੰਧੀ ਨਸ਼ਾ ਛੁਡਾਊ ਕੇਂਦਰ ਦੀ ਪ੍ਰਬੰਧਕ ਪਰਮਿੰਦਰ ਕੌਰ ਮਨਚੰਦਾ ਨੇ ਦੱਸਿਆ ਕਿ ਉਹ ਕਿਸੇ ਦਫ਼ਤਰੀ ਕੰਮ ਲਈ ਦਿੱਲੀ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਘਟਨਾ ਦੀ ਸੂਚਨਾ ਨੌਜਵਾਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਦੇ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਨੌਜਵਾਨਾਂ ਦੇ ਘਰ ਜਾਂ ਨਸ਼ਾ ਛੁਡਾਊ ਕੇਂਦਰ 'ਚ ਵਾਪਸ ਪਰਤਣ ਦੀ ਉਡੀਕ ਕੀਤੀ ਜਾ ਰਹੀ ਹੈ ਅਤੇ ਅੱਜ ਦੀ ਉਡੀਕ ਤੋਂ ਬਾਅਦ ਜੇਕਰ ਉਹ ਨਹੀਂ ਪਰਤਦੇ ਤਾਂ ਫਿਰ ਅਗਲੀ ਕਾਰਵਾਈ ਕੀਤੀ ਜਾਵੇਗੀ।